
ਹਰ ਸਾਲ ਕੌਮੀ ਦਿਹਾੜੇ ਵਜੋਂ ਮਨਾਇਆ ਜਾਵੇਗਾ ਦਿੱਲੀ ਫ਼ਤਿਹ ਦਿਹਾੜਾ: ਗਿਆਨੀ ਗੁਰਬਚਨ ਸਿੰਘ
ਨਵੀਂ ਦਿੱਲੀ: 30 ਅਪ੍ਰੈਲ (ਅਮਨਦੀਪ ਸਿੰਘ) : ਖ਼ਾਲਸਾਈ ਰਵਾਇਤਾਂ ਦੀ ਰਾਖੀ ਕਰਨ ਦਾ ਸੱਦਾ ਦਿੰਦਿਆਂ ਦਿੱਲੀ ਫ਼ਤਿਹ ਦਿਹਾੜਾ ਸਿੱਖਾਂ ਵਿਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕਰ ਗਿਆ।ਇਥੋਂ ਦੇ ਲਾਲ ਕਿਲ੍ਹੇ ਦੇ ਮੈਦਾਨ ਵਿਖੇ ਹੋਏ ਸਮਾਗਮ ਵਿਚ ਬੀਤੀ ਦੇਰ ਰਾਤ ਪੰਜਾਬੀ ਰੰਗ ਮੰਚ ਪਟਿਆਲਾ ਦੇ ਮੁਖੀ ਸ.ਹਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਖੇਡੇ ਗਏ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਜੰਗਲਾਂ ਵਿਚ ਰਾਤਾਂ ਕੱਟਦੇ ਹੋਏ ਅਹਿਮਦ ਸ਼ਾਹ ਅਬਦਾਲੀ ਦਾ ਟਾਕਰਾ ਕੀਤਾ ਤੇ ਪਿਛੋਂ ਲਾਲ ਕਿਲ੍ਹਾ ਫ਼ਤਿਹ ਕਰ ਕੇ, ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਅ ਦਿਤਾ, ਜਦੋਂ ਲਾਲ ਕਿਲ੍ਹਾ ਫ਼ਤਿਹ ਕਰਨ ਦੀ ਪੇਸ਼ਕਾਰੀ ਹੋਈ ਤਾਂ ਹਾਜ਼ਰ ਸੰਗਤ ਨੇ ਅਕਾਸ਼ ਗੁੰਜਾਊ ਜੈਕਾਰੇ ਗਜਾਏ।ਦੇਰ ਸ਼ਾਮ ਨੂੰ ਹੋਏ ਮੀਂਹ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸਮਾਗਮ ਵਿਚ ਜੁਟੀ ਰਹੀ। ਛੋਟੇ ਬੱਚੇ, ਨੌਜਵਾਨ, ਬਜ਼ੁਰਗ ਤੇ ਹੋਰ ਸਮਾਗਮ ਵਿਚ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਅਤੇ ਹੋਰ ਨਿਹੰਗ ਸਿੰਘ ਜੱਥੇਬੰਦੀਆਂ ਦੇ ਸਹਿਯੋਗ ਕਰਵਾਏ ਗਏ ਦਿੱਲੀ ਫ਼ਤਿਹ ਦਿਹਾੜੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਦੀ ਤ੍ਰੈ ਸ਼ਤਾਦਬੀ ਸਮਾਗਮ ਦੌਰਾਨ ਪੁੱਜੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਕਿ ਹੁਣ ਤੋਂ ਸਿੱਖ ਕੌਮ ਵਲੋਂ ਦਿੱਲੀ ਫ਼ਤਿਹ ਕਰਨ ਦੇ ਦਿਹਾੜੇ ਨੂੰ ਹਰ ਸਾਲ 11 ਮਾਰਚ ਨੂੰ ਕੌਮੀ ਦਿਹਾੜੇ ਵਜੋਂ ਪੂਰੇ ਖ਼ਾਲਸਾਈ ਜਾਹੌ ਜਲਾਲ ਨਾਲ ਮਨਾਇਆ ਜਾਵੇਗਾ ਤੇ ਇਸ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਕੀਤਾ ਜਾਵੇਗਾ, ਜਿਸਨੂੰ ਜੈਕਾਰਿਆਂ ਨਾਲ ਪ੍ਰਵਾਨਗੀ ਦਿਤੀ ਗਈ। ਉਨ੍ਹਾਂ ਸਿੱਖੀ ਤੋਂ ਵਿਛੜ ਰਹੇ ਆਹਲੂਵਾਲੀਆ ਭਾਈਚਾਰੇ ਨੂੰ ਮੁੜ ਸਿੱਖਾਂ ਵੱਲ ਪਰਤਣ ਦੀ ਬੇਨਤੀ ਕੀਤੀ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਥੇ ਲਾਲ ਕਿਲ੍ਹੇ 'ਤੇ ਝੂਲ ਰਹੇ ਤਿਰੰਗੇ ਝੰਡੇ ਨੂੰ ਸਿੱਖ ਜਰਨੈਲਾਂ ਦੀ ਸ਼ਹੀਦੀਆਂ ਦਾ ਨਤੀਜਾ ਦਸਿਆ, ਉਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖਾਂ ਨੇ ਅਬਦਾਲੀ ਦਾ ਟਾਕਰਾ ਕਰਦੇ ਹੋਏ, ਹਿੰਦੋਸਤਾਨ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕੀਤੀ, ਜਿਸ ਕਰ ਕੇ, ਕਿਹਾ ਜਾਂਦਾ ਹੈ ਕਿ ਸਿੱਖਾਂ ਦੇ 12 ਵੱਜ ਗਏ, ਜਿਸ 'ਤੇ ਸਾਨੂੰ ਮਾਣ ਹੈ।
Delhi Fateh Dahara
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਸਿੱਖ ਜਰਨੈਲਾਂ ਵਲੋਂ ਕੌਮ ਲਈ ਦਿਤੀਆਂ ਗਈਆਂ ਸ਼ਹੀਦੀਆਂ ਦਾ ਦੇਣਾ ਨਹੀਂ ਦੇ ਸਕਦੇ ਜਦੋਂਕਿ ਰਾਜ ਸਭਾ ਮੈਂਬਰ ਸ.ਬਲਵਿੰਦਰ ਸਿੰਘ ਭੂੰਦੜ ਨੇ ਅਪਣੇ ਇਤਿਹਾਸ 'ਤੇ ਮਾਣ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਨਸ਼ੇ, ਦਾਜ ਤੇ ਹੋਰ ਅਲਾਮਤਾਂ ਤੋਂ ਖਹਿੜਾ ਛੁਡਵਾਉਣ ਦਾ ਸੱਦਾ ਦਿਤਾ।ਸਾਬਕਾ ਰਾਜ ਸਭਾ ਮੈਂਬਰ ਸ.ਤਰਲੋਚਨ ਸਿੰਘ ਨੇ ਸਪਸ਼ਟ ਆਖਿਆ ਕਿ ਲਾਲ ਕਿਲ੍ਹੇ ਵਿਖੇ ਕਰਵਾਏ ਜਾਂਦੇ ਲਾਈਟ ਐਂਡ ਸਾਊਂਡ ਸ਼ੋਅ ਵਿਚ ਜੱਸਾ ਸਿੰਘ ਆਹਲੂਵਾਲੀਆ ਦੇ ਇਤਿਹਾਸ ਨੂੰ ਸ਼ਾਮਲ ਕਰਵਾਉਣ ਲਈ ਦਿੱਲੀ ਗੁਰਦਵਾਰਾ ਕਮੇਟੀ ਨੂੰ ਪਹਿਕਦਮੀ ਕਰਨ ਦੀ ਲੋੜ ਹੈ।
ਸਟੇਜ ਦੀ ਜ਼ਿੰਮੇਵਾਰੀ ਸ.ਭਗਵਾਨ ਸਿੰਘ ਜੌਹਲ ਨੇ ਨਿਭਾਈ। ਸਮਾਗਮ ਵਿਚ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘੂਬੀਰ ਸਿੰਘ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬੁੱਢਾ ਦਲ ਦੇ ਮੁਖੀ ਬਾਬ ਬਲਬੀਰ ਸਿੰਘ, ਦਲ ਪੰਥ ਬਾਬਾ ਬਿੱਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰਿਆਂਵੇਲਾਂ, ਕਮਲਪ੍ਰੀਤ ਸਿੰਘ, ਜੋ ਇਕ ਹੱਥ ਨਾਲ ਦਸਤਾਰ ਸਜਾਉਂਦੇ ਹਨ, ਸਣੇ ਹੋਰਨਾ ਪਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ।
ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜੱਥੇ ਸਣੇ ਦਿੱਲੀ ਕਮੇਟੀ ਦੀ ਢਾਡੀ ਕੌਂਸਿਲ ਦੇ ਸਿੰਘਾਂ ਨੇ ਢਾਡੀ ਪ੍ਰਸੰਗ ਰਾਹੀਂ ਸਿੰਘਾਂ ਵਲੋਂ ਲਾਲ ਕਿਲ੍ਹਾ ਫ਼ਤਿਹ ਕਰਨ ਦੇ ਇਤਿਹਾਸ ਦਾ ਚੇਤਾ ਕਰਵਾਇਆ। ਸਾਬਤ ਸੂਰਤ ਨੌਜਵਾਨ ਗਾਇਕ ਰਾਜਵਿੰਦਰ ਸਿੰਘ ਜਿੰਦਾ ਢਿਲੋਂ ਨੇ ਜੱਸਾ ਸਿੰਘ ਆਹਲੂਵਾਲੀਆ ਬਾਰੇ ਗੀਤ ਦੀ ਪੇਸ਼ਕਾਰੀ ਨਾਲ ਸਿੱਖਾਂ ਦੇ ਇਤਿਹਾਸ ਨੂੰ ਬਿਆਨਿਆ ਜਿਸਦੀ ਸੰਗਤ ਨੇ ਰਜਵੀਂ ਸ਼ਲਾਘਾ ਕੀਤੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ, ਮੁਖ ਸਲਾਹਕਾਰ ਸ.ਕੁਲਮੋਹਨ ਸਿੰਘ ਸਣੇ ਦਿੱਲੀ ਕਮੇਟੀ ਦੇ ਮੈਂਬਰ ਤੇ ਹੋਰ ਪਤਵੰਤੇ ਸ਼ਾਮਲ ਹੋਏ। ਜਰਨੈਲੀ ਮਾਰਚ ਰਾਹੀਂ ਸਿੰਘਾਂ ਦੀ ਦਿੱਲੀ ਫਤਿਹ ਕਰਨ ਦੀ ਝਲਕ ਪੇਸ਼ ਕੀਤੀ ਗਈਡੱਬੀ 'ਚ ਲਾਉ:- ਦੁਪਹਿਰ ਨੂੰ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ ਜਿਸ ਵਿਚ ਕਈ ਤਖਤ ਸਾਹਿਬਾਨਾਂ ਦੇ ਜੱਥੇਦਾਰ, ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਨਿਹੰਗ ਸਿੰਘ ਸ਼ਾਮਲ ਹੋਈ। ਜਰਨੈਲੀ ਮਾਰਚ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਦੋਂ ਸਿੰਘਾਂ ਨੇ 1783 ਨੂੰ ਦਿੱਲੀ ਫ਼ਤਿਹ ਕੀਤੀ ਹੋਵੇਗੀ, ਉਦੋਂ ਇਸੇ ਤਰ੍ਹਾਂ ਦੇ ਮਾਰਚ ਵਾਂਗ ਸਿੰਘ ਲਾਲ ਕਿਲ੍ਹੇ ਤੱਕ ਪੁੱਜੇ ਹੋਣਗੇ। ਇਸ ਦੌਰਾਨ ਗੱਤਕੇ ਦੇ ਜ਼ੌਹਰ ਵੀ ਵਿਖਾਏ ਗਏ ਤੇ ਬੀਬੀਆਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ।