
'ਜਪੁ ਜੀ' ਸਾਹਿਬ ਦੀ ਰਚਨਾ, ਜਿਵੇਂ ਕਿ
ਸਾਰੇ ਵਿਦਵਾਨ ਸਹਿਮਤ ਹਨ, ਬਾਬਾ ਨਾਨਕ
ਨੇ ਅਪਣੇ ਸੰਸਾਰ-ਸਫ਼ਰ ਦੇ ਅੰਤਲੇ ਦਿਨਾਂ ਵਿਚ
ਕੀਤੀ ਸੀ ਤੇ ਇਸ ਰਾਹੀਂ ਆਪ ਨੇ ਉਨ੍ਹਾਂ ਸਾਰੇ
ਸਵਾਲਾਂ ਦੇ ਉੱਤਰ ਦਿਤੇ ਸਨ ਜਿਹੜੇ ਵਾਰਵਾਰ
ਆਪ ਤੋਂ ਪੁੱਛੇ ਜਾਂਦੇ ਸਨ, ਜਿਵੇਂ ਕਿ ਰੱਬ
ਹੈ ਕੀ? ਸ੍ਰਿਸ਼ਟੀ ਕੀ ਹੈ? ਬ੍ਰਹਮੰਡ ਕੀ ਹੈ? ਰੱਬ ਨੂੰ
ਪ੍ਰਾਪਤ ਕਰਨ ਦਾ ਠੀਕ ਰਾਹ ਕੀ ਹੈ? ਕੀ ਤੀਰਥ
ਯਾਤਰਾ ਕਰਨ ਨਾਲ, ਦਾਨ ਪੁੰਨ ਕਰਨ ਨਾਲ ਜਾਂ
ਤਪੱਸਿਆ ਕਰਨ ਤੇ ਮਾਲਾ ਫੇਰਨ ਨਾਲ ਰੱਬ ਮਿਲ
ਜਾਂਦਾ ਹੈ? ਇਹ ਧਰਤੀ ਕਾਹਦੇ ਉਤੇ ਟਿਕੀ ਹੋਈ
ਹੈ? ਦੇਵਤਿਆਂ ਦਾ ਉਸ ਦੇ ਦਰਬਾਰ ਵਿਚ ਕੀ
ਸਥਾਨ ਹੈ? ਕੀ ਵੈਸ਼ਨੋ ਭੋਜਨ ਖਾਣ ਨਾਲ ਹੀ ਰੱਬ
ਖ਼ੁਸ਼ ਹੁੰਦਾ ਹੈ? ਪ੍ਰਮਾਤਮਾ ਦੇ ਦਰਬਾਰ ਦੇ ਕਿਹੜੇ
ਕਿਹੜੇ ਖੰਡ ਹਨ? ਆਦਿ ਆਦਿ।
ਜਪੁਜੀ ਵਿਚ ਬਾਬੇ ਨਾਨਕ ਨੇ ਹਰ ਸਵਾਲ
ਦਾ ਉੱਤਰ ਦਿਤਾ ਹੈ ਪਰ ਅਸਪਸ਼ਟਤਾ ਅੱਜ ਵੀ
ਓਨੀ ਹੀ ਪਸਰੀ ਹੋਈ ਹੈ ਜਿੰਨੀ ਬਾਬੇ ਨਾਨਕ ਦੇ
ਅਪਣੇ ਸਮੇਂ ਵਿਚ ਸੀ। ਬਾਬਾ ਨਾਨਕ ਜੀ ਦੀ
ਗੱਦੀ 'ਤੇ ਬੈਠਣ ਵਾਲੇ ਗੁਰੂਆਂ ਅਤੇ ਖ਼ਾਸ ਤੌਰ
'ਤੇ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ
ਜੀ ਨੇ ਹੋਰ ਜ਼ਿਆਦਾ ਸੌਖੀ ਭਾਸ਼ਾ ਵਿਚ ਬਾਬੇ
ਨਾਨਕ ਦੇ ਕਥਨਾਂ ਨੂੰ ਸਮਝਾਇਆ ਪਰ ਉੁਨ੍ਹਾਂ
ਮਗਰੋਂ ਲਗਭਗ ਦੋ ਸਦੀਆਂ ਦੇ ਲੰਮੇ ਸਮੇਂ ਵਿਚ,
ਬਾਣੀ ਦੇ ਅਰਥ ਕਰਨ ਦਾ ਕੰਮ (ਇਤਿਹਾਸਕ
ਕਾਰਨਾਂ ਕਰ ਕੇ) ਉਨ੍ਹਾਂ ਲੋਕਾਂ ਦੇ ਹੱਥ ਵਿਚ ਆ
ਗਿਆ ਜੋ ਇਹ ਸਮਝਣ ਲਈ ਹੀ ਤਿਆਰ ਨਹੀਂ
ਸਨ ਕਿ ਬਾਬਾ ਨਾਨਕ ਇਕ ਯੁਗ-ਪੁਰਸ਼ ਸੀ ਅਤੇ
ਯੁਗ ਪੁਰਸ਼ ਉਹ ਹੁੰਦਾ ਹੈ ਜੋ ਪਿਛਲੀਆਂ ਸਾਰੀਆਂ
ਮਨੌਤਾਂ ਨੂੰ ਰੱਦ ਕਰ ਦੇਂਦਾ ਹੈ ਜਾਂ ਇਸ ਤਰ੍ਹਾਂ ਬਦਲ ਦੇਂਦਾ ਹੈ ਕਿ ਪੁਰਾਣੇ ਸ਼ਬਦਾਂ ਨੂੰ ਅਰਥ ਹੀਨਵੇਂ ਮਿਲ ਜਾਂਦੇ ਹਨ।

ਯੁਗ ਪੁਰਸ਼ ਦੇ ਕਥਨਾਂ ਜਾਂ ਬਾਣੀ ਨੂੰ ਸਮਝਣ ਲਈ ਜੇ ਪੁਰਾਣੇ ਗ੍ਰੰਥਾਂ
ਵਿਚਲੀਆਂ ਪੁਰਾਤਨ ਮਨੌਤਾਂ ਨੂੰ ਸਹਾਰੇ ਵਜੋਂ ਵਰਤਣ ਦੀ ਗ਼ਲਤੀ ਕੀਤੀ ਜਾਏ ਤਾਂ ਨਤੀਜਾ ਇਹੀ ਨਿਕਲੇਗਾ ਕਿ ਗੱਲ ਪਹਿਲਾਂ ਨਾਲੋਂ ਵੀ ਜ਼ਿਆਦਾ ਅਸਪਸ਼ਟ ਹੋ ਜਾਏਗੀ। ਇਹੀ ਕੁੱਝ ਅੱਜ ਹੋ ਰਿਹਾ ਹੈ। ਗੁਰੁ ਗੋਬਿੰਦ ਸਿੰਘ ਜੀ ਤੋਂ ਮਗਰਲੇ 200 ਸਾਲਾਂ ਵਿਚ ਹੋਏ ਉਲਟ-ਪ੍ਰਚਾਰ ਦਾ ਅਸਰ ਬਾਬੇ ਨਾਨਕ ਦੇ ਸਿੱਖ ਪ੍ਰਚਾਰਕਾਂ ਨੇ ਵੀ ਕਬੂਲਿਆ ਹੋਇਆ ਹੈ ਤੇ ਉਹ ਬਾਣੀ ਦੇ ਉਹੀ ਅਰਥ ਕਰਦੇ ਵੇਖੇ ਜਾਂਦੇ ਹਨ ਜਿਨ੍ਹਾਂ ਨੂੰ 'ਅਨਰਥ' ਕਿਹਾ ਜਾਏ ਤਾਂ ਅਤਿਕਥਨੀ ਨਹੀਂ
ਹੋਵੇਗੀ। ਇਹ ਸਾਰੇ ਮੰਦ-ਭਾਵਨਾ ਨਾਲ ਅਜਿਹਾ ਨਹੀਂ ਕਰਦੇ ਪਰ 18ਵੀਂ ਤੇ 19ਵੀਂ ਸਦੀ ਵਿਚ ਨਿਰਮਲਿਆਂ, ਉਦਾਸੀਆਂ ਤੇ ਮਹੰਤਾਂ ਨੇ ਜੋ ਲੀਹਾਂ ਪਾ ਦਿਤੀਆਂ ਸਨ, ਉੁਨ੍ਹਾਂ ਤੋਂ ਬਾਹਰ ਨਿਕਲਣ ਦੀ ਹਿਮੰਤ ਨਾ ਹੋਣ ਕਾਰਨ ਹੀ ਉਨ੍ਹਾਂ ਤੋਂ ਕਈ ਬਜਰ ਗ਼ਲਤੀਆਂ ਹੋ ਰਹੀਆਂ ਹਨ।
ਅਜੋਕੇ ਸਮੇਂ ਦੇ ਸੱਭ ਤੋਂ ਹਰਮਨ ਪਿਆਰੇ ਕਥਾਕਾਰ ਗਿ. ਸੰਤ ਸਿੰਘ ਮਸਕੀਨ ਸਨ ਜੋ ਸ੍ਰੀਰ ਕਰ ਕੇ ਤਾਂ ਹੁਣ ਨਹੀਂ ਰਹੇ ਪਰ ਉੁਨ੍ਹਾਂ ਦੀਆਂ ਕੈਸਿਟਾਂ ਟੀ.ਵੀ. ਉਤੇ ਵੀ ਹਰ ਰੋਜ਼ ਸੁਣੀਆਂ ਜਾ ਸਕਦੀਆਂ ਹਨ ਤੇ ਬਾਜ਼ਾਰ ਵਿਚ ਵੀ ਆਮ ਵਿਕਦੀਆਂ ਹਨ। ਬੜੀ ਸੋਹਣੀ ਤੇ ਮਨ ਨੂੰ ਖਿੱਚ ਪਾਉਣ ਵਾਲੀ ਵਿਆਖਿਆ ਕਰਦੇ ਹੋਏ ਜਦੋਂ ਬਾਣੀ ਵਿਚਲੇ ਉੁਨ੍ਹਾਂ ਸ਼ਬਦਾਂ ਦੇ ਰੂਬਰੂ ਹੁੰਦੇ ਹਨ
ਜੋ ਬਾਬੇ ਨਾਨਕ ਤੋਂ ਪਹਿਲਾਂ ਦੇ ਧਾਰਮਕ ਗ੍ਰੰਥਾਂ ਵਿਚ ਵੀ ਮੌਜੂਦ ਸਨ ਤਾਂ ਉਨ੍ਹਾਂ ਸ਼ਬਦਾਂ ਜਾਂ ਅੱਖਰਾਂ ਦੀ ਉਹੀ ਵਿਆਖਿਆ ਕਰਨ ਲੱਗ ਜਾਂਦੇ ਹਨ ਜੋ ਪੁਰਾਤਨ ਗ੍ਰੰਥਾਂ ਵਿਚ ਦਿਤੀ ਹੁੰਦੀ ਹੈ। ਇਸ ਨਾਲ ਯੁੱਗ ਪੁਰਸ਼ ਬਾਬੇ ਨਾਨਕ ਨੇ ਧਾਰਮਕ ਫ਼ਲਸਫ਼ੇ ਵਿਚ ਜਿਹੜਾ ਇਕਲਾਬੀ ਪਲਟਾ ਲਿਆਂਦਾ ਸੀ ਤੇ ਇਕ ਨਵੇਂ ਯੁਗ ਨੂੰ ਜਨਮ ਦਿਤਾ ਸੀ, ਉਹ ਗੱਲ ਅਧਵਾਟੇ ਹੀ ਰਹਿ ਜਾਂਦੀ ਹੈ। ਇਹ ਕਿਸੇ ਇਕ ਕਥਾਕਾਰ ਦੀ ਗੱਲ ਨਹੀਂ, ਬਹੁਗਿਣਤੀ ਕਥਾਕਾਰ ਇਹੀ ਕਰ ਰਹੇ ਹਨ।
ਇਸ ਨੂੰ ਕਿਸੇ ਦੀ ਵਿਰੋਧਤਾ ਜਾਂ ਨਿਖੇਧੀ ਵੀ ਨਾ ਸਮਝਿਆ ਜਾਵੇ ਸਗੋਂ ਇਸ ਤਰ੍ਹਾਂ ਲਿਆ ਜਾਵੇ ਕਿ ਅਸੀ ਬਾਬੇ ਨਾਨਕ ਨੂੰ ਉਨ੍ਹਾਂ ਦੇ ਅਪਣੇ ਮੁਖਾਰਬਿੰਦ ਤੋਂ ਨਿਕਲੀ ਬਾਣੀ ਰਾਹੀਂ ਸਮਝਣਾ ਤੇ ਜਾਣਨਾ ਹੈ, ਪੁਰਾਤਨ ਗ੍ਰੰਥਾਂ ਰਾਹੀਂ ਨਹੀਂ ਤੇ ਜਿਥੇ ਕਿਤੇ ਕਿਸੇ ਨੇ ਬਾਬੇ ਨੂੰ ਸਮਝਣ ਲਈ ਦੂਜਾ ਰਾਹ ਚੁਣਿਆ ਹੈ, ਉਸ ਬਾਰੇ ਦਲੀਲ ਨਾਲ ਸਮਝੀਏ ਕਿ ਉਸ ਵਿਚ ਗ਼ਲਤ ਕੀ ਸੀ। ਇਸੇ ਲਈ ਬਾਬੇ ਨਾਨਕ ਨੂੰ ਸਮਝਣ ਲਈ ਪਹਿਲਾਂ 5 ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

(1) ਬਾਬਾ ਨਾਨਕ ਇਕ ਯੁਗ ਪੁਰਸ਼
ਪਹਿਲੀ ਗੱਲ ਇਹੀ ਸਮਝਣੀ ਜ਼ਰੂਰੀ ਹੈ ਕਿ ਬਾਬਾ ਨਾਨਕ ਇਕ ਯੁਗ ਪੁਰਸ਼ ਸਨ। ਧਰਮ ਵਿਚ ਪਹਿਲਾਂ ਤੋਂ ਪ੍ਰਚਲਤ ਸ਼ਬਦਾਂ, ਮਨੌਤਾਂ, ਵਿਚਾਰਾਂ ਨੂੰ ਬਾਬਾ ਨਾਨਕ ਜੀ ਨੇ ਜਾਂ ਤਾਂ ਪੂਰੀ ਤਰ੍ਹਾਂ ਰੱਦ ਕਰ ਦਿਤਾ ਤੇ ਜਾਂ ਉੁਨ੍ਹਾਂ ਨੂੰ ਨਵੇਂ ਅਰਥ ਦੇ ਦਿਤੇ। ਕਿਸੇ ਹੋਰ ਪੁਰਾਤਨ ਗ੍ਰੰਥ ਵਿਚ ਕੀ ਲਿਖਿਆ ਹੈ, ਇਹ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਬਾਬਾ ਨਾਨਕ ਨੇ ਉਸ ਮਨੌਤ, ਸ਼ਬਦ, ਵਿਚਾਰ ਨੂੰ ਆਪ ਕਿਹੜੇ ਨਵੇਂ ਅਰਥ ਦਿਤੇ ਜਾਂ ਰੱਦ ਕਰਦੇ ਹੋਏ ਵੀ ਆਪ ਕਿਉਂ ਉਸ ਦੀ ਵਰਤੋਂ ਕੀਤੀ। ਜਵਾਬ ਬਾਬੇ ਨਾਨਕ ਦੀ ਅਪਣੀ ਬਾਣੀ 'ਚੋਂ ਹੀ ਲੱਭ ਪਵੇਗਾ, ਬਾਹਰ ਜਾਣ ਦੀ ਲੋੜ ਨਹੀਂ ਪਵੇਗੀ - ਕੇਵਲ ਮਿਹਨਤ ਕਰਨੀ ਪਵੇਗੀ ਤੇ ਉਸੇ ਤਰ੍ਹਾਂ ਬਾਬੇ ਨਾਨਕ ਦੀ ਬਾਣੀ ਵਿਚ ਖੁੱਭ ਜਾਣਾ ਹੋਵੇਗਾ ਜਿਵੇਂ ਬਾਬਾ ਨਾਨਕ ਆਪ ਉਸ ਸਮੇਂ ਬਾਣੀ ਵਿਚ ਖੁੱਭ ਜਾਂਦੇ ਸਨ ਜਦੋਂ ਆਪ ਵਿਸਮਾਦ ਵਿਚ ਆ ਕੇ, ਮਰਦਾਨੇ ਨੂੰ ਕਹਿ ਉਠਦੇ ਸਨ, ''ਛੇੜ ਰਬਾਬ ਮਰਦਾਨਿਆ, ਬਾਣੀ ਆਈ ਆ।''
ਅਸੀ ਗੱਲ 'ਜਪੁ' ਤੋਂ ਹੀ ਸ਼ੁਰੂ ਕਰਦੇ ਹਾਂ। ਪੁਰਾਤਨ ਗ੍ਰੰਥਾਂ ਵਿਚ ਨਾਮ ਜਪਣ ਦੇ ਕਿਹੜੇ ਕਿਹੜੇ ਢੰਗ ਦੱਸੇ ਗਏ ਹਨ? ਇਹੀ ਕਿ ਮੰਤਰਾਂ ਦਾ ਰਟਨ ਕਰੋ, ਕੁੱਝ ਸ਼ਬਦਾਂ (ਮੰਤਰਾਂ) ਨੂੰ ਬਾਰ ਬਾਰ ਪੜ੍ਹੋ (ਜਪੋ), ਮਾਲਾ ਫੇਰੋ, ਅੱਖਾਂ ਬੰਦ ਕਰ ਕੇ ਪੜ੍ਹੋ, ਇਕਾਂਤ ਵਿਚ ਤਪੱਸਿਆ ਕਰ ਕੇ ਮੰਤਰਾਂ ਦਾ ਜਾਪ ਕਰੋ, ਭੋਰਿਆਂ ਵਿਚ ਬੈਠ ਕੇ ਮੰਤਰਾਂ ਦਾ ਰਟਨ ਕਰੋ, ਭੁੱਖੇ ਪਿਆਸੇ ਰਹਿ ਕੇ ਉਸ ਪ੍ਰਮਾਤਮਾ ਨੂੰ ਯਾਦ ਕਰੋ ਤੇ ਮੰਤਰ ਜਾਪ ਕਰੋ ਆਦਿ ਆਦਿ। ਹੁਣ ਬਾਬੇ ਨਾਨਕ ਦੀ ਬਾਣੀ ਵਿਚ ਤਾਂ ਇਨ੍ਹਾਂ ਸਾਰੀਆਂ ਹੀ ਕ੍ਰਿਆਵਾਂ ਨੂੰ ਰੱਦ ਕੀਤਾ ਗਿਆ ਹੈ ਅਤੇ ਦਸਿਆ ਗਿਆ ਹੈ ਕਿ ਰੱਬ ਨੂੰ ਮਿਲਣ ਦਾ ਇਹ ਰਾਹ ਗ਼ਲਤ ਹੈ ਤੇ ਰੱਬ ਇਨ੍ਹਾਂ ਗੱਲਾਂ ਨਾਲ ਪ੍ਰਸੰਨ ਨਹੀਂ ਹੁੰਦਾ।
ਫਿਰ ਬਾਬੇ ਨਾਨਕ ਦਾ 'ਜਪੁ' ਅਤੇ 'ਨਾਮ ਜਪਣਾ'² ਕੀ ਹੋਇਆ? ਪੁਰਾਣੇ ਗ੍ਰੰਥਾਂ ਵਿਚੋਂ ਅਰਥ ਲੱਭਾਂਗੇ ਤਾਂ ਪਹਿਲਾਂ ਨਾਲੋਂ ਵੀ ਵੱਡੇ ਭੁਲੇਖੇ ਦਾ ²ਿਸ਼ਕਾਰ ਹੋ ਜਾਵਾਂਗੇ। ਬਾਬੇ ਨਾਨਕ ਨੇ 'ਜਪੁ' ਜਾਂ 'ਨਾਮ ਜਪਣ' ਨੂੰ ਬਿਲਕੁਲ ਨਵੇਂ ਅਰਥ ਦੇ ਦਿਤੇ ਹਨ ਜੋ ਪੁਰਾਣੇ ਅਰਥਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ। ਨਵੇਂ ਅਰਥ ਬਾਬੇ ਨਾਨਕ ਦੀ ਬਾਣੀ ਵਿਚੋਂ ਹੀ ਲਭਣੇ ਪੈਣਗੇ।

ਬਹੁਤੇ ਟੀਕਾਕਾਰ 'ਨਾਮ ਜਪੋ' ਦੇ ਅਰਥ ਕਰਨ ਲਗਿਆਂ ਗੱਲ ਗੋਲਮੋਲ ਕਰ ਜਾਂਦੇ ਹਨ ਤੇ ਲਿਖ ਛਡਦੇ ਹਨ ਕਿ ਬਾਬੇ ਨਾਨਕ ਨੇ ਸੰਦੇਸ਼ ਦਿਤਾ ਕਿ ਬੰਦਿਆ, ਨਾਮ ਜਪਣ ਨੂੰ ਪਹਿਲ ਦੇ। ਪਰ ਬਾਬੇ ਨਾਨਕ ਦਾ 'ਜਾਪ' ਜਦ 'ਜਾਪ' ਨਾਲ ਜੁੜੀਆਂ ਸਾਰੀਆਂ ਸ੍ਰੀਰਕ ਕ੍ਰਿਆਵਾਂ ਨੂੰ ਰੱਦ ਕਰਦਾ ਹੈ (ਜਿਨ੍ਹਾਂ ਦਾ ਜ਼ਿਕਰ ਅਸੀ ਉਪਰ ਕੀਤਾ ਹੈ) ਤਾਂ ਇਹ ਦਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਬਾਬਾ ਨਾਨਕ ਕਿਹੜੇ 'ਜਪੁ' ਜਾਂ 'ਨਾਮ ਜਪਣ' ਦੀ ਗੱਲ ਕਰ ਰਹੇ ਸਨ। ਅਸੀ ਬਾਬੇ ਨਾਨਕ ਦੀ ਬਾਣੀ ਵਿਚੋਂ ਹੀ ਲੱਭਾਂਗੇ।
ਇਸੇ ਤਰ੍ਹਾਂ 'ਗੁਰੂ' ਦੇ ਅਰਥ ਕਿਸੇ ਵੀ ਪੁਰਾਤਨ ਗ੍ਰੰਥ ਵਿਚ ਉਹ ਨਹੀਂ ਦਿਤੇ ਜੋ ਨਾਨਕਬਾਣੀ ਵਿਚ ਦਿਤੇ ਗਏ ਹਨ। ਅਸੀ 100 ਤੋਂ ਉਪਰ ਅਜਿਹੇ ਸ਼ਬਦਾਂ ਨੂੰ 'ਜਪੁਜੀ'² ਵਿਚੋਂ ਹੀ ਲੱਭਾਂਗੇ ਜਿਨ੍ਹਾਂ ਦੇ ਪਹਿਲਾਂ ਅਰਥ ਹੋਰ ਕੀਤੇ ਜਾਂਦੇ ਸਨ ਪਰ ਯੁਗ ਪੁਰਸ਼ ਬਾਬੇ ਨਾਨਕ ਨੇ ਜਿਨ੍ਹਾਂ ਦੇ ਅਰਥ ਪੂਰੀ ਤਰ੍ਹਾਂ ਬਦਲ ਦਿਤੇ ਹਨ। ਇਸ ਕਸਰਤ ਵਿਚ ਅਸੀ ਕਾਮਯਾਬ ਤਾਂ ਹੀ ਹੋਵਾਂਗੇ ਜੇ ਪਹਿਲਾਂ ਇਹ ਮੰਨ ਲਈਏ ਕਿ ਬਾਬਾ ਨਾਨਕ ਇਕ ਯੁਗ ਪੁਰਸ਼ ਸੀ। ਜੇ ਇਹ ਮੰਨੇ ਬਗ਼ੈਰ ਜਾਂ ਸਮਝੇ ਬਗ਼ੈਰ, ਨਾਨਕ-ਬਾਣੀ ਦੇ ਅਰਥ ਕਰਨ ਲੱਗ ਪਵਾਂਗੇ ਤਾਂ ਪੁਰਾਣੇ ਗ੍ਰੰਥਾਂ ਦੇ ਅਰਥਾਂ ਵਿਚ ਬਾਬੇ ਨਾਨਕ ਦੀ ਬਾਣੀ ਨੂੰ ਉਲਝਾ ਕੇ ਰੱਖ ਦੇਵਾਂਗੇ ਤੇ ਅਰਥਾਂ ਦੀ ਥਾਂ ਅਨਰਥ ਕਰ ਬੈਠਾਂਗੇ।

ਸੋ ਬਾਬੇ ਨਾਨਕ ਦੀ ਬਾਣੀ ਦੇ ਅਰਥ ਕਰਨ ਤੋਂ ਪਹਿਲਾਂ ਅਸੀ ਬਾਬਾ ਨਾਨਕ ਨੂੰ ਮਾਨਵਤਾ ਦੇ ਇਤਿਹਾਸ ਦਾ ਯੁਗ ਪੁਰਸ਼ ਮੰਨ ਕੇ ਹੀ ਅੱਗੇ ਚੱਲਾਂਗੇ। ਸਮੇਂ ਦੀ ਵੰਡ ਕਰ ਕੇ, ਬਣਾਏ ਗਏ ਯੁਗ (ਦੁਆਪਰ, ਤਰੇਤਾ, ਕਲਯੁਗ) ਵੀ ਬਾਬੇ ਨਾਨਕ ਨੂੰ ਪ੍ਰਵਾਨ ਨਹੀਂ ਸਨ। ਉਨ੍ਹਾਂ ਦੀ ਬਾਣੀ ਵਿਚੋਂ ਹੀ ਅਸੀ ਵੇਖਾਂਗੇ ਕਿ ਸਮਾਂ ਯੁਗ ਨਹੀਂ ਪਲਟਦਾ, ਨਵੇਂ ਵਿਚਾਰ ਯੁਗ ਪਲਟਦੇ ਹਨ ਜਾਂ ਨਵੀਆਂ ਵਿਚਾਰਧਾਰਾਵਾਂ ਯੁਗ ਪੁਲਟਦੀਆਂ ਹਨ। ਬਾਬੇ ਨਾਨਕ ਨੇ ਇਹੀ ਕੁੱਝ ਕੀਤਾ ਸੀ।