
ਸਿੱਖੀ ਦੇ ਪ੍ਰਚਾਰ, ਪ੍ਰਸਾਰ ਲਈ ਘਰ-ਘਰ, ਪਿੰਡ-ਪਿੰਡ ਪਹੁੰਚੇਗੀ ਮੁਹਿੰਮ, ਮਈ, ਜੂਨ ’ਚ ਹੋਣਗੇ ਗੁਰਮਤਿ ਸਮਾਗਮ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਗ਼ਰੀਬ ਵਰਗ ਨੂੰ ਲਾਲਚ ਦੇ ਕੇ ਧਰਮ ਪ੍ਰਵਰਤਨ ਕਰਵਾਉਣਾ ਬਹੁਤ ਮਾੜੀ ਗੱਲ ਹੈ। ਇਸ ਨੂੰ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਪਿੰਡ ਦੇ ਹਰ ਗ਼ਰੀਬ ਘਰ ਤੋਂ ਲੈ ਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਿੱਖ ਪ੍ਰਵਾਰਾਂ ਨਾਲ ਰਾਬਤਾ ਬਣਾਏਗੀ ਅਤੇ ਕੁੱਝ ਸੰਗਠਨਾਂ ਵਲੋਂ ਕੀਤੇ ਜਾ ਰਹੇ ਧਰਮ ਪ੍ਰੀਵਰਤਨ ਨੂੰ ਰੋਕਿਆ ਜਾਵੇਗਾ।
ਉਹ ਸੋਮਵਾਰ ਨੂੰ ਪਿੰਡ ਝੱਬਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਨਿਵਾਸ ਸਥਾਨ ’ਤੇ ਪਹੁੰਚੇ ਸਨ। ਉਨ੍ਹਾਂ ਸਿੱਖ ਸੰਗਤਾਂ ਨਾਲ ਇਸ ਦੌਰਾਨ ਅਨੇਕਾਂ ਵਿਚਾਰਾਂ ਵੀ ਕੀਤੀਆਂ।
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ, ਕੁਰਬਾਨੀਆਂ, ਸ਼ਾਨਾਮੱਤੀ ਹਨ। ਕੁੱਝ ਗ਼ਰੀਬ ਪ੍ਰਵਾਰਾਂ ਨੂੰ ਉਨ੍ਹਾਂ ਦੀਆਂ ਆਰਥਕ ਮਜਬੂਰੀਆਂ ਦਾ ਲਾਲਚ ਦੇ ਕੇ ਕੁੱਝ ਸੰਗਠਨ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਤੇਜ਼ੀ ਨਾਲ ਬੱਚਿਆਂ ਅਤੇ ਆਮ ਲੋਕਾਂ ਦਾ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਧਰਮ ਪ੍ਰੀਵਰਤਨ ਦੇ ਪਿੱਛੇ ਗੈਬੀ ਸ਼ਕਤੀਆਂ ਅਤੇ ਕਰਾਮਾਤਾਂ ਨਾਲ ਲੋਕਾਂ ਦਾ ਇਲਾਜ ਕਰਨ, ਆਰਥਕ ਤੌਰ ’ਤੇ ਝੱਬੇ ਗ਼ਰੀਬ ਸਿੱਖ ਪ੍ਰਵਾਰਾਂ ਨੂੰ ਮਾਮੂਲੀ ਆਰਥਕ ਮਦਦ ਦੇ ਕੇ ਉਨ੍ਹਾਂ ਨੂੰ ਹੋਰ ਧਰਮਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਸਿੱਖੀ ਤੇ ਇਕ ਬਹੁਤ ਵੱਡਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹਰ ਗ਼ਰੀਬ ਸਿੱਖ ਪ੍ਰਵਾਰ, ਪੇਂਡੂ, ਸ਼ਹਿਰੀ ਸੱਭ ਨੂੰ ਸਿੱਖ ਧਰਮ ਨਾਲ ਜੋੜਨ ਲਈ ਧਰਮ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਨੂੰ ਸਿੱਖ ਧਰਮ ਦੇ ਮਾਨਾਮੱਤੇ ਇਤਿਹਾਸ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਈ ਮਹੀਨੇ ਤੋਂ ਪੰਜਾਬ ਭਰ, ਖ਼ਾਸ ਕਰ ਕੇ ਮਾਲਵਾ ਖੇਤਰ ਵਿਚ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਸਿੱਖ ਬੱਚਿਆਂ ਨੂੰ ਬਾਣੀ ਅਤੇ ਗੁਰੂਆਂ ਦੇ ਇਤਿਹਾਸ ਨਾਲ ਜੋੜਨ ਲਈ ਉਨ੍ਹਾਂ ਨੂੰ ਸਿੱਖ ਇਤਿਹਾਸ, ਸਮੱਗਰੀ ਦਿਤੀ ਜਾਵੇਗੀ। ਜਥੇਦਾਰ ਗੜਗੱਜ ਨੇ ਕਿਹਾ ਕਿ ਧਰਮ ਪ੍ਰੀਵਰਤਨ ਨੂੰ ਉਹ ਸੰਜੀਦਗੀ ਨਾਲ ਲੈ ਰਹੇ ਹਨ, ਇਸ ਨੂੰ ਰੋਕਣ ਲਈ ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਕੋਨੇ ਕੋਨੇ ਤੋਂ ਹਰ ਘਰ, ਹਰ ਬੂਹੇ, ਹਰ ਪਿੰਡ ਅਤੇ ਹਰ ਸ਼ਹਿਰ ਵਿਚ ਕੀਤਾ ਜਾਵੇ। ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਅਤੇ ਉਨ੍ਹਾਂ ਦੇ ਪ੍ਰਵਾਰ ਨੇ ਜਥੇਦਾਰ ਗੜਗੱਜ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਝੱਬਰ, ਬੇਅੰਤ ਸਿੰਘ ਝੱਬਰ, ਬਬਲੀ ਸਿੰਘ, ਗੁਰਮੇਲ ਸਿੰਘ ਗੁਰੂਦੁਆਰਾ ਪ੍ਰਧਾਨ, ਗੁਰਜੀਤ ਸਿੰਘ ਝੱਬਰ, ਮਨਧੀਰ ਸਿੰਘ ਝੱਬਰ, ਸੁਖਚੈਨ ਸਿੰਘ, ਮੇਜਰ ਸਿੰਘ ਭੋਲਾ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਮਿੱਠਾ ਪੰਚ, ਜਸਵੀਰ ਸਿੰਘ ਮਿੱਠੂ, ਮਾਹਲ ਸਿੰਘ, ਬਿੰਦਰ ਸਿੰਘ ਆਦਿ ਹਾਜ਼ਰ ਸਨ।