ਸੋ ਦਰੁ ਤੇਰਾ ਕੇਹਾ( ਅਧਿਆਏ - 7)
Published : Nov 2, 2017, 4:56 pm IST
Updated : Nov 2, 2017, 12:07 pm IST
SHARE ARTICLE

ਅਸੀ 'ਜਪੁ' ਦੇ ਉਹ ਅਰਥ ਤਾਂ ਸਮਝ ਲਏ ਜਿਨ੍ਹਾਂ ਮੁਤਾਬਕ ਇਕ ਗ੍ਰਹਿਸਤੀ ਨਾਮ ਜੱਪ ਸਕਦਾ ਹੈ। ਬਾਬੇ
ਨਾਨਕ ਨੇ 'ਜਪੁ' ਦੇ ਉਹ ਸਾਰੇ ਢੰਗ ਰੱਦ ਕਰ ਦਿਤੇ ਜੋ ਅਜਿਹੇ ਲੋਕ ਹੀ ਕਰ ਸਕਦੇ ਹਨ ਜੋ ਅਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਤੋਂ ਭੱਜ ਕੇ, ਕਰਮ ਕਾਂਡਾਂ ਵਾਲਾ ਜੱਪ ਤੱਪ ਕਰਦੇ ਹਨ। ਬਾਬੇ ਨਾਨਕ ਦਾ ਮੱਤ ਕਹਿੰਦਾ ਹੈ ਕਿ ਸੰਸਾਰਕ ਜ਼ੁੰਮੇਵਾਰੀਆਂ ਤੋਂ ਭੱਜ ਕੇ, ਸ੍ਰੀਰ ਨੂੰ ਕਸ਼ਟ ਦੇਣ ਵਾਲਾ, ਇਕਾਂਤ ਵਿਚ, ਭੋਰਿਆਂ ਵਿਚ ਬੈਠ ਕੇ ਕੀਤਾ ਜੱਪ, ਰੱਬ ਨੂੰ ਪ੍ਰਵਾਨ ਨਹੀਂ ਹੈ। ਕਿਉਂਪ੍ਰਵਾਨ ਨਹੀਂ ਹੈ? ਕਿਉਂਕਿ ਰੱਬ ਨਾਲ ਰਿਸ਼ਤਾ ਮਨੁੱਖੀ ਸ੍ਰੀਰ ਦਾ ਨਹੀਂ ਬਣਨਾ, ਆਤਮਾ ਜਾਂ ਰੂਹ ਦਾ ਬਣਨਾ ਹੈ। ਰੂਹ ਦਾ ਰਿਸ਼ਤਾ ਸ੍ਰੀਰਕ ਕ੍ਰਿਆਵਾਂ ਨਾਲ ਨਹੀਂ ਪਨਪ ਸਕਦਾ। ਉਹ ਤਾਂ ਕੇਵਲ
ਤੇ ਕੇਵਲ ਨਿਸ਼ਕਾਮ ਅਤੇ ਸੱਚੇ ਪਿਆਰ ਨਾਲ ਹੀ ਪਨਪ ਸਕਦਾ ਹੈ। ਅਸੀ ਮਿਸਾਲ ਲਈ ਸੀ ਉਸ ਨੌਜੁਆਨ ਦੀ
ਜੋ ਅਪਣੀ ਮੰਗੇਤਰ ਨੂੰ ਦੋ ਚਾਰ ਵਾਰ ਮਿਲਣ ਮਗਰੋਂ ਹਰ ਵੇਲੇ ਉਸ ਨੂੰ ਹੀ ਯਾਦ ਕਰਦਾ ਰਹਿੰਦਾ ਹੈ ਤੇ ਆਨੇ
ਬਹਾਨੇ ਉਸ ਦਾ ਜ਼ਿਕਰ ਛੇੜ ਬਹਿੰਦਾ ਹੈ। ਉਸ ਨੂੰ ਅਜਿਹਾ ਕਰ ਕੇ ਸੁੱਖ ਮਿਲਦਾ ਹੈ। ਹਰ ਪਲ, ਹਰ ਘੜੀ ਯਾਦ
ਵਿਚ ਅੰਗੜਾਈਆਂ ਲੈਣ ਵਾਲਾ ਇਹੀ ਨਿਸ਼ਕਾਮ ਪਿਆਰ ਜਦੋਂ ਪ੍ਰਮਾਤਮਾ ਨਾਲ ਹੋ ਜਾਏ ਤਾਂ ਪ੍ਰਮਾਤਮਾ ਹਰ ਵੇਲ
ਯਾਦ ਆਉਣ ਲਗਦਾ ਹੈ, ਉਸ ਦਾ ਜ਼ਿਕਰ ਹਰ ਸਮੇਂ ਚੰਗਾ ਲੱਗਣ ਲਗਦਾ ਹੈ ਤੇ ਇਸ ਪਿਆਰ ਨੂੰ ਬਾਬੇ ਨਾਨਕ ਦੀ ਭਾਸ਼ਾ ਵਿਚ 'ਜਪੁ' ਕਿਹਾ ਜਾਂਦਾ ਹੈ।


'ਜਪੁ' ਕੋਈ ਕਰਮ ਕਾਂਡ ਨਹੀਂ, ਜਪੁ ਕੋਈ ਤੋਤਾ ਰਟਨ ਨਹੀਂ, ਜਪੁ ਕੋਈ 'ਨਿਤਨੇਮ' ਨਹੀਂ, ਜਪੁ ਤਾਂ ਹਰ ਪਲ, ਹਰ ਘੜੀ, ਹਰ ਸਾਹ ਵਿਚ ਕੀਤਾ ਜਾਣ ਵਾਲਾ ਸੱਚਾ ਤੇ ਨਿਸ਼ਕਾਮ ਪ੍ਰੇਮ ਹੈ। ਇਹ (ਪਿਆਰ) ਰੂਹ ਦੀ ਪੱਧਰ 'ਤੇ ਕੀਤੇ ਜਾਣ ਵਾਲਾ ਕਰਮ ਹੈ ਪਰ ਸ੍ਰੀਰ ਨੂੰ ਜੇ ਠੀਕ ਢੰਗ ਨਾਲ ਵਰਤਿਆ ਜਾਏ ਅਰਥਾਤ ਇਹ ਅਪਣੀਆਂ ਜ਼ਿੰਮੇਵਾਰੀਆਂ ਈਮਾਨਦਾਰੀ ਨਾਲ ਨਿਭਾਵੇ, ਕੋਈ ਗ਼ਲਤ ਕੰਮ ਨਾ ਕਰੇ, ਦੂਜਿਆਂ ਦੀ ਮਦਦ ਕਰੇ, ਲਾਲਚ, ਹਊਮੈ, ਤ੍ਰਿਸ਼ਨਾ ਤੇ ਕਾਮ, ਕ੍ਰੋਧ ਦਾ ਤਿਆਗ ਕਰ ਕੇ ਜ਼ਿੰਮੇਵਾਰੀਆਂ ਨਿਭਾਵੇ ਤਾਂ ਪ੍ਰਮਾਤਮਾ ਨਾਲ ਪ੍ਰੇਮ ਕਰਨ ਵਿਚ ਰੂਹ ਦਾ ਸਹਾਈ ਹੋ ਸਕਦਾ ਹੈ ਤੇ ਬੱਸ। ਇਸੇ ਲਈ ਬਾਣੀ ਨੇ ਬਕਰੇ ਕੋਹਣ ਵਾਲੇ ਸਧਨੇ ਕਸਾਈ ਨੂੰ ਵੀ ਭਗਤ
ਮੰਨਿਆ ਤੇ ਉਸ ਦੀ ਰਚੀ ਬਾਣੀ ਨੂੰ ਵੀ ਪੂਰਾ ਆਦਰ ਦਿਤਾ ਕਿਉਂਕਿ ਉਸ ਦੀ ਰੂਹ 'ਭਗਤੀ ਮੰਡਲ' ਵਿਚ ਉਡਾਰੀਆਂ ਮਾਰਨ ਵਾਲੀ ਰੂਹ ਸੀ ਤੇ ਉਹ ਰੂਹ ਨੂੰ ਮਲੀਨ ਕੀਤੇ ਬਗ਼ੈਰ, ਉਹ ਅਪਣੀਆਂ ਪ੍ਰਵਾਰਕ ਤੇ ਸਮਾਜਕ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਸੀ। ਹੁਣ ਅਗਲਾ ਸਵਾਲ ਹੈ ਕਿ ਪਿਆਰ ਕਿਸ ਨੂੰ ਕੀਤਾ ਜਾਏ? ਜਿਸ ਨੂੰ ਤੁਸੀ ਥੋੜਾ ਬਹੁਤ ਜਾਣਦੇ ਹੋਵੋਗੇ ਤੇ ਉਸ ਦੀ ਜ਼ਿਆਦਾ ਨਹੀਂ ਤਾਂ ਇਕ ਵਾਰ ਝਲਕ ਵੇਖੀ ਹੋਈ ਹੋਵੋਗੀ, ਉਸ
ਨੂੰ ਹੀ ਤਾਂ ਪਿਆਰ ਕਰੋਗੇ ਨਾ। ਪਿਆਰ ਬੇਸ਼ਕ ਰੂਹ ਨੇ ਕਰਨਾ ਹੈ ਪਰ ਰੂਹ ਦੀ ਉਸ ਨਾਲ ਪਛਾਣ ਤਾਂ ਹੋਣੀ ਚਾਹੀਦੀ ਹੈ ਨਾ ਜਿਸ ਨੂੰ ਰੂਹ ਪਿਆਰ ਕਰੇਗੀ। ਬਾਬਾ ਨਾਨਕ ਨੂੰ ਸਵਾਲ ਪੁਛਿਆ ਗਿਆ, ''ਉਹ ਕੌਣ ਹੈ ਜਿਸ ਨੂੰ ਨਿਸ਼ਕਾਮ ਪਿਆਰ ਕੀਤਾ ਜਾਏ?'' ਬਾਬਾ ਨਾਨਕ ਕਹਿੰਦੇ ਹਨ : - ਉਹ ੴ ਹੈ ਅਰਥਾਤ ਪਿਆਰ ਉਸ ਨੂੰ ਕਰੋ ਜਿਸ ਵਰਗਾ ਉਹ ਆਪ ਹੀ ਹੈ, ਇਕੋ ਇਕ ਹੀ ਹੈ ਅਤੇ ਉਸ ਵਰਗਾ ਦੂਜਾ ਕੋਈ ਨਹੀਂ। ਤੁਸੀ ਦੇਵਤਿਆਂ ਦੀ ਗੱਲ ਕਰੋ ਤਾਂ ਹਿੰਦੂਆਂ ਦੇ ਦੇਵਤੇ ਹੋਰ ਹਨ, ਰੋਮਨਾਂ ਦੇ ਦੇਵਤੇ ਹੋਰ ਹਨ, ਮਿਸਰੀ ਸਭਿਅਤਾ ਦੇ ਦੇਵਤੇ ਹੋਰ ਸਨ, ਆਦਿਵਾਸੀਆਂ ਦੇ ਦੇਵਤੇ ਹੋਰ ਹਨ। ਕੱਲ ਮਿਲਾ ਕੇ ਕਰੋੜਾਂ ਦੇਵਤੇ ਗਿਣੇ ਜਾ ਸਕਦੇ ਹਨ।


ਪਰ ਕਿਸੇ ਵੀ ਮੁਲਕ ਵਿਚ ਜਾ ਕੇ ਪੁੱਛ ਲਉ, ਰੱਬ ਦੋ ਕੋਈ ਨਹੀਂ ਆਖੇਗਾ। ਸਾਰੀ ਮਨੁੱਖਤਾ ਨੇ ਦੋ ਰੱਬ ਨਹੀਂ ਮੰਨੇ, ਦੇਵਤੇ ਕਰੋੜਾਂ ਮੰਨ ਲਏ ਹਨ। ਅਜਿਹੇ ਬੰਦੇ ਤਾਂ ਮਿਲ ਸਕਦੇ ਹਨ ਜੋ ਆਖਣ ਕਿ ਉਹ ਰੱਬ ਨੂੰ ਮੰਨਦੇ ਹੀ ਨਹੀਂ ਜਾਂ ਰੱਬ ਤਾਂ ਮਨੁੱਖ ਦੇ ਦਿਮਾਗ਼ ਦੀ ਇਕ ਘਾੜਤ ਹੈ, ਹਕੀਕਤ ਕੋਈ ਨਹੀਂ। ਅਜਿਹੀ ਸੋਚ ਵਾਲਿਆਂ ਨੂੰ ਉਨ੍ਹਾਂ ਦੀ ਸੋਚ ਮੁਬਾਰਕ। ਮੈਂ ਦੇਵ ਸਮਾਜ ਦੇ ਇਕ ਸਮਾਗਮ 'ਚੋਂ ਇਕ ਕਿਤਾਬ ਖ਼ਰੀਦ ਕੇ ਲਿਆਇਆ, ''ਪ੍ਰਮਾਤਮਾ ਹੈ ਜਾਂ ਨਹੀਂ?'' ਦੇਵ ਸਮਾਜੀ ਰੱਬ ਨੂੰ ਨਹੀਂ ਮੰਨਦੇ। ਪੁਸਤਕ ਦਾ ਪਹਿਲਾ ਅਧਿਆਏ ਪੜ੍ਹ ਕੇ ਹੀ, ਹੋਰ ਪੜ੍ਹਨ ਦੀ ਲੋੜ ਨਾ ਰਹੀ। ਪਹਿਲੇ ਅਧਿਆਏ ਵਿਚ ''ਕੋਈ ਇਹ ਸਾਬਤ ਨਹੀਂ ਕਰ ਸਕਦਾ ਕਿ ਰੱਬ ਸਚਮੁਚ ਹੈ। ਪਰ ਮੈਂ ਸਾਬਤ ਕਰ ਸਕਦਾ ਹਾਂ ਕਿ ਰੱਬ ਨਹੀਂ ਹੈ। ਵੇਖੋ, ਮੈਂ ਰੱਬ ਦੀ ਬਹੁਤ ਤਾਰੀਫ਼ ਕਰਦਾ ਹਾਂ ਤੇ ਗਿੜਗਿੜਾਉਂਦਾ ਹਾਂ ਕਿ ਉਹ ਮੈਨੂੰ ਦਰਸ਼ਨ ਦੇਵੇ। ਪਰ ਉਹ ਕਿਉਂਕਿ ਹੈ ਈ ਨਹੀਂ, ਇਸ ਲਈ ਉਹ ਸਾਹਮਣੇ ਨਹੀਂ ਆਉਂਦਾ। ਹੁਣ ਮੈਂ ਉਸ ਨੂੰ ਗੰਦੀਆਂ ਗਾਲਾਂ ਕਢਦਾ ਹਾਂ ਤੇ ਕਹਿੰਦਾ ਹਾਂ ਕਿ ਜੇ ਉਹ ਹੈ ਤਾਂ ਆਏ ਸਾਹਮਣੇ ਤੇ ਵਿਗਾੜ ਲਵੇ ਮੇਰਾ ਜੋ ਵਿਗਾੜ ਸਕਦਾ ਹੈ। ਕੋਈ ਨਹੀਂ ਆਉਂਦਾ। ਕੋਈ ਹੋਵੇ ਤਾਂ ਆਵੇ। ਸੋ ਸਾਬਤ ਹੋ ਗਿਆ ਕਿ ਜੋ ਤਾਰੀਫ਼ ਸੁਣ ਕੇ ਵੀ ਨਹੀਂ ਆਉਂਦਾ ਤੇ ਗਾਲਾਂ
ਸੁਣ ਕੇ ਵੀ ਨਹੀਂ ਆਉਂਦਾ, ਉਹ ਅਸਲ ਵਿਚ ਹੈ ਈ ਨਹੀਂ।''ਕੀੜੀ ਹਾਥੀ ਨੂੰ ਚੁਨੌਤੀ ਦੇਵੇ ਕਿ ਜੇ ਉਹ ਸਚਮੁਚ ਬੜਾ ਤਾਕਤਵਰ ਹੈ ਤਾਂ ਉਸ ਨਾਲ ਲੜਨ ਦੀ ਚੁਨੌਤੀ ਕਬੂਲ ਕਰੇ। ਹਾਥੀ ਅੱਗੋਂ ਮੂੰਹ ਪਰਲੇ ਪਾਸੇ ਕਰ ਛੱਡੇ ਤਾਂ ਕੀੜੀ ਅਪਣੇ ਡੌਲੇ ਫੜਕਾਉਂਦੀ ਹੋਈ ਅਪਣੀ ਤਾਕਤ ਬਾਰੇ ਕੁੱਝ ਵੀ ਦਾਅਵਾ ਕਰਨ ਵਿਚ ਆਜ਼ਾਦ ਹੈ। 'ਦੇਵ ਸਮਾਜੀ' ਲੇਖਕ ਵੀ ਕੀੜੀ ਮਾਰਕਾ ਦਾਅਵਾ ਕਰਨਾ ਚਾਹੁਣ ਤਾਂ ਉੁਨ੍ਹਾਂ ਨੂੰ ਕੌਣ ਰੋਕ ਸਕਦਾ ਹੈ? ਜੇ ਰੱਬ ਨੇ ਅਪਣੀ ਹੋਂਦ ਨੂੰ ਏਨਾ ਹੀ ਸਸਤਾ ਤੇ ਬੰਦੇ ਦੀ ਗਾਲ ਜਾਂ ਤਾਰੀਫ਼ ਦਾ ਮੁਥਾਜ ਬਣਾ ਦਿਤਾ ਹੁੰਦਾ ਤਾਂ ਫਿਰ ਉਹ ਵੱਡਾ ਕਿਹੜੀ ਗੱਲੋਂ ਹੁੰਦਾ? ਇਹੋ ਜਿਹਾ ਪ੍ਰਤੀਕਰਮ ਤਾਂ ਗਲੀ ਦੇ ਇਕ ਅਨਪੜ੍ਹ, ਬਦਮਾਸ਼ ਵਿਅਕਤੀ ਦਾ ਹੋ ਸਕਦਾ ਹੈ, ਰੱਬ ਦਾ ਨਹੀਂ। ਜੋ ਕਣ ਕਣ ਵਿਚ ਰਮਿਆ ਹੋਇਆ ਹੈ, ਉਹਨੂੰ ਕੀ ਲੋੜ ਹੈ ਕਿ ਤਾਰੀਫ਼ ਅਤੇ ਗਾਲਾਂ ਸੁਣ ਕੇ ਅਪਣਾ ਓਹਲਾ ਖ਼ਤਮ ਕਰ ਦੇਵੇ? ਇਹ ਓਹਲਾ ਖ਼ਤਮ ਕਰਨ ਦਾ ਇਕ ਢੰਗ ਉਹ ਅਪਣੇ ਭਗਤਾਂ ਨੂੰ ਦਸਦਾ ਰਹਿੰਦਾ ਹੈ ਤੇ ਉਹੀ ਰਸਤਾ ਬਾਬਾ ਨਾਨਕ ਜਪੁ ਜੀ ਵਿਚ ਦਸ ਰਹੇ ਹਨ। 


ਆਪ ਕਹਿੰਦੇ ਹਨ ਕਿ ਓਹਲਾ ਬਣਾਈ ਰੱਖਣ ਲਈ ਉਸਾਰੀ ਗਈ ''ਕੂੜ ਦੀ ਪਾਲ'' ਟੁਟ ਸਕਦੀ ਹੈ ਤੇ ਬੜੀ ਆਸਾਨੀ ਨਾਲ ਟੁਟ ਸਕਦੀ ਹੈ ਜਿਸ ਮਗਰੋਂ ਤੁਹਾਨੂੰ 'ੴ' ਬਾਰੇ ਕਿਸੇ ਹੋਰ ਕੋਲੋਂ ਕੋਈ ਸਵਾਲ ਨਹੀਂ ਪੁਛਣੇ ਪੈਣੇ ਕਿਉਂਕਿ ਕੂੜ ਦੀ ਪਾਲ ਟੁਟਦਿਆਂ ਹੀ ਸੱਭ ਕੁੱਝ ਸਪੱਸ਼ਟ ਹੋ ਜਾਣਾ ਹੈ। 'ੴ' ਗੁਰੂ ਨਾਨਕ ਦੇ ਫ਼ਲਸਫ਼ੇ ਦਾ ਕੇਂਦਰੀ ਬਿੰਦੂ ਹੈ। ਇਸ ਦਾ ਉਚਾਰਨ ਕਿਵੇਂ ਕੀਤਾ ਜਾਏ? ਇਸ ਵੇਲੇ ਤਕ ਤਿੰਨ ਵਿਚਾਰ ਪ੍ਰਣਾਲੀਆਂ ਉਜਾਗਰ ਹੋਈਆਂ ਹਨ ਜੋ ਇਸ ਦੇ ਉਚਾਰਣ ਨੂੰ ਲੈ ਕੇ ਵੱਖ ਵੱਖ ਦਾਅਵੇ ਕਰਦੀਆਂ ਹਨ। ਇਹ ਨਿਰਾ ਵਿਦਵਾਨਾਂ ਦੇ ਸਮਝਣ ਵਾਲਾ ਵਿਸ਼ਾ ਨਹੀਂ, ਹਰ ਆਮ ਸ਼ਰਧਾਲੂ ਤੇ ਧਰਮੀ ਮਨੁੱਖ ਦੀ ਸਮਝ ਵਿਚ ਆ ਸਕਦਾ ਹੈ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement