
ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ ਦਲ ਖ਼ਾਲਸਾ ਨੇ 5 ਜੂਨ ਦੀ ਸ਼ਾਮ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਜੋ ....
ਬਠਿੰਡਾ, : ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ ਦਲ ਖ਼ਾਲਸਾ ਨੇ 5 ਜੂਨ ਦੀ ਸ਼ਾਮ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਜੋ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵੀਨਿਊ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਦਰਬਾਰ ਸਾਹਿਬ ਪਹੁੰਚੇਗਾ। ਪ੍ਰੈੱਸ ਕਾਨਫ਼ਰੰਸ ਵਿਚ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਮੀਤ ਪ੍ਰਧਾਨ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਮਾਰਚ ਮੋਟਰ ਸਾਈਕਲਾਂ ਅਤੇ ਖੁਲ੍ਹੀਆਂ ਗੱਡੀਆਂ 'ਤੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਰ ਦੇਸ਼ ਅਪਣੇ ਵਲੋਂ ਕੀਤੇ ਗਏ ਆਪ੍ਰੇਸ਼ਨ ਦੇ 30 ਵਰ੍ਹੇ ਬੀਤਣ ਤੋਂ ਬਾਅਦ ਉਸ ਅਪ੍ਰੇਸ਼ਨ ਦੀਆਂ ਸਾਰੀਆਂ ਫ਼ਾਈਲਾਂ ਜਨਤਕ ਕਰਦਾ ਹੈ ਪਰ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ 34 ਸਾਲ ਬੀਤ ਚੁੱਕੇ ਹਨ ਪਰ ਅੱਜ ਤਕ ਭਾਰਤ ਸਰਕਾਰ ਨੇ ਇਸ ਹਮਲੇ ਦੀਆਂ ਭੇਦ ਭਰੀਆਂ ਫ਼ਾਈਲਾਂ ਜਨਤਕ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਧਰਮ ਅਤੇ ਹਰ ਵਰਗ ਨਾਲ ਸਬੰਧਤ ਨਾਗਰਿਕ 2014 ਤੋਂ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਭਰੋਸਾ ਦਿਤਾ ਕਿ ਹਰ ਸਾਲ ਵਾਂਗ ਇਸ ਵਾਰ ਵੀ ਬੰਦ ਸ਼ਾਂਤੀਪੂਰਨ ਹੋਵੇਗਾ।
ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਉਪਰ ਹੋਏ ਹਮਲੇ ਲਈ ਜਾਣਬੁਝ ਕੇ ਭਾਰਤੀ ਸਰਕਾਰ ਨੂੰ ਕੁੱਝ ਅਦਾਰਿਆਂ ਵਲੋਂ ਬੇਕਸੂਰ ਠਹਿਰਾਇਆ ਜਾ ਰਿਹਾ ਹੈ ਅਤੇ ਇਸ ਦਾ ਸਾਰਾ ਦੋਸ਼ ਸਿੱਖ ਕੌਮ 'ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਗ਼ਲਤ ਰੁਝਾਨ ਹੈ। ਇਸ ਮੌਕੇ ਉਨ੍ਹਾਂ ਨਾਲ ਦਲ ਖ਼ਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜ਼ਿਲ੍ਹਾ ਜਨਰਲ ਸਕੱਤਰ ਹੁਸ਼ਿਆਰਪੁਰ ਰਜਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮੋਗਾ ਜਗਜੀਤ ਸਿੰਘ ਖੋਸਾ, ਪਰਨਜੀਤ ਸਿੰਘ ਕੋਟਫੱਤਾ ਆਦਿ ਸ਼ਾਮਲ ਸਨ।