
ਦੁਸਹਿਰਾ ਅਜਿਹਾ ਤਿਉਹਾਰ ਹੈ ਜੋ ਪੂਰੇ ਦੇਸ਼
ਵਿਚ ਬਹੁਤ ਹੀ ਸ਼ਰਧਾ ਅਤੇ ਧੂਮ-ਧੜੱਕੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਰਾਮ
ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਦੀ ਕੈਦ ਵਿਚੋਂ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਸੀ
ਜਿਸ ਕਰ ਕੇ ਇਸ ਤਿਉਹਾਰ ਨੂੰ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਜਾਣਿਆ
ਜਾਂਦਾ ਹੈ। ਇਸ ਦਿਨ ਮਾਤਾ ਦੁਰਗਾ ਦੀ ਪੂਜਾ ਵੀ ਬੜੀ ਸ਼ਰਧਾ ਨਾਲ ਕੀਤੀ ਜਾਂਦੀ ਹੈ। ਕਿਹਾ
ਜਾਂਦਾ ਹੈ ਕਿ ਰਾਵਣ ਨਾਲ ਯੁੱਧ ਕਰਨ ਜਾਣ ਤੋਂ ਪਹਿਲਾਂ ਭਗਵਾਨ ਰਾਮ ਨੇ ਮਾਤਾ ਦੁਰਗਾ ਦੀ
ਪੂਜਾ ਕੀਤੀ ਸੀ ਅਤੇ ਮਾਤਾ ਦੁਰਗਾ ਨੇ ਭਗਵਾਨ ਰਾਮ ਨੂੰ ਜੇਤੂ ਰਹਿਣ ਦਾ ਵਰ ਦਿਤਾ ਸੀ।
ਦੁਸਹਿਰੇ ਦੇ ਤਿਉਹਾਰ ਨੂੰ ਵਿਜੈਦਸ਼ਮੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਦੁਸਹਿਰਾ ਭਾਰਤ
ਦੇ ਵੱਖ ਵੱਖ ਸੂਬਿਆਂ ਵਿਚ ਵਖੋ-ਵਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਬਹੁਤੇ ਸੂਬਿਆਂ
ਵਿਚ ਰਾਵਣ ਦੇ ਪੁਤਲੇ ਸਾੜ ਕੇ ਇਸ ਸਮਾਜ ਵਿਚੋਂ ਬੁਰਾਈ ਦਾ ਖ਼ਾਤਮਾ ਕਰ ਕੇ ਸਮਾਜ ਦੇ ਭੈਅ
ਮੁਕਤ ਹੋਣ ਦਾ ਸੰਦੇਸ਼ ਦਿਤਾ ਜਾਂਦਾ ਹੈ।
ਇਤਿਹਾਸ ਅਨੁਸਾਰ ਰਾਵਣ ਬਹੁਤ ਹੀ ਗੁਣੀ-ਗਿਆਨੀ ਵਿਅਕਤੀ ਸੀ ਪਰ ਉਸ ਦੀ ਕੀਤੀ ਇਕ ਵੱਡੀ ਗ਼ਲਤੀ ਨੇ ਉਸ ਨੂੰ ਹਮੇਸ਼ਾ ਲਈ ਬੁਰਾਈ ਦਾ ਪਾਤਰ ਬਣਾ ਦਿਤਾ। ਅਸੀ ਸਦੀਆਂ ਤੋਂ ਉਸ ਦੇ ਪੁਤਲੇ ਫੂਕ ਕੇ ਅਪਣੇ ਮਨ ਨੂੰ ਤਸੱਲੀ ਦਿੰਦੇ ਆ ਰਹੇ ਹਾਂ ਕਿ ਨੇਕੀ ਹੱਥੋਂ ਬਦੀ ਹਾਰ ਗਈ ਹੈ। ਸਾਡਾ ਸਮਾਜ ਡਰ ਤੋਂ ਮੁਕਤ ਹੋ ਗਿਆ ਹੈ ਅਤੇ ਸਮਾਜ ਵਿਚੋਂ ਬੁਰਾਈਆਂ ਖ਼ਤਮ ਹੋ ਗਈਆਂ ਹਨ। ਪਰ ਅਸਲ ਬੁਰਾਈਆਂ ਤਾਂ ਸਾਡੇ ਕੋਲੋਂ ਅਪਣੇ ਆਪ ਅੰਦਰਲੀਆਂ ਵੀ ਖ਼ਤਮ ਨਹੀਂ ਹੋਈਆਂ। ਆਉ ਅਪਣੇ ਹੀ ਅੰਦਰ ਝਾਤੀ ਮਾਰੀਏ ਅਤੇ ਵੇਖਣ ਦੀ ਕੋਸਿਸ਼ ਕਰੀਏ ਕਿ ਸਾਡੇ ਅਪਣੇ ਅੰਦਰ ਕਿੰਨੀਆਂ ਬੁਰਾਈਆਂ ਜਿਉਂ ਦੀਆਂ ਤਿਉਂ ਹੀ ਪਈਆਂ ਹਨ, ਸਗੋਂ ਆਏ ਦਿਨ ਵੱਧ ਵੀ ਰਹੀਆਂ ਹਨ। ਫਿਰ ਸਿਰਫ਼ ਇਸ ਰਾਵਣ ਦੇ ਪੁਤਲੇ ਨੂੰ ਸਾੜ ਕੇ ਸਾਡੀ ਤਸੱਲੀ ਕਿਵੇਂ ਹੋ ਸਕਦੀ ਹੈ?
ਅੱਜ ਅਪਣੇ ਆਲੇ-ਦੁਆਲੇ ਹੀ ਨਜ਼ਰ ਮਾਰ ਲਉ
ਕਿੰਨੇ ਹੀ ਅੱਜ ਦੇ ਰਾਵਣ ਸੀਨਾ ਤਾਣ ਕੇ ਘੁੰਮ ਰਹੇ ਹਨ, ਕਿੰਨੀਆਂ ਹੀ ਬਾਲੜੀਆਂ ਦੇ
ਬਲਾਤਕਾਰ ਹੋ ਰਹੇ ਹਨ, ਮਾਸੂਮਾਂ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਅੱਜ
ਦੇ ਰਾਵਣ ਕਿੰਨੀਆਂ ਹੀ ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਕੁੱਖਾਂ ਵਿਚ ਕਤਲ ਕਰ ਰਹੇ ਹਨ।
ਅੱਜ ਦੇ ਰਾਵਣ ਕਿੰਨੀਆਂ ਧੀਆਂ ਨੂੰ ਦਾਜ ਦੀ ਬਲੀ ਚਾੜ੍ਹ ਰਹੇ ਹਨ, ਆਏ ਦਿਨ ਔਰਤਾਂ ਬੇਪੱਤ
ਹੋ ਰਹੀਆਂ ਹਨ, ਲਾਚਾਰ ਗ਼ਰੀਬ ਲਤਾੜੇ ਜਾ ਰਹੇ ਹਨ, ਮਿਹਨਤਕਸ਼ ਪੀੜੇ ਜਾ ਰਹੇ ਹਨ ਅਤੇ ਅਸੀ
ਸਦੀਆਂ ਪੁਰਾਣੇ ਰਾਵਣ ਦੇ ਬੇਜਾਨ ਪੁਤਲੇ ਫੂਕ ਕੇ ਅਪਣੇ ਮਰਦਪੁਣੇ ਉਤੇ ਮਾਣ ਮਹਿਸੂਸ
ਕਰਦੇ ਹੋਏ ਘਰ ਵਾਪਸ ਮੁੜ ਆਉਂਦੇ ਹਾਂ ਜਿਵੇਂ ਅਸੀ ਸੱਚ ਹੀ ਕਿਸੇ ਬਲਾਤਕਾਰੀ ਕਾਤਲ
ਵਿਅਕਤੀ ਨੂੰ ਅਸਲੀ ਤੀਰ ਮਾਰ ਕੇ ਆਏ ਹੋਈਏ। ਆਉ ਚੁੱਪ ਰਹਿਣ ਦੀ ਥਾਂ ਆਵਾਜ਼ ਉਠਾਈਏ
ਉਨ੍ਹਾਂ ਕਲਯੁਗੀ ਰਾਵਣਾਂ ਵਿਰੁਧ ਜਿਹੜੇ ਅਪਣੇ ਸੁਆਰਥਾਂ ਲਈ ਇਨਸਾਨੀਅਤ ਦਾ ਘਾਣ ਕਰ ਰਹੇ
ਹਨ। ਆਉ ਲੜੀਏ ਉਨ੍ਹਾਂ ਜ਼ਾਲਮਾਂ ਵਿਰੁਧ ਜਿਹੜੇ ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ
ਲੀਰੋ-ਲੀਰ ਕਰ ਰਹੇ ਹਨ। ਆਉ ਬਦਲੀਏ ਉਨ੍ਹਾਂ ਮਾਪਿਆਂ ਦੀ ਸੋਚ ਜਿਹੜੇ ਅੱਜ ਵੀ ਧੀਆਂ ਨੂੰ
ਬੋਝ ਸਮਝਦੇ ਹੋਏ ਉਨ੍ਹਾਂ ਨੂੰ ਕੁੱਖ ਦੇ ਅੰਦਰ ਹੀ ਮਰਵਾ ਰਹੇ ਹਨ। ਆਉ ਜੁੜੀਏ ਉਨ੍ਹਾਂ
ਭ੍ਰਿਸ਼ਟ ਅਧਿਕਾਰੀਆਂ ਵਿਰੁਧ ਜਿਹੜੇ ਸਰਕਾਰੀ ਕੁਰਸੀਆਂ ਉਤੇ ਬੈਠ ਕੇ ਸਾਡੀਆਂ ਜੇਬਾਂ ਵਲ
ਝਾਕ ਰਹੇ ਹਨ। ਆਉ ਜਵਾਬ ਮੰਗੀਏ ਉਨ੍ਹਾਂ ਹੁਕਮਰਾਨਾਂ ਤੋਂ ਜਿਹੜੇ ਜਨਤਾ ਦੇ ਹੱਕਾਂ ਨੂੰ
ਕੁਚਲ ਰਹੇ ਹਨ। ਆਉ ਕੋਰਾ ਜਬਾਬ ਦੇਣਾ ਸਿਖੀਏ ਉਨ੍ਹਾਂ ਦਾਜ ਦੇ ਲੋਭੀਆਂ ਨੂੰ ਜਿਹੜੇ
ਸਾਡੀਆਂ ਸੀਤਾ ਵਰਗੀਆਂ ਧੀਆਂ-ਭੈਣਾਂ ਤੋਂ ਦਾਜ ਦੀ ਇੱਛਾ ਰਖਦੇ ਹਨ। ਆਉ ਜੁੜੀਏ ਉਨ੍ਹਾਂ
ਲੁਟੇਰਿਆਂ ਵਿਰੁਧ ਜਿਹੜੇ ਸਾਡੀਆਂ ਮਿਹਨਤਾਂ ਉਤੇ ਡਾਕੇ ਮਾਰ ਰਹੇ ਹਨ।
ਪਰ ਸਾਡੇ ਆਲੇ-ਦੁਆਲੇ ਅਤੇ ਇਸ ਸਮਾਜ ਵਿਚੋਂ ਰਾਵਣਾਂ ਦਾ ਖ਼ਾਤਮਾ ਕਰਨ ਲਈ ਪਹਿਲਾਂ ਸਾਨੂੰ ਅਪਣਾ ਅੰਦਰ ਸਾਫ਼ ਕਰਨਾ ਪਵੇਗਾ ਕਿਉਂਕਿ ਰਾਮ ਨੇ ਜੇ ਮਹਾਂ ਸ਼ਕਤੀਸ਼ਾਲੀ ਰਾਵਣ ਦਾ ਖ਼ਾਤਮਾ ਕੀਤਾ ਸੀ ਤਾਂ ਉਨ੍ਹਾਂ ਕੋਲ ਚੰਗਿਆਈ ਦੀ ਤਾਕਤ ਸੀ। ਉਹ ਖ਼ੁਦ ਪਾਕ ਪਵਿੱਤਰ ਸਨ। ਇਸੇ ਲਈ ਉਨ੍ਹਾਂ ਦੀ ਸਿਖਿਆ ਉਤੇ ਚਲਦੇ ਹੋਏ ਸਾਨੂੰ ਵੀ ਚੰਗਿਆਈ ਦੇ ਲੜ ਲਗਣਾ ਪਵੇਗਾ ਫਿਰ ਜਾ ਕੇ ਅਸੀ ਬਾਹਰਲੀ ਬੁਰਾਈ ਦਾ ਖ਼ਾਤਮਾ ਕਰ ਸਕਾਂਗੇ।
ਤਿਉਹਾਰ ਖ਼ੁਸ਼ੀਆਂ ਲਿਆਉਂਦੇ ਹਨ। ਸਾਡੀ
ਜ਼ਿੰਦਗੀ ਵਿਚ ਰੰਗਤ ਭਰਦੇ ਹਨ ਅਤੇ ਸਾਨੂੰ ਵੀ ਕੋਸਿਸ਼ ਕਰਨੀ ਚਾਹੀਦੀ ਹੈ ਕਿ ਅਸੀ ਇਨ੍ਹਾਂ
ਤਿਉਹਾਰਾਂ ਨੂੰ ਅਸਲ ਅਰਥਾਂ ਵਿਚ ਮਨਾਈਏ। ਆਉ ਇਸ ਬਦੀ ਉਤੇ ਨੇਕੀ ਦੀ ਜਿੱਤ ਦੇ ਪ੍ਰਤੀਕ
ਦੁਸਹਿਰੇ ਦੇ ਤਿਉਹਾਰ ਨੂੰ ਪਹਿਲਾਂ ਨਾਲੋਂ ਕੁੱਝ ਹਟ ਕੇ ਮਨਾਈਏ। ਰਾਵਣ ਦੇ ਪੁਤਲੇ ਦੇ
ਨਾਲ ਹੀ ਅਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਸਾੜ ਆਈਏ ਅਤੇ ਵਾਪਸ ਪਰਤੀਏ ਅਪਣੇ ਘਰ ਇਕ
ਨਵੀਂ ਸੋਚ ਦੇ ਨਾਲ ਅਤੇ ਬਿਲਕੁਲ ਸਾਫ਼ ਮਨ ਨਾਲ ਜਿਸ ਵਿਚ ਅਪਣੇ ਪਰਾਏ ਕਿਸੇ ਲਈ ਵੀ ਵੈਰ
ਵਿਰੋਧ ਨਾ ਹੋਵੇ, ਕੋਈ ਬੇਈਮਾਨੀ ਕਿਸੇ ਲਾਲਚ ਦਾ ਪਰਦਾ ਨਾ ਹੋਵੇ। ਸੱਚ ਬੋਲਣ ਦੀ ਹਿੰਮਤ
ਹੋਵੇ, ਜ਼ੁਲਮ ਕਰਨਾ ਤਾਂ ਦੂਰ ਦੀ ਗੱਲ ਜ਼ੁਲਮ ਸਹਿਣਾ ਅਤੇ ਕਿਸੇ ਦੂਜੇ ਉਤੇ ਵੀ ਹੁੰਦੇ
ਵੇਖਿਆ ਨਾ ਜਾਵੇ। ਅਪਣੀ ਡਿਊਟੀ ਅਪਣੇ ਫ਼ਰਜ਼ਾਂ ਉਤੇ ਹਮੇਸ਼ਾ ਖਰੇ ਉਤਰਨ ਦਾ ਜਜ਼ਬਾ ਹੋਵੇ।
ਅਪਣੇ ਰਾਸ਼ਟਰ ਨਾਲ ਅਪਣੀ ਜਾਨ ਤੋਂ ਵੀ ਵੱਧ ਪਿਆਰ ਹੋਵੇ। ਇਨਸਾਨੀਅਤ ਨੂੰ ਪਿਆਰ ਕਰਨ ਵਾਲੀ
ਸੋਚ ਲੈ ਕੇ ਜਾਈਏ। ਆਉ ਤੋੜ ਦੇਈਏ ਨਫ਼ਰਤ ਦੀਆਂ ਕੰਧਾਂ ਅਤੇ ਇਕ ਚੰਗੇ ਆਲੇ-ਦੁਆਲੇ ਦੀ
ਸਿਰਜਣਾ ਕਰੀਏ।
ਮੋਬਾਈਲ : 93565 52000