ਕਿਸੇ ਸਮੇਂ ਪੰਜਾਬ ਅੰਦਰ ਦੁੱਧ-ਘਿਉ ਦੀਆਂ ਨਦੀਆਂ ਵਗਦੀਆਂ ਸਨ। ਇਥੋਂ ਦੇ ਪਹਿਲਵਾਨਾਂ ਦੀ ਪੂਰੇ ਸੰਸਾਰ ਵਿਚ ਝੰਡੀ ਹੁੰਦੀ ਸੀ ਜਿਨ੍ਹਾਂ ਦੀ ਖ਼ੁਰਾਕ ਦਾ ਮੁੱਖ ਸਰੋਤ ਦੁੱਧ ਅਤੇ ਦੇਸੀ ਘਿਉ ਹੀ ਹੁੰਦਾ ਸੀ।ਪੰਜਾਬ ਦੇ ਨੌਜੁਆਨਾਂ ਦੀਆਂ ਚੌੜੀਆਂ ਛਾਤੀਆਂ ਭਰਵੇਂ ਜੁੱਸੇ ਅਤੇ ਸੋਹਣੇ ਨੈਣ-ਨਕਸ਼ਾਂ ਦੀਆਂ ਪੂਰੀ ਦੁਨੀਆਂ ਵਿਚ ਜਿਥੇ ਗੱਲਾਂ ਹੁੰਦੀਆਂ ਸਨ, ਉਥੇ ਇਸ ਦੇਸ਼ ਪੰਜਾਬ ਦੇ 70 ਸਾਲ ਦੇ ਬੁੱਢੇ ਵੀ ਮੁੰਗਲੀਆਂ ਫੇਰਨ ਵਿਚ ਨੌਜੁਆਨਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਸਨ। ਇਸ ਦੇ ਪਿੰਡਾਂ ਦੇ ਜ਼ਿਆਦਾਤਰ ਆਮ ਬੰਦੇ ਵੀ ਅੱਧਾ ਸੇਰ ਘਿਉ ਪੀ ਕੇ ਡਕਾਰ ਤਕ ਨਹੀਂ ਮਾਰਦੇ ਸਨ, ਜਿਸ ਕਾਰਨ ਭਾਰਤੀ ਫ਼ੌਜ ਅੰਦਰ ਪੰਜਾਬ ਦੇ ਜਵਾਨਾਂ ਦੀਆਂ ਧੁੰਮਾਂ ਪਈਆਂ ਰਹਿੰਦੀਆਂ ਸਨ। ਪਰ ਬੜੇ ਦੁੱਖ ਅਤੇ ਭਰੇ ਮਨ ਨਾਲ ਲਿਖਣਾ ਪੈ ਰਿਹਾ ਹੈ ਕਿ ਮੇਰੇ ਦੇਸ਼ ਪੰਜਾਬ ਅੰਦਰ ਅੱਜ ਅਜਿਹਾ ਕੁੱਝ ਵੇਖਣ ਨੂੰ ਘੱਟ ਹੀ ਮਿਲ ਰਿਹਾ ਹੈ। ਚਾਰ-ਚੁਫੇਰੇ ਬੇਈਮਾਨੀ ਅਤੇ ਮਿਲਾਵਟਖ਼ੋਰੀ ਕਾਰਨ ਅੱਜ ਪੰਜਾਬ ਅੰਦਰ ਦੁੱਧ ਅਤੇ ਘਿਉ ਨੂੰ ਖਾਣ-ਪੀਣ ਤੋਂ ਡਾਕਟਰ ਵਰਜ ਰਹੇ ਹਨ।ਇਸ ਦਾ ਮੁਢਲਾ ਕਾਰਨ ਆਬਾਦੀ ਦੇ ਲਗਾਤਾਰ ਵਾਧੇ ਕਰ ਕੇ ਕੁੱਝ ਪੈਸੇ ਦੇ ਪੁੱਤਰਾਂ ਨੇ ਸਾਡੀ ਇਸ ਕੁਦਰਤ ਦੀ ਦਿਤੀ ਹੋਈ ਅਨਮੋਲ ਨਿਆਮਤ, ਜਿਸ ਨੂੰ 'ਤੇਹਰਵਾਂ ਰਤਨ' ਵੀ ਕਿਹਾ ਜਾਂਦਾ ਹੈ, ਨੂੰ ਵਪਾਰ ਬਣਾ ਕੇ, ਅਪਣੀ ਜ਼ਮੀਰ ਪੈਸੇ ਖ਼ਾਤਰ ਵੇਚ ਕੇ ਅਸਲੀ ਦੁੱਧ ਅਤੇ ਦੇਸੀ ਘਿਉ ਦੀ ਥਾਂ ਮਿਲਾਵਟਖ਼ੋਰੀ ਅਤੇ ਰਸਾਇਣਾਂ ਰਾਹੀਂ ਨਕਲੀ ਦੁੱਧ ਅਤੇ ਘਿਉ ਤਿਆਰ ਕਰ ਕੇ ਵੇਚਣਾ ਸ਼ੁਰੂ ਕਰ ਦਿਤਾ ਹੈ। ਇਸ ਨੂੰ ਸਾਡੀਆਂ ਸਰਕਾਰਾਂ ਅਤੇ ਅਫ਼ਸਰਸ਼ਾਹੀ ਭਲੀ-ਭਾਂਤ ਜਾਣਦੇ ਹੋਏ ਵੀ ਅੱਖਾਂ ਮੀਟੀ ਬੈਠੇ ਹਨ। ਦੇਸੀ ਘਿਉ ਨੂੰ ਜਣੇਪੇ ਮਗਰੋਂ ਔਰਤ ਨੂੰ ਪੰਜੀਰੀ ਦੇ ਰੂਪ ਵਿਚ ਖਾਣ ਲਈ ਅਤੇ ਦੁੱਧ ਦਿਨ ਵਿਚ ਤਿੰਨ ਵਾਰ ਪੀਣ ਲਈ ਚੰਗੀ ਸਿਹਤਯਾਬੀ ਵਜੋਂ ਦਿਤਾ ਜਾਂਦਾ ਸੀ, ਜਿਸ ਕਾਰਨ ਬੱਚੇ ਨੂੰ ਮਾਂ ਦੇ ਦੁੱਧ ਦੀ ਘਾਟ ਨਹੀਂ ਰਹਿੰਦੀ ਸੀ ਅਤੇ ਬੱਚੇ ਦੇ ਵਧਣ-ਫੁੱਲਣ ਲਈ ਇਸ ਅਸਲੀ ਦੁੱਧ-ਘਿਉ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ ਅਤੇ ਹੈ ਵੀ।ਅੱਜ ਪੰਜਾਬ ਅੰਦਰ ਹਰ ਛੋਟੇ ਕਸਬੇ ਅਤੇ ਮੰਡੀ ਤੋਂ ਲੈ ਕੇ ਵੱਡੇ-ਸ਼ਹਿਰਾਂ ਤਕ ਹਰ ਥਾਂ ਰਸਾਇਣਾਂ ਰਾਹੀਂ ਨਕਲੀ ਦੁੱਧ ਅਤੇ ਦੇਸੀ ਘਿਉ ਧੜਾਧੜ ਸਿਹਤ ਵਿਭਾਗ ਦੇ ਨੱਕ ਹੇਠ ਵਿਕ ਰਿਹਾ ਹੈ। ਉਂਜ ਤਾਂ ਇਹ ਮਿਲਾਵਟਖ਼ੋਰੀ ਦਾ ਧੰਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਹੀ ਧੜੱਲੇ ਨਾਲ ਸਿਹਤ ਵਿਭਾਗ ਦੀਆਂ ਕੁੱਝ ਕਾਲੀਆਂ ਭੇਡਾਂ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ, ਪਰ ਬਠਿੰਡਾ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ 'ਚ ਤਾਂ ਮਿਲਾਵਟਖ਼ੋਰਾਂ ਨੇ ਅਪਣੇ ਪੱਕੇ ਅੱਡੇ ਬਣਾਏ ਹੋਏ ਹਨ, ਜਿਥੋਂ ਪੂਰੇ ਪੰਜਾਬ ਵਿਚ ਮਿਲਾਵਟਖ਼ੋਰੀ ਅਤੇ ਰਸਾਇਣਾਂ ਨਾਲ ਬਣਾਈ ਹੋਈ ਮਠਿਆਈ, ਦੁੱਧ, ਦੇਸੀ ਘਿਉ ਅਤੇ ਪਨੀਰ ਸਪਲਾਈ ਕੀਤਾ ਜਾਂਦਾ ਹੈ। ਸਿਹਤ ਵਿਭਾਗ ਵਲੋਂ ਅਪਣ ਅਕਸ ਠੀਕ ਕਰਨ ਲਈ, ਤਾਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਿਹਤ ਵਿਭਾਗ ਜਾਗਦਾ ਹੈ ਸੁੱਤਾ ਨਹੀਂ, ਕਾਫ਼ੀ ਥਾਈਂ ਛਾਪੇਮਾਰੀ ਕਰ ਕੇ ਨਕਲੀ ਦੁੱਧ-ਘਿਉ ਅਤੇ ਇਨ੍ਹਾਂ ਤੋਂ ਬਣਦੇ ਹੋਰ ਸਮਾਨ ਦੇ ਮਿਲਾਵਟਖ਼ੋਰਾਂ ਨੂੰ ਫੜਿਆ ਵੀ ਜਾਂਦਾ ਹੈ। ਪਰ ਮੈਂ ਕਦੇ ਕਿਸੇ ਅਖ਼ਬਾਰ ਜਾਂ ਟੀ.ਵੀ. ਚੈਨਲ ਉਤੇ ਅੱਜ ਤਕ ਇਹ ਖ਼ਬਰ ਪੜ੍ਹੀ ਜਾਂ ਸੁਣੀ ਨਹੀਂ ਕਿ ਫਲਾਣੇ ਮਿਲਾਵਟਖ਼ੋਰ ਨੂੰ ਸਿਹਤ ਵਿਭਾਗ ਨੇ ਏਨੀ ਤਰੀਕ ਨੂੰ ਫੜਿਆ ਸੀ ਅਤੇ ਅਦਾਲਤ ਨੇ ਅੱਜ ਉਸ ਨੂੰ ਸਜ਼ਾ ਦੇ ਦਿਤੀ ਹੈ, ਜਿਸ ਨੂੰ ਪੜ੍ਹ ਜਾਂ ਸੁਣ ਕੇ ਬਾਕੀ ਮਿਲਾਵਟਖ਼ੋਰ ਅੱਗੇ ਤੋਂ ਅਜਿਹਾ ਕਰਨ ਲਈ ਸੌ ਵਾਰ ਸੋਚਣਗੇ ਅਤੇ ਅਜਿਹੇ ਮਿਲਾਵਟਖ਼ੋਰੀ ਵਾਲੇ ਧੰਦੇ ਤੋਂ ਤੌਬਾ ਕਰਨਗੇ।ਮੈਂ ਤਾਂ ਬਲਕਿ ਇਥੋਂ ਤਕ ਵੇਖਿਆ ਹੈ ਕਿ ਕਿਸੇ ਸ਼ਹਿਰ ਵਿਚ ਇਕ ਦੁੱਧ-ਘਿਉ ਦੀ ਡੇਅਰੀ ਚਲਾਉਣ ਵਾਲੇ ਨੂੰ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਮਿਲਾਵਟਖ਼ੋਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਤੇ ਸੈਂਪਲ ਉਪਰ ਲੈਬ ਵਿਚ ਭੇਜੇ ਗਏ। ਮੈਂ ਸੋਚਿਆ ਕਿ ਇਸ ਬੰਦੇ ਨੂੰ ਹੁਣ ਲਾਜ਼ਮੀ ਸਜ਼ਾ ਹੋਵੇਗੀ ਅਤੇ ਇਸ ਦਾ ਬੇਈਮਾਨੀ ਵਾਲਾ ਕਾਰੋਬਾਰ ਵੀ ਖ਼ਤਮ ਹੋ ਜਾਵੇਗਾ, ਜਿਸ ਕਰ ਕੇ ਇਹ ਲੋਕਾਂ ਦੀ ਸਿਹਤ ਨਾਲ ਲਗਾਤਾਰ ਬੇਖ਼ੌਫ਼ ਖਿਲਵਾੜ ਕਰਦਾ ਸੀ। ਪਰ ਨਤੀਜੇ ਉਲਟ ਨਿਕਲੇ। ਉਸ ਆਦਮੀ ਨੇ ਪਤਾ ਨਹੀਂ ਕੀ ਤਿਗੜਮ ਲੜਾਇਆ ਕਿ ਮਿਲਾਵਟਖ਼ੋਰੀ ਵਾਲੇ ਕੇਸ ਵਿਚੋਂ ਸਾਫ਼ ਬਚ ਕੇ ਨਿਕਲ ਗਿਆ ਅਤੇ ਹੁਣ ਉਹ ਨਾ ਸਿਰਫ਼ ਪਹਿਲਾਂ ਨਾਲੋਂ ਵੀ ਕਈ ਗੁਣਾਂ ਵੱਡਾ ਦੁੱਧ ਦਾ ਕਾਰੋਬਾਰ ਕਰ ਰਿਹਾ ਹੈ ਬਲਕਿ ਆਲੀਸ਼ਾਨ ਕੋਠੀਆਂ ਦਾ ਮਾਲਕ ਵੀ ਹੈ। ਇਹ ਹੈ ਮੇਰੇ ਦੇਸ਼ ਦਾ ਕਾਨੂੰਨ ਅਤੇ ਇਥੋਂ ਦੇ ਅਫ਼ਸਰਾਂ ਦੀ ਜ਼ਮੀਰ। ਉਹ ਆਦਮੀ ਬੇਫ਼ਿਕਰੀ ਨਾਲ ਹੋਰ ਵੱਡਾ ਠੱਗ ਬਣ ਗਿਆ ਹੈ। ਇਹ ਤਾਂ ਕਹਾਣੀ ਇਕ ਸ਼ਹਿਰ ਦੇ ਇਕ ਛੋਟੇ ਬੇਈਮਾਨ ਠੱਗ ਦੀ ਹੈ। ਇਸ ਤਰ੍ਹਾਂ ਦੇ ਅਨੇਕਾਂ ਮਿਲਾਵਟਖ਼ੋਰ ਠੱਗਾਂ ਦੀ ਕਾਲੀ ਸੂਚੀ ਦੀ ਕਤਾਰ ਪੰਜਾਬ ਅੰਦਰ ਬਹੁਤ ਲੰਮੀ ਹੈ। ਇਥੇ ਮੈਂ ਇਕ ਹੋਰ ਗੱਲ ਕਹਿਣੀ ਚਾਹਾਂਗਾ ਕਿ ਸਿਹਤ ਵਿਭਾਗ ਦੀ ਜਿਹੜੀ ਟੀਮ ਕਿਸੇ ਵੀ ਥਾਂ ਛਾਪਾਮਾਰੀ ਕਰਨ ਜਾਂਦੀ ਹੈ, ਉਹ ਨਮੂਨੇ ਭਰ ਕੇ ਪ੍ਰਯੋਗਸ਼ਾਲਾ ਵਿਚ ਭੇਜਦੀ ਹੈ ਅਤੇ ਬਾਕੀ ਬਚੇ ਮਾਲ ਨੂੰ ਸੀਲ ਕਰ ਦੇਂਦੀ ਹੈ। ਜੇਕਰ ਉਸ ਟੀਮ ਕੋਲ ਉੱਚ ਮਿਆਰ ਦੀ ਜਾਂਚ ਪ੍ਰਯੋਗਸ਼ਾਲਾ ਕੋਲ ਹੀ ਹੋਵੇ ਤਾਂ ਅਜਿਹੇ ਮਿਲਾਵਟਖ਼ੋਰੀ ਦੇ ਕੇਸ ਨੂੰ ਤੁਰਤ ਹੀ ਨਬੇੜਿਆ ਜਾ ਸਕਦਾ ਹੈ ਅਤੇ ਦੋਸ਼ੀ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਕੇ ਛੇਤੀ ਸਜ਼ਾ ਦਿਤੀ ਜਾ ਸਕਦੀ ਹੈ, ਨਹੀਂ ਤਾਂ ਦੋਸ਼ੀ ਕਿਸੇ ਤਰੀਕੇ ਅਪਣੇ ਨਮੂਨੇ ਪਾਸ ਕਰਵਾ ਕੇ ਦੁੱਧ ਧੋਤਾ ਬਣਨ ਦੇ ਨਾਲ ਨਾਲ ਅੱਗੇ ਤੋਂ ਵੱਧ-ਚੜ੍ਹ ਕੇ ਬੁਲੰਦ ਹੌਸਲਿਆਂ ਨਾਲ ਮਿਲਾਵਟਖ਼ੋਰੀ ਕਰਨ ਲਈ ਸਕੀਮਾਂ ਘੜਨ ਲਗਦਾ ਹੈ।
ਸਿਹਤ ਵਿਭਾਗ ਵਿਚ ਅਫ਼ਸਰਾਂ ਦੀ ਭਰਤੀ ਮੌਕੇ ਆਦਮੀ ਦਾ ਬਕਾਇਦਾ ਪ੍ਰਵਾਰਕ ਪਿਛੋਕੜ ਖੰਘਾਲਿਆ ਜਾਵੇ ਅਤੇ ਸਿਹਤ ਵਿਭਾਗ ਦੀ ਭਰਤੀ ਮਾਣਯੋਗ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਦੀ ਬਣਾਈ ਹੋਈ ਟੀਮ ਕਰੇ ਤਾਕਿ ਸਿਹਤ ਵਿਭਾਗ ਵਿਚ ਵੱਧ ਤੋਂ ਵੱਧ ਇਮਾਨਦਾਰ ਪਿਛੋਕੜ ਵਾਲੇ ਅਫ਼ਸਰ ਭਰਤੀ ਕਰ ਕੇ ਇਸ ਮਿਲਾਵਟਖ਼ੋਰੀ ਵਾਲੇ ਧੰਦੇ ਨੂੰ ਜੜ੍ਹੋਂ ਉਖਾੜ ਕੇ ਸੁਟਿਆ ਜਾ ਸਕੇ।
'ਤੇਹਰਵੇਂ ਰਤਨ' (ਦੁੱਧ) ਦੇ ਨਾਂ ਤੇ ਮਿਲਾਵਟਖ਼ੋਰੀ ਕਰਨ ਵਾਲੇ ਦੋਸ਼ੀਆਂ ਨੂੰ ਬਚ ਕੇ ਨਿਕਲਣ ਦਾ ਇਕ ਹੋਰ ਵਧੀਆ ਤਰੀਕਾ ਇਹ ਵੀ ਮਿਲ ਜਾਂਦਾ ਹੈ ਕਿ ਸਾਡੇ ਦੇਸ਼ ਦੀ ਸੁਸਤ ਕਾਨੂੰਨੀ ਪ੍ਰਕਿਰਿਆ ਕਾਰਨ ਉਨ੍ਹਾਂ ਨੂੰ ਲੰਮਾ ਸਮਾਂ ਸਜ਼ਾਵਾਂ ਦੇਣ ਲਈ ਜਾਂ ਉਨ੍ਹਾਂ ਦੇ ਕੇਸ ਨਿਬੇੜਨ ਲਈ ਅਦਾਲਤਾਂ ਵਿਚ ਲੱਗ ਜਾਂਦਾ ਹੈ। ਦੋਸ਼ੀ ਕਿਸੇ ਬਹਾਨੇ ਗੰਢਤੁਪ ਕਰ ਕੇ ਬਚ ਨਿਕਲਦਾ ਹੈ। ਸਾਰਾ ਕੁੱਝ ਫ਼ਾਸਟ-ਟਰੈਕ ਅਦਾਲਤਾਂ ਅਧੀਨ ਅਜਿਹੇ ਕੇਸਾਂ ਵਿਚ ਹੋਣਾ ਚਾਹੀਦਾ ਹੈ ਤਾਕਿ ਦੋਸ਼ੀ ਬਚ ਹੀ ਨਾ ਸਕੇ ਨਹੀਂ ਤਾਂ ਦੋਸ਼ੀਆਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਹਨ। ਅਜਿਹੇ ਦੋਸ਼ੀਆਂ ਵਿਰੁਧ ਫ਼ੈਸਲੇ ਅਤੇ ਸਜ਼ਾਵਾਂ ਤੁਰਤ ਹੋਣ ਅਤੇ ਅਜਿਹੇ ਦੋਸ਼ੀਆਂ ਦੀਆਂ ਜਾਇਦਾਦਾਂ ਜਾਂ ਪੈਸਾ ਤੁਰਤ ਜ਼ਬਤ ਹੋਵੇ ਅਤੇ ਇਹ ਕਾਨੂੰਨ ਬਣੇ ਕਿ ਖ਼ਾਸ ਕਰ ਕੇ 'ਤੇਹਰਵੇਂ ਰਤਨ' ਅਤੇ ਖਾਣ ਵਾਲੇ ਪਦਾਰਥਾਂ ਵਿਚ ਮਿਲਾਵਟਖ਼ੋਰੀ ਕਰਨ ਵਾਲੇ ਸ਼ਖ਼ਸ ਦੇ ਕਿਸੇ ਵੀ ਪ੍ਰਵਾਰਕ ਜੀਅ ਨੂੰ ਕੋਈ ਵੀ ਸਰਕਾਰੀ ਨੌਕਰੀ ਜਾਂ ਸਰਕਾਰੀ ਸਹੂਲਤ ਨਹੀਂ ਦਿਤੀ ਜਾਵੇਗੀ। ਦੋਸ਼ੀ ਲਈ ਸਜ਼ਾ ਵੱਧ ਤੋਂ ਵੱਧ ਹੋਵੇ। ਦੂਜੀ ਗੱਲ ਕਾਨੂੰਨ ਸਖ਼ਤ ਹੋਵੇ ਅਤੇ ਦੁਰਵਰਤੋਂ ਤੇ ਵੀ ਨਜ਼ਰ ਰੱਖੀ ਜਾਵੇ ਤਾਕਿ ਕਿਸੇ ਰੰਜਿਸ਼ ਕਾਰਨ ਕਿਸੇ ਸ਼ਰੀਫ਼ ਨਾਗਰਿਕ ਨੂੰ ਵੀ ਸਜ਼ਾ ਨਾ ਝਲਣੀ ਪਵੇ।
ਮਿਲਾਵਟਖ਼ੋਰੀ ਕਰ ਕੇ ਨਕਲੀ ਦੁੱਧ, ਦੇਸੀ ਘਿਉ, ਪਨੀਰ ਅਤੇ ਖੋਆ ਬਣਾਉਣ ਲਈ ਜ਼ਿਆਦਾਤਰ ਮਿਲਾਵਟਖ਼ੋਰ ਯੂਰੀਆ ਖਾਦ, ਸ਼ੈਂਪੂ, ਪਸ਼ੂਆਂ ਦੀ ਚਰਬੀ ਤੋਂ ਬਣਿਆ ਇਕ ਪੇਸਟ ਜਾਂ ਹੋਰ ਕਈ ਤਰ੍ਹਾਂ ਦੇ ਆਪੋ-ਅਪਣੇ, ਅਲੱਗ-ਅਲੱਗ ਤਰ੍ਹਾਂ ਦੇ ਰਸਾਇਣਾਂ ਵਾਲੇ ਅਪਣਾਏ ਜਾਂਦੇ ਤਰੀਕਿਆਂ ਨਾਲ ਖਾਣ-ਪੀਣ ਦਾ ਇਹ ਸਾਰਾ ਸਮਾਨ ਤਿਆਰ ਕਰਦੇ ਹਨ। ਆਮ ਆਦਮੀ ਨੂੰ ਤਾਂ ਇਸ ਤਰ੍ਹਾਂ ਦੇ ਨਕਲੀ ਬਣੇ ਹੋਏ ਦੁੱਧ-ਘਿਉ ਦੀ ਪਛਾਣ ਵੀ ਨਹੀਂ ਆਉਂਦੀ। ਸਾਰੇ ਸ਼ਹਿਰਾਂ ਅਤੇ ਖ਼ਾਸ ਕਰ ਕੇ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਮਹਾਂਨਗਰਾਂ ਵਿਚ ਇਸ ਨੂੰ ਘੋਖਣ ਦਾ ਕਿਸੇ ਕੋਲ ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੌਰਾਨ ਸਮਾਂ ਵੀ ਨਹੀਂ ਹੈ। ਜੇਕਰ ਕੋਈ ਗੱਲ ਵੀ ਕਰਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ 'ਬਾਬੂ ਜੀ ਕਹੀਂ ਔਰ ਸੇ ਲੇ ਲੋ'। ਕੋਈ ਕਰੇ ਤਾਂ ਕੀ ਕਰੇ? ਨਕਲੀ ਦੇਸੀ ਘਿਉ ਬਣਾਉਣ ਵਾਲੇ ਮਿਲਾਵਟਖ਼ੋਰਾਂ ਨੇ ਘਿਉ ਦੀ ਪੈਕਿੰਗ ਉੱਪਰ ਮਾਰਕੇ ਵਾਲੀ ਥਾਂ ਕਾਨੂੰਨੀ ਅੜਚਣਾਂ ਤੋਂ ਬਚਣ ਲਈ ਅਪਣੇ ਹਥਕੰਡੇ ਅਪਣਾ ਕੇ ਅਪਣੇ ਆਪ ਨੂੰ ਤਾਂ ਬਚਾ ਲਿਆ, ਪਰ ਜੋ ਉਸ ਨੂੰ ਖਾਂਦਾ ਹੈ ਜਾਂ ਜੋ ਨਕਲੀ ਰਸਾਇਣਾਂ ਨਾਲ ਬਣਾਇਆ ਦੁੱਧ ਪੀਂਦਾ ਹੈ ਉਸ ਨੂੰ ਪੇਟ ਦਾ ਕੈਂਸਰ, ਲਿਵਰ ਦਾ ਕੈਂਸਰ, ਕਾਲਾ ਪੀਲੀਆ ਵਰਗੀਆਂ ਅਨੇਕਾਂ ਹੋਰ ਬਿਮਾਰੀਆਂ ਆ ਘੇਰਦੀਆਂ ਹਨ, ਜੋ ਬਾਅਦ ਵਿਚ ਲਾਇਲਾਜ ਬਣ ਜਾਂਦੀਆਂ ਹਨ ਅਤੇ ਜਿਸ ਨਾਲ ਸਾਡੇ ਸਮਾਜ ਦੇ ਲੋਕ ਲਗਾਤਾਰ ਰੋਗਗ੍ਰਸਤ ਹੋ ਰਹੇ ਹਨ। ਜੇਕਰ ਅਸੀ ਅੱਜ ਇਸ ਮਿਲਾਵਟਖ਼ੋਰੀ ਵਾਲੇ ਧੰਦੇ ਨੂੰ ਨੱਥ ਨਾ ਪਾਈ ਤਾਂ ਇਸ ਦਾ ਖ਼ਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਡੇ ਰੂਪ ਵਿਚ ਭੁਗਤਣਾ ਪਵੇਗਾ।ਹੁਣ ਤਾਜ਼ੀ ਘਟਨਾ ਸਾਡੇ ਪੰਜਾਬ ਅੰਦਰ ਇਸ ਨਾਲ ਮਿਲਦੀ-ਜੁਲਦੀ ਵਾਪਰ ਰਹੀ ਹੈ। ਸਾਡੇ ਪੰਜਾਬ ਅੰਦਰ ਸਾਡੀ ਸਰਕਾਰੀ ਦੁੱਧ ਇਕੱਠਾ ਕਰਨ ਵਾਲੀ ਕੰਪਨੀ ਤੋਂ ਇਲਾਵਾ ਬਾਹਰਲੀਆਂ ਦੋ ਕੰਪਨੀਆਂ ਨੈਸਲੇ ਅਤੇ ਨਿਉਟਰੀਏਸ਼ੀਆ ਵੀ ਪੰਜਾਬ ਵਿਚੋਂ ਅਪਣੇ ਦੁੱਧ ਇਕੱਠਾ ਕਰਨ ਵਾਲੇ ਕੇਂਦਰਾਂ ਰਾਹੀਂ ਦੁੱਧ ਇਕੱਠਾ ਕਰਦੀਆਂ ਹਨ। ਪਰ ਪਿਛਲੇ ਦਿਨਾਂ ਤੋਂ ਜਦ ਇਨ੍ਹਾਂ ਨਿਜੀ ਕੰਪਨੀਆਂ ਨੇ ਅਪਣੀਆਂ ਪ੍ਰਯੋਗਸ਼ਾਲਾਵਾਂ ਅੰਦਰ ਦੁੱਧ ਦੀਆਂ ਬਾਰੀਕੀਆਂ ਦੇ ਨਮੂਨੇ ਪਰਖੇ ਤਾਂ ਦੁੱਧ ਵਿਚ ਵੱਡੀ ਮਾਤਰਾ ਵਿਚ ਜ਼ਹਿਰੀਲੀ (ਫ਼ੰਗਸ) ਮਿਕਦਾਰ ਆਉਣ ਕਾਰਨ ਇਨ੍ਹਾਂ ਵਿਦੇਸ਼ੀ ਕੰਪਨੀਆਂ ਨੇ ਅਪਣੇ ਦੁੱਧ ਇਕੱਠਾ ਕਰਨ ਵਾਲੇ ਸੈਂਕੜੇ ਕੇਂਦਰਾਂ ਤੋਂ ਇਕਦਮ ਦੁੱਧ ਲੈਣਾ ਬੰਦ ਕਰ ਦਿਤਾ, ਜਿਸ ਕਾਰਨ ਇਨ੍ਹਾਂ ਕੇਂਦਰਾਂ ਵਾਲਿਆਂ ਲਈ ਅਚਾਨਕ ਹਜ਼ਾਰਾਂ ਲਿਟਰ ਦੁੱਧ ਘਾਟੇ ਦਾ ਸੌਦਾ ਬਣ ਗਿਆ।ਇਸ ਸਾਰੇ ਨਕਲੀ ਅਤੇ ਰਸਾਇਣਾਂ ਵਾਲੇ ਦੁੱਧ, ਘਿਉ, ਪਨੀਰ ਅਤੇ ਮਠਿਆਈਆਂ ਦੇ ਨਾਲ ਨਾਲ ਸਰਕਾਰ ਸਾਹਮਣੇ ਅੱਜ ਫ਼ੰਗਸ (ਉੱਲੀ ਜ਼ਹਿਰ) ਵਾਲੇ ਪੈਦਾ ਹੋ ਰਹੇ ਦੁੱਧ ਸਬੰਧੀ ਵੱਡੀਆਂ ਚੁਨੌਤੀਆਂ ਹਨ। ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਇਨ੍ਹਾਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਵੇ ਅਤੇ ਮਿਲਾਵਟਖ਼ੋਰੀ ਕਰਨ ਵਾਲੇ ਲੋਕਾਂ ਵਿਰੁਧ ਫੌਰੀ ਕਾਰਵਾਈ ਕਰਨ ਲਈ ਛਾਪੇਮਾਰੀ ਕਰ ਕੇ ਬਣਦੀਆਂ ਸਜ਼ਾਵਾਂ ਦਿਵਾਏ। ਇਸ ਕੰਮ ਲਈ ਲਾਈਵ ਟੀ.ਵੀ. ਚੈਨਲਾਂ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ ਅਤੇ ਰੇਡੀਉ ਅਤੇ ਪ੍ਰਿੰਟ ਮੀਡੀਆ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਲਈ ਅਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਕਿਹਾ ਜਾ ਸਕਦਾ ਹੈ ਤਾਕਿ ਲੋਕਾਂ ਨੂੰ 'ਤੇਹਰਵੇਂ ਰਤਨ' ਰਾਹੀਂ ਇਹ ਪਿਲਾਇਆ ਜਾ ਰਿਹਾ ਜ਼ਹਿਰ ਖ਼ਤਮ ਹੋ ਸਕੇ ਅਤੇ ਜੋ ਸਾਡੇ ਪੰਜਾਬ ਦਾ ਇਹ ਫ਼ੰਗਸ ਵਾਲਾ ਦੁੱਧ ਅਤੇ ਇਸ ਤੋਂ ਬਣੇ ਉਤਪਾਦ ਅੱਜ ਕੋਮਾਂਤਰੀ ਮੰਡੀ ਵਿਚ ਵਿਕਣਯੋਗ ਨਹੀਂ ਹਨ, ਉਨ੍ਹਾਂ ਨੂੰ ਮੁੜ ਉਹ ਉੱਚ ਕੁਆਲਟੀ ਦਾ ਦਰਜਾ ਮਿਲ ਸਕੇ।
ਅੱਜ ਸਾਡੇ ਪੰਜਾਬ ਅੰਦਰ ਦੁੱਧ ਦਾ ਮਿਆਰ ਘਟਣ ਕਾਰਨ ਕੋਮਾਂਤਰੀ ਬਾਜ਼ਾਰ ਵਿਚ ਇਸ ਦੇ ਉਤਪਾਦ ਨਾ ਵਿਕਣ ਕਾਰਨ ਦੁੱਧ ਦੀਆਂ ਕੀਮਤਾਂ ਘਟ ਗਈਆਂ ਹਨ ਜਿਸ ਕਾਰਨ ਕਿਸਾਨਾਂ ਜਾਂ ਪਸ਼ੂਪਾਲਕਾਂ ਲਈ ਇਹ ਬੁਰੀ ਖ਼ਬਰ ਅਤੇ ਘਾਟੇ ਦਾ ਸੌਦਾ ਨਿਬੜ ਰਿਹਾ ਹੈ। ਸਰਕਾਰ ਦੁੱਧ ਦੇ ਮਿਆਰ ਲਈ ਯਤਨ ਕਰੇ, ਦੁੱਧ ਉਤਪਾਦਕਾਂ ਨੂੰ ਪੂਰੀ ਕੀਮਤ ਦੇਵੇ, ਪਸ਼ੂ ਧਨ ਵਿਚ ਵਾਧਾ ਕਰ ਕੇ ਪਸ਼ੂ ਧਨ ਦੀਆਂ ਨਸਲਾਂ ਵਿਚ ਸੁਧਾਰ ਕਰ ਕੇ ਉੱਚ ਮਿਆਰ ਦੇ ਪਸ਼ੂਆਂ ਦੀ ਪੈਦਾਵਾਰ ਕਰਵਾਏ ਤਾਕਿ ਜੋ ਕਿਸਾਨ ਖੇਤੀ ਖੇਤਰ ਵਿਚ ਘਾਟੇ ਕਾਰਨ ਕਰਜ਼ਾਈ ਹੋਇਆ ਬੈਠਾ ਹੈ, ਉਸ ਨੂੰ ਇਸ ਦੁੱਧ ਉਤਪਾਦਨ ਵਾਲੇ ਧੰਦੇ ਰਾਹੀਂ ਰਾਹਤ ਦੇ ਕੇ ਕਿਸੇ ਹੱਦ ਤਕ ਬਚਾਇਆ ਜਾ ਸਕੇ।