ਸਿੱਖ ਧਾਰਮਕ,
ਰਾਜਨੀਤਕ ਅਤੇ ਅਧਿਆਤਮਿਕ ਸੰਸਥਾਵਾਂ ਸਿੱਖ ਧਰਮ ਤੇ ਸਿੱਖ ਕੌਮ ਦੀਆਂ ਸਰਬੱਤ ਸ਼ਕਤੀਆਂ ਦਾ
ਮੁੱਖ ਧੁਰਾ ਅਤੇ ਸਰੋਤ ਹਨ। ਸਿੱਖ ਵਿਅਕਤੀ, ਸਿੱਖ ਕੌਮ, ਸਿੱਖ ਭਾਈਚਾਰੇ ਤੇ ਸਿੱਖ ਸਮਾਜ
ਦੀ ਸਿੱਖੀ ਸਿਧਾਂਤਾਂ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਭਰੀ ਮਾਨਸਿਕਤਾ ਦੀ ਉਸਾਰੀ ਤੇ
ਸਿਰਜਣਾ ਇਨ੍ਹਾਂ ਦੀ ਸਿਹਤਮੰਦ, ਦਲੇਰਾਨਾ, ਨਿਰਪੱਖਤਾ ਭਰੀ ਅਗਵਾਈ ਬਗ਼ੈਰ ਸੰਭਵ ਨਹੀਂ।
ਪੰਜਾਬ ਵਿਚ ਅਤਿਵਾਦ ਦੀ 10-12 ਸਾਲਾ ਤਰਾਸਦੀ ਦੇ ਆਗਮਨ ਦੇ ਕੁੱਝ ਸਮਾਂ ਪਹਿਲਾਂ ਤੋਂ ਸਿੱਖ ਕੌਮ ਅਤੇ ਪੰਥ ਆਪੋ-ਧਾਪੀ ਭਰੀ ਮਾਰੂ ਭੂੰਡੀ ਜੰਗ ਭੜਕਦੀ ਨਜ਼ਰ ਆਈ। ਇਹ ਸੱਭ ਕੁੱਝ ਰਾਜਨੀਤਕ ਅਤੇ ਧਾਰਮਕ ਆਗੂਆਂ ਦੀ ਸਵੈਕੇਂਦਰਤ ਉਪਭੋਗਤਾਵਾਦੀ ਦ੍ਰਿਸ਼ਟੀ ਕਰ ਕੇ ਪੈਦਾ ਹੁੰਦਾ ਨਜ਼ਰ ਆਇਆ। ਜਿਉਂ-ਜਿਉਂ ਇਹ ਦ੍ਰਿਸ਼ਟੀ ਗਿਰਝ ਮੁਖੀ ਰੂਪ ਧਾਰਨ ਕਰਦੀ ਗਈ, ਸਿੱਖ ਧਾਰਮਕ, ਰਾਜਨੀਤਕ ਤੇ ਅਧਿਆਤਮਕ ਸੰਸਥਾਵਾਂ ਰਸਾਤਲ ਵਲ ਧਸਦੀਆਂ ਚਲੀਆਂ ਗਈਆਂ। ਅੰਦਰੂਨੀ ਸ਼ਕਤੀਆਂ ਤੋਂ ਇਲਾਵਾ ਇਹ ਬਾਹਰੀ ਸ਼ਕਤੀਆਂ ਦੇ ਮਾਰ-ਖੋਰੇ ਹਮਲੇ ਦਾ ਸ਼ਿਕਾਰ ਵੀ ਹੁੰਦੀਆਂ ਗਈਆਂ। ਅੱਜ ਇਹ ਏਨੀਆਂ ਨਿਤਾਣੀਆਂ ਅਤੇ ਸਾਹਸਤਹੀਣ ਹੋਈਆਂ ਪਈਆਂ ਹਨ ਕਿ ਇਹ ਪੰਥਕ ਅਤੇ ਕੌਮੀ ਹੀ ਨਹੀਂ ਸਗੋਂ ਵਿਅਕਤੀਗਤ ਤੌਰ ਤੇ ਸਿੱਖ ਸੰਗਤਾਂ ਦਾ ਵਿਸ਼ਵਾਸ ਗਵਾ ਰਹੀਆਂ ਹਨ। ਅਜਿਹੀ ਤਰਸਯੋਗ ਸਥਿਤੀ ਵਿਚ ਇਨ੍ਹਾਂ ਤੋਂ ਸਿੱਖ ਵਿਅਕਤੀ, ਸਿੱਖ ਕੌਮ, ਸਿੱਖ ਭਾਈਚਾਰੇ ਅਤੇ ਸਿੱਖ ਸਮਾਜ ਦੀ ਸਿੱਖੀ ਸਿਧਾਂਤਾਂ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਭਰੀ ਮਾਨਸਿਕਤਾ ਦੀ ਉਸਾਰੀ ਤੇ ਚੜ੍ਹਦੀ ਕਲਾ ਭਰਪੂਰ ਸਿਰਜਣਾ ਦੀ ਆਸ ਨਹੀਂ ਰਖੀ ਜਾ ਸਕਦੀ।
ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸ ਵਿਚ ਵਿਸ਼ਵਾਸ ਰੱਖਣ ਵਾਲੇ ਅਭਿਲਾਸ਼ੀਆਂ ਦੇ ਮਾਨਸਕ, ਬੌਧਿਕ ਤੇ ਅਧਿਆਤਮਿਕ ਅਗਿਆਨ ਨੂੰ ਮਿਟਾ ਕੇ ਉਨ੍ਹਾਂ ਦੇ ਦਿਮਾਗ਼ਾਂ ਨੂੰ ਪ੍ਰਕਾਸ਼ਮਾਨ ਕਰਦੀ ਇਕ ਵਧੀਆ ਸਾਵਾਂ-ਪੱਧਰਾ ਜੀਵਨ ਜਿਊਣ ਅਤੇ ਇਕ ਵਧੀਆ ਸਹਿਹੋਂਦਵਾਦੀ ਸਮਾਜ ਦੀ ਸਿਰਜਣਾ ਦੀ ਜਾਚ ਸਿਖਾਉਂਦੀ ਹੈ। ਇਸ ਨਾਲ ਜੁੜੀਆਂ ਸੰਗਤ, ਪੰਗਤ, ਹਰਿਮੰਦਰ ਸਾਹਿਬ, ਗੁਰਦਵਾਰਾ ਸਾਹਿਬ ਆਦਿ ਸੰਸਥਾਵਾਂ ਜਿਨ੍ਹਾਂ ਦੀ ਸਥਾਪਨਾ ਗੁਰੂ ਸਾਹਿਬਾਨ ਵਲੋਂ ਆਪ ਕੀਤੀ ਗਈ ਅਤੇ ਇਸੇ ਤਰ੍ਹਾਂ ਸਮੇਂ ਦੇ ਸੰਘਰਸ਼ ਵਿਚੋਂ ਇਨ੍ਹਾਂ ਦੀ ਰਾਖੀ ਤੇ ਸਾਂਭ-ਸੰਭਾਲ ਲਈ ਸਰਬੱਤ ਖ਼ਾਲਸਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵਰਗੀਆਂ ਤਾਕਤਵਰ ਸੰਸਥਾਵਾਂ ਪੈਦਾ ਹੋਈਆਂ। ਰਾਜ ਅਤੇ ਧਾਰਮਕ ਸੱਤਾ ਸ਼ਕਤੀ ਦੇ ਤਾਕਤਵਰ ਕੇਂਦਰਾਂ ਵਜੋਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਤੇਜ਼ੀ ਨਾਲ ਉਭਰਨ ਕਰ ਕੇ ਇਨ੍ਹਾਂ ਉਤੇ ਭਾਰੂ ਹੋਈਆਂ ਸਵੈਕੇਂਦਰਤ ਉਪਭੋਗਤਾਵਾਦੀ ਦ੍ਰਿਸ਼ਟੀ ਵਾਲੀਆਂ ਸ਼ਕਤੀਆਂ ਨੇ ਸਿੱਖ ਧਾਰਮਕ, ਰਾਜਨੀਤਕ ਤੇ ਅਧਿਆਤਮਕ ਸੰਸਥਾਵਾਂ ਦਾ ਘਾਣ ਕਰ ਕੇ ਰੱਖ ਦਿਤਾ। ਅੱਜ ਇਸ ਸਬੰਧੀ ਵੱਡਾ ਡਰ ਇਸ ਕਰ ਕੇ ਵੀ ਪੈਦਾ ਹੋ ਰਿਹਾ ਹੈ ਕਿ ਇਨ੍ਹਾਂ ਸੰਸਥਾਵਾਂ ਉਤੇ ਬਾਹਰੀ ਗ਼ੈਰ-ਸਿੱਖ ਸੰਸਥਾਵਾਂ ਹਾਵੀ-ਪ੍ਰਭਾਵੀ ਹੁੰਦੀਆਂ ਵਿਖਾਈ ਦੇ ਰਹੀਆਂ ਹਨ। ਖ਼ੁਦ ਸਿੱਖ ਕੌਮ, ਸਿੱਖ ਪੰਥ, ਸਿੱਖ ਸਮਾਜ ਉਨ੍ਹਾਂ ਅੱਗੇ ਲਾਚਾਰ ਨਜ਼ਰ ਆ ਰਿਹਾ ਹੈ।
ਸਿੱਖਾਂ ਦੀ ਬਾਣੀ, ਬਾਣੇ, ਧਾਰਮਕ ਚਿੰਨ੍ਹਾਂ, ਸਭਿਆਚਾਰ ਅਤੇ ਗੁਰਦਵਾਰਾ ਸਾਹਿਬਾਨ ਨੂੰ ਪਾਕਿਸਤਾਨ, ਬੰਗਲਾਦੇਸ਼, ਸਿੱਕਿਮ ਤੋਂ ਇਲਾਵਾ ਏਸ਼ੀਆਈ, ਯੂਰਪੀ, ਅਰਬ, ਅਫ਼ਰੀਕੀ ਅਤੇ ਅਮਰੀਕੀ ਦੇਸ਼ਾਂ ਵਿਚ ਲਗਾਤਾਰ ਚੁਨੌਤੀਆਂ ਤਾਂ ਅਣਸੁਲਝੀਆਂ ਬਣੀਆਂ ਪਈਆਂ ਹਨ ਪਰ ਇਨ੍ਹਾਂ ਤੋਂ ਵੀ ਵੱਡੀਆਂ ਭਾਰਤ ਅੰਦਰ ਬਣੀਆਂ ਪਈਆਂ ਹਨ। ਸਿੱਖ ਰਾਜਨੀਤਕ ਅਤੇ ਧਾਰਮਕ ਆਗੂ ਅਪਣੀ ਸਵੈਕੇਂਦਰਤ ਉਪਭੋਗਤਾਵਾਦੀ ਦ੍ਰਿਸ਼ਟੀ ਅਧੀਨ ਨਿਜੀ ਤੇ ਪ੍ਰਵਾਰਵਾਦੀ ਲਾਹੇ ਲਈ ਸਿੱਖ ਗੁਰੂਆਂ, ਸ਼ਹੀਦਾਂ, ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਵਲੋਂ ਦਿਤੀਆਂ 80 ਫ਼ੀ ਸਦੀ ਕੁਰਬਾਨੀਆਂ ਦੇ ਮੁੱਦੇ ਤਾਂ ਉਠਾਉਂਦੇ ਰਹਿੰਦੇ ਹਨ ਪਰ ਭਾਰਤੀ ਰਾਜ, ਤਾਕਤਵਰ ਸਿਆਸੀ ਪਾਰਟੀਆਂ ਜਿਵੇਂ ਕਾਂਗਰਸ, ਭਾਜਪਾ, ਕਮਿਊਨਿਸਟ ਪਾਰਟੀਆਂ ਤੇ ਰਾਸ਼ਟਰੀ ਸਵੈਸੇਵਕ ਸੰਘ ਆਦਿ ਨੇ ਇਨ੍ਹਾਂ ਨੂੰ ਮਾਨਤਾ ਨਹੀਂ ਦਿਤੀ। ਕਾਂਗਰਸ ਰਾਜ ਸਮੇਂ ਸਾਕਾ ਨੀਲਾ ਤਾਰਾ, ਨਵੰਬਰ '84 ਕਤਲੇਆਮ ਅਤੇ ਇਨ੍ਹਾਂ ਕਾਰਨਾਮਿਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਇਸ ਦੀਆਂ ਵੱਡੀਆਂ ਮਿਸਾਲਾਂ ਹਨ।
ਭਾਜਪਾ ਦੀ ਅਗਵਾਈ ਸਮੇਂ ਵੀ ਇਨ੍ਹਾਂ ਦਰਿੰਦਗੀ ਭਰੇ ਸਾਕਿਆਂ ਲਈ ਦੋਸ਼ੀਆਂ ਨੂੰ
ਸਜ਼ਾਵਾਂ ਨਹੀਂ ਦਿਤੀਆਂ ਗਈਆਂ। ਦੇਸ਼ ਅਤੇ ਕੌਮ ਖ਼ਾਤਰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ
ਮਾਨਤਾ ਨਹੀਂ ਦਿਤੀ ਗਈ। ਭਾਰਤ ਰਾਜ ਅੰਦਰ ਸੰਵਿਧਾਨਕ ਤੇ ਕਾਨੂੰਨੀ ਤੌਰ ਤੇ ਸਿੱਖਾਂ ਨੂੰ
ਵਖਰੀ ਕੌਮ ਵਜੋਂ ਪ੍ਰਵਾਨ ਨਹੀਂ ਕੀਤਾ ਗਿਆ।
ਆਰ.ਐਸ.ਐਸ. ਨੇ ਸਿੱਖਾਂ ਨੂੰ ਹਿੰਦੂ ਕੌਮ
ਵਿਚ ਸ਼ਾਮਲ ਕਰਨ ਲਈ ਰਾਸ਼ਟਰੀ ਸਿੱਖ ਸੰਗਤ ਦਾ ਗਠਨ ਕੀਤਾ। ਇਸ ਦੀ ਸਮੁੱਚੀ ਵਰਕਿੰਗ ਹਿੰਦੂ
ਸੰਸਕ੍ਰਿਤੀ, ਹਿੰਦੂ ਬਹੁਲਵਾਦ, ਹਿੰਦੂ ਧੌਂਸਵਾਦ ਤੇ ਅਧਾਰਤ ਹੈ। ਇਹ ਸਿੱਖ ਗੌਰਵਮਈ
ਵਿਰਸੇ, ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ ਨੂੰ ਮਾਨਤਾ ਨਹੀਂ ਦਿੰਦੀ। 25 ਅਕਤੂਬਰ,
2017 ਨੂੰ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ਉਤੇ ਉਨ੍ਹਾਂ ਦਾ 350ਵਾਂ
ਪ੍ਰਕਾਸ਼ ਦਿਵਸ ਮਨਾ ਕੇ ਸਤਾਸ਼ਕਤੀ ਦੀ ਧੌਂਸ ਅਧੀਨ ਸਿੱਖ ਕੌਮ ਨਾਲ ਮਜ਼ਾਕ ਕੀਤਾ, ਅਕਾਲ
ਤਖ਼ਤ ਸਾਹਿਬ ਦੇ ਜੁਲਾਈ 2004 ਦੇ ਹੁਕਮਨਾਮੇ ਦੀ ਅਵੱਗਿਆ ਕੀਤੀ ਜਿਸ ਅਧੀਨ ਜਥੇਦਾਰ ਅਕਾਲ
ਤਖ਼ਤ ਨੇ ਇਸ ਸਮਾਗਮ ਦੇ ਬਾਈਕਾਟ ਦਾ ਸੱਦਾ ਦਿਤਾ ਸੀ। ਇਸ ਸਮਾਗਮ ਵਿਚ ਸਿੱਖ ਸਿਧਾਂਤਾਂ
ਅਤੇ ਪ੍ਰੰਪਰਾਵਾਂ ਦੀ ਖਿੱਲੀ ਉਡਾਈ ਗਈ ਜਿਸ ਉਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ
ਹਾਜ਼ਰੀ ਮੋਹਰ ਲਗਾਉਂਦੀ ਹੈ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ
ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਸ ਦੇ ਸਮਾਰੋਹ ਵਿਚ ਹਿੱਸਾ ਲਿਆ। ਇਸ ਦੇ
ਜਨਰਲ ਸਕੱਤਰ, ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਸਮਾਰੋਹ ਦੀ ਤਿਆਰੀ
ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਦਾ ਸਿੱਧਾ ਦੋਸ਼ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਇਕ
ਟੀ.ਵੀ. ਚੈਨਲ ਤੇ ਗੱਜਵੱਜ ਕੇ ਲਗਾਇਆ। ਇਹ ਵਿਅਕਤੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ
ਸਿੰਘ ਬਾਦਲ ਦੇ ਉੱਘੇ ਸਲਾਹਕਾਰਾਂ ਵਿਚ ਸ਼ਾਮਲ ਹੈ।
ਕੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਤੇ ਅਕਾਲੀ ਦਲ ਪ੍ਰਧਾਨ ਇਸ ਸਮੁੱਚੇ ਮੁੱਦੇ ਬਾਰੇ ਕੌਮ ਦੀ ਅਗਵਾਈ ਕਰਨਗੇ? ਇਸੇ ਘਟਨਾ ਕਰ
ਕੇ ਆਰ.ਐਸ.ਐਸ. ਦੇ ਰਾਜਨੀਤਕ ਵਿੰਗ ਭਾਜਪਾ ਤੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਸਬੰਧਤ
ਸਿਆਸੀ ਵਿੰਗ ਅਕਾਲੀ ਦਲ ਦੇ ਨਹੁੰ-ਮਾਸ ਦੇ ਅਟੁੱਟ ਰਿਸ਼ਤੇ ਤੇ ਆਪਸੀ ਗੂੜ੍ਹੀ ਭਾਈਚਾਰਕ
ਸਾਂਝ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਜਦੋਂ ਭਾਜਪਾ ਬੁਲਾਰੇ ਹਰਜੀਤ ਸਿੰਘ ਗਰੇਵਾਲ ਨੇ
ਸਪੱਸ਼ਟ ਕਹਿ ਦਿਤਾ ਕਿ ਜੇ ਅਕਾਲੀ ਦਲ ਚਾਹੇ ਤਾਂ ਭਾਜਪਾ ਨਾਲੋਂ ਨਾਤਾ ਤੋੜ ਕੇ ਗਠਜੋੜ ਤੋਂ
ਮੁਕਤੀ ਪ੍ਰਾਪਤੀ ਕਰ ਸਕਦਾ ਹੈ। ਇਸ ਦੀ ਪਿੱਠ ਭੂਮੀ ਵਿਚ ਆਰ.ਐਸ.ਐਸ. ਅਤੇ ਭਾਜਪਾ ਦੀ
ਮਨਸ਼ਾ ਸਪੱਸ਼ਟ ਹੈ। ਦਰਅਸਲ ਅਕਾਲੀ-ਭਾਜਪਾ ਵਿਚਾਰਧਾਰਕ ਤੌਰ ਤੇ ਇਕਮਤ ਨਹੀਂ। ਇਹ ਗਠਜੋੜ
ਸਿਰਫ਼ ਰਾਜਨੀਤਕ ਸੱਤਾ ਤਕ ਸੀਮਤ ਹੈ। ਸਿੱਖ ਕੌਮ ਅੰਦਰ ਸਿੱਖ ਸੰਸਥਾਵਾਂ ਦੇ ਸਿਆਸੀਕਰਨ ਦਾ
ਮਸਲਾ ਬਹੁਤ ਪੇਚੀਦਾ ਹੋ ਚੁੱਕਾ ਹੈ। ਸਿੱਖਾਂ ਦੀ ਕੌਮੀ ਵਰਕਿੰਗ ਵਿਚ ਸਿੱਖ ਸਿਧਾਂਤਾਂ
(ਮੀਰੀ-ਪੀਰੀ) ਤੇ ਪ੍ਰੰਪਰਾਵਾਂ ਅਨੁਸਾਰ ਧਰਮ ਤੇ ਸਿਆਸਤ ਦਾ ਆਪਸੀ ਪੱਕਾ ਸੁਮੇਲ ਹੈ। ਇਹ
ਇਕ-ਦੂਜੇ ਤੋਂ ਵੱਖ ਨਹੀਂ। ਇਸ ਸਬੰਧੀ ਅਹਿਮ ਅਮਲ ਦਾ ਇਤਿਹਾਸ ਤੇ ਤਰੀਕਾਕਾਰ ਇਹ ਰਿਹਾ ਹੈ
:
(À) ਜਦੋਂ ਸਿੱਖ ਕੌਮ ਅੰਦਰ ਧਾਰਮਕ ਲੋਕ ਜਾਂ ਆਗੂ ਭਾਰੂ ਹੋਣ ਤਾਂ ਧਰਮ, ਸਿਆਸਤ
ਤੇ ਭਾਰੂ ਹੁੰਦਾ ਹੈ। ਬੰਦਾ ਸਿੰਘ ਬਹਾਦਰ ਅਤੇ ਅਕਾਲੀ ਫੂਲਾ ਸਿੰਘ (ਜਦੋਂ ਤਕ ਮਹਾਰਾਜਾ
ਰਣਜੀਤ ਸਿੰਘ ਕਮਜ਼ੋਰ ਰਿਹਾ) ਕਾਲ ਇਸ ਦੀ ਮਿਸਾਲ ਹਨ।
(ਅ) ਜਦੋਂ ਸਿੱਖ ਕੌਮ ਅੰਦਰ
ਸਿਆਸੀ ਲੋਕ ਭਾਰੂ ਹੋਣ ਤਾਂ ਸਿਆਸਤ, ਧਰਮ ਤੇ ਇਸ ਦੀਆਂ ਸੰਸਥਾਵਾਂ ਉਤੇ ਭਾਰੂ ਰਹਿੰਦੀ
ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਕਾਲ ਇਸ ਦੀ ਮਿਸਾਲ ਹਨ।
(Â)
ਜਦੋਂ ਸਿੱਖ ਕੌਮ ਅੰਦਰ ਧਰਮ ਅਤੇ ਸਿਆਸੀ ਲੋਕ ਜਾਂ ਆਗੂ ਬਰਾਬਰੀ ਵਾਲੀ ਅਵਸਥਾ ਵਿਚ ਵਿਚਰਨ
ਤਾਂ ਧਰਮ ਅਤੇ ਸਿਆਸਤ ਮਿਲ ਕੇ ਚਲਦੀ ਹੈ। ਮਾਸਟਰ ਤਾਰਾ ਸਿੰਘ, 'ਜਥੇਦਾਰ ਗੁਰਚਰਨ ਸਿੰਘ
ਟੌਹੜਾ ਤੇ ਪਰਕਾਸ਼ ਸਿੰਘ ਬਾਦਲ ਕਾਲ ਇਸ ਦੀ ਮਿਸਾਲ ਹਨ।
ਸਿੱਖ ਸੰਘਰਸ਼ਾਂ ਖ਼ਾਸ ਕਰ ਕੇ ਸਿੱਖ ਮਿਸਲਾਂ ਵੇਲੇ 'ਸਰਬੱਤ ਖ਼ਾਲਸਾ' ਇਕ ਤਾਕਤਵਰ ਸੰਸਥਾ ਵਜੋਂ ਉਭਰੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਵੈ ਕੇਂਦਰਤ ਉਪਭੋਗਤਾਵਾਦੀ ਦ੍ਰਿਸ਼ਟੀਕੌਣ ਨੇ ਇਸ ਨੂੰ ਖ਼ਤਮ ਕਰ ਦਿਤਾ। ਅੱਜ ਸਿੱਖਾਂ ਦੀ ਚੁਣੀ ਹੋਈ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਯੁੱਗ ਵਿਚ ਇਸ ਦੀ ਕੋਈ ਮਹੱਤਤਾ ਨਹੀਂ। 10-12 ਸਾਲਾਂ ਦੀ ਅਤਿਵਾਦੀ ਤਰਾਸਦੀ ਵੇਲੇ 'ਸਰਬੱਤ ਖ਼ਾਲਸਾ' ਤੇ ਆਪੋਧਾਪੀ ਵਿਵਸਥਾ ਕਰ ਕੇ ਤਖ਼ਤ ਸਾਹਿਬਾਨ ਉਤੇ ਚਾਰ-ਚਾਰ ਜਥੇਦਾਰਾਂ ਦੇ ਸੈੱਟ ਤਾਇਨਾਤ ਹੋਣੇ ਅਤੇ ਹੁਣ ਦੋ-ਦੋ ਸੈੱਟ ਤਾਇਨਾਤ ਹੋਣੇ 'ਬਿਪਰਨ ਕੀ ਰੀਤ' ਦੀਆਂ ਮਿਸਾਲਾਂ ਹਨ। ਕੈਨੇਡਾ ਅੰਦਰ ਗੁਰਦਵਾਰਾ ਸਾਹਿਬਾਨ ਤੋਂ ਇਲਾਵਾ ਸਿੱਖ ਸੰਸਥਾਵਾਂ ਦੀ ਅਣਹੋਂਦ ਅਤੇ ਇਨ੍ਹਾਂ ਦੀ ਉਲਝਾਹਟ ਤੋਂ ਪਰੇ, ਸਿੱਖ ਸਿਧਾਂਤਾਂ, ਪ੍ਰੰਪਰਾਵਾਂ, ਉੱਚ ਕੌਮੀ ਤੇ ਨਿਜੀ ਇਖ਼ਲਾਕ ਦਾ ਮੁਜ਼ਾਹਰਾ ਕਰਦਿਆਂ ਸਿੱਖ ਸਿਆਸਤਦਾਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੇ ਵਿਸ਼ਵ ਅੰਦਰ ਇਸ ਕੌਮ ਦੀ ਕਾਬਲੀਅਤ ਦੀ ਧਾਕ ਜਮਾ ਕੇ ਰਖ ਦਿਤੀ ਹੈ। ਅਜੋਕੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਵਿਚ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਮੇਤ ਚਾਰ ਸਿੱਖਾਂ ਦਾ ਕੈਬਨਿਟ ਮੰਤਰੀ ਹੋਣਾ, ਨਿਊ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਜਗਮੀਤ ਸਿੰਘ ਦਾ ਚੁਣੇ ਜਾਣਾ ਜੋ ਭਵਿੱਖ ਵਿਚ ਇਸ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਹਨ, ਸ਼ਲਾਘਾਯੋਗ ਮਿਸਾਲਾਂ ਹਨ।
ਪਰ ਭਾਰਤ ਅੰਦਰ ਸਵੈਕੇਂਦਰਿਤ ਉਪਭੋਗਤਾਵਾਦੀ ਦ੍ਰਿਸ਼ਟੀਕੋਣ
ਅਧੀਨ ਭ੍ਰਿਸ਼ਟਾਚਾਰੀ, ਅਨੈਤਿਕ, ਗ਼ੈਰ-ਸਿਧਾਂਤਕ ਸਿਆਸਤਦਾਨਾਂ ਅਤੇ ਧਾਰਮਕ ਆਗੂਆਂ ਨੇ ਸਿੱਖ
ਧਾਰਮਕ, ਰਾਜਨੀਤਕ, ਅਧਿਆਤਮਕ ਸੰਸਥਾਵਾਂ ਦਾ ਘਾਣ ਕਰ ਰਖਿਆ ਹੈ। ਅਪਰਾਧੀ ਸਿਰਸੇ ਵਾਲੇ
ਡੇਰੇ ਦੇ ਸਾਧ ਦਾ ਮਾਫ਼ੀ ਪ੍ਰਸੰਗ, ਅਕਾਲੀ ਦਲ ਦੀ ਅਗਵਾਈ ਵਾਲੇ ਅਕਾਲੀ-ਭਾਜਪਾ ਗਠਜੋੜ ਰਾਜ
ਵਿਚ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ,
ਗੁਰਦਵਾਰਾ ਛੋਟਾ ਘੱਲੂਘਾਰਾ ਵਿਭਚਾਰ, ਸ਼੍ਰੋਮਣੀ ਕਮੇਟੀ ਮੈਂਬਰ, ਅਕਾਲੀ ਦਲ ਦੀ ਕੋਰ
ਕਮੇਟੀ ਦੇ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਸਬੰਧੀ ਬਲਾਤਕਾਰ
ਕਾਂਡ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ, ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਕੈਬਨਿਟ
ਮੰਤਰੀ ਬੀਬੀ ਜਗੀਰ ਕੌਰ ਨੂੰ ਅਪਣੀ ਗਰਭਵਤੀ ਪੁੱਤਰੀ ਦੇ ਮਾਰਨ ਦੀ ਸਾਜ਼ਸ਼ ਵਿਚ ਸਜ਼ਾ,
ਅਤਿਵਾਦੀ ਤ੍ਰਾਸਦੀ ਦੇ ਕਾਲੇ ਦੌਰ ਵਿਚ ਪੰਜਾਬ ਦੇ ਬੁੱਧੀਜੀਵੀਆਂ ਨੂੰ ਧਮਕਾਉਣ ਵਾਲੀ
ਮਹਿਤਾ-ਚਾਵਲਾ ਜੋੜੀ ਨੂੰ ਸ਼੍ਰੋਮਣੀ ਕਮੇਟੀ ਵਿਚ ਅਹਿਮ ਅਹੁਦਿਆਂ ਤੇ ਤਾਇਨਾਤ ਕਰਨ ਤੇ
ਪ੍ਰਚਾਰਕ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਸਬੰਧੀ ਵਿਵਾਦ ਆਦਿ ਜਿਹੀਆਂ ਘਟਨਾਵਾਂ ਇਸ
ਦੀਆਂ ਵੱਡੀਆਂ ਮਿਸਾਲਾਂ ਹਨ। ਕੌਮ ਦੀ ਥਾਂ ਸਵੈਕੇਂਦਰਿਤ ਉਪਭੋਗਤਾਵਾਦੀ ਦ੍ਰਿਸ਼ਟੀ ਵਾਲੇ
ਭ੍ਰਿਸ਼ਟਾਚਾਰੀ, ਅਨੈਤਿਕ ਤੇ ਨਾਅਹਿਲ ਸਿਆਸਤਦਾਨਾਂ ਅਤੇ ਧਾਰਮਕ ਆਗੂਆਂ ਨੂੰ 'ਸਿੱਖ ਨਿਰਮਲ
ਪੰਥ' ਅਤੇ ਕੌਮ ਦੀ ਅਗਵਾਈ ਤੋਂ ਆਪੇ ਹੀ ਕਿਨਾਰਾ ਕਰ ਲੈਣਾ ਚਾਹੀਦਾ ਹੈ, ਨਹੀਂ ਸੁੱਚਾ
ਸਿੰਘ ਲੰਗਾਹ, ਮਾਸਟਰ ਜੌਹਰ ਸਿੰਘ ਦਾ ਹਸ਼ਰ ਯਾਦ ਰੱਖਣਾ ਕੌਮ ਨੂੰ ਸਹੀ, ਸਿਧਾਂਤਕ, ਉੱਚ
ਇਖ਼ਲਾਕ ਵਾਲੇ 'ਸਿੱਖ ਨਿਰਮਲ ਪੰਥ' ਨੂੰ ਮਨ, ਬਚਨ, ਕਰਮ ਨਾਲ ਸਮਰਪਿਤ ਰਾਜਨੀਤਕ ਅਤੇ
ਧਾਰਮਕ ਆਗੂ ਅੱਗੇ ਲਿਆਉਣੇ ਚਾਹੀਦੇ ਹਨ, ਜੋ ਸਿੱਖ ਸੰਸਥਾਵਾਂ ਦਾ ਸ਼ਾਨਾਂਮੱਤਾ ਜਲੌਅ
ਪੁਨਰਜੀਵਤ ਕਰ ਸਕਣ।
ਸੰਪਰਕ : 94170-94034