
ਐਸ.ਆਈ.ਟੀ. ਵਲੋਂ ਢਡਰੀਆਂਵਾਲੇ, ਅਜਨਾਲਾ ਅਤੇ ਧੁੰਦਾ ਨੂੰ ਵੀ ਕੀਤਾ ਜਾਵੇਗਾ ਤਲਬ
ਕੋਟਕਪੂਰਾ (ਗੁਰਿੰਦਰ ਸਿੰਘ) : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਉੱਘੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਸਮੇਤ 12 ਵਿਅਕਤੀਆਂ ਨੂੰ 2 ਜੁਲਾਈ ਨੂੰ ਐਸ.ਆਈ.ਟੀ ਦੇ ਕੰਪਲੈਕਸ ਫ਼ਰੀਦਕੋਟ ਵਿਖੇ ਸਵੇਰੇ 10:00 ਵਜੇ ਬੁਲਾਇਆ ਹੈ। ਜਿਥੇ ਐਸਆਈਟੀ ਦੇ ਮੁਖੀ ਐਲ ਕੇ ਯਾਦਵ ਏਡੀਜੀਪੀ, ਰਾਕੇਸ਼ ਅਗਰਵਾਲ ਕਮਿਸ਼ਨਰ ਲੁਧਿਆਣਾ ਅਤੇ ਸੁਰਜੀਤ ਸਿੰਘ ਡੀਆਈਜੀ ਫ਼ਰੀਦਕੋਟ ਰੇਂਜ ’ਤੇ ਆਧਾਰਤ ਟੀਮ ਉਕਤਾਨ ਕੋਲੋਂ ਥਾਣਾ ਸਿਟੀ ਕੋਟਕਪੂਰਾ ਦੇ ਮੁਕੱਦਮਾ ਨੰਬਰ 192 ਆਈਪੀਸੀ ਦੀ ਧਾਰਾ 307, 120ਬੀ ਮਿਤੀ 14/10/2015 ਅਤੇ ਮੁਕੱਦਮਾ ਨੰਬਰ 129 ਮਿਤੀ 07/08/2018 ਆਈਪੀਸੀ ਦੀ ਧਾਰਾ 307/120 ਬੀ ਵਾਲੀਆਂ ਸੰਗੀਨ ਧਾਰਾਵਾਂ ਤਹਿਤ ਦਰਜ ਹੋਏ ਦੋ ਮਾਮਲਿਆਂ ਸਬੰਧੀ ਪੁੱਛਗਿੱਛ ਕਰੇਗੀ।
SIT
ਭਾਵੇਂ ਐਸਆਈਟੀ ਨੇ ਭਾਈ ਪੰਥਪ੍ਰੀਤ ਸਿੰਘ ਸਮੇਤ 6 ਪੰਥਕ ਆਗੂਆਂ ਜਾਂ ਚਸ਼ਮਦੀਦ ਗਵਾਹਾਂ ਤੋਂ ਇਲਾਵਾ 6 ਪੁਲਿਸ ਮੁਲਾਜ਼ਮਾਂ ਨੂੰ ਤਲਬ ਕਰ ਕੇ ਕੁਲ 12 ਵਿਅਕਤੀਆਂ ਨੂੰ ਪੇਸ਼ ਹੋਣ ਸਬੰਧੀ ਪ੍ਰਵਾਨੇ ਜਾਰੀ ਕੀਤੇ ਹਨ ਪਰ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਚ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੀ ਘਟਨਾ ਤੋਂ ਬਾਅਦ ਸਿਟੀ ਪੁਲਿਸ ਨੇ ਉਲਟਾ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢਡਰੀਆਂਵਾਲੇ, ਅਮਰੀਕ ਸਿੰਘ ਅਜਨਾਲਾ, ਸਰਬਜੀਤ ਸਿੰਘ ਧੁੰਦਾ ਸਮੇਤ 15 ਸਿਰਮੌਰ ਪੰਥਕ ਪ੍ਰਚਾਰਕਾਂ ਨੂੰ ਨਾਮਜ਼ਦ ਕਰ ਕੇ ਕੁਲ 150 ਵਿਅਕਤੀਆਂ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
Bhai Amrik Singh Ajnala
ਭਾਈ ਪੰਥਪ੍ਰੀਤ ਸਿੰਘ ਨੂੰ ਐਸਆਈਟੀ ਵਲੋਂ ਬੁਲਾਉਣ ਤੋਂ ਸੰਕੇਤ ਮਿਲਦਾ ਹੈ ਕਿ ਉਕਤ ਐਫ਼ਆਈਆਰ ਵਿਚ ਸ਼ਾਮਲ ਰਣਜੀਤ ਸਿੰਘ ਢਡਰੀਆਂਵਾਲੇ, ਅਮਰੀਕ ਸਿੰਘ ਅਜਨਾਲਾ, ਸਰਬਜੀਤ ਸਿੰਘ ਧੁੰਦਾ ਸਮੇਤ 15 ਹੋਰ ਪੰਥਕ ਪ੍ਰਚਾਰਕਾਂ ਵੀ ਜਲਦ ਤਲਬ ਕੀਤਾ ਜਾ ਸਕਦਾ ਹੈ। ਉਕਤ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਤੋਂ ਬਾਅਦ ਸੰਗਤਾਂ ਉਪਰ ਹੀ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਭਾਵੇਂ ਤਤਕਾਲੀਨ ਬਾਦਲ ਸਰਕਾਰ ਦੀ ਪੁਲਿਸ ਨੇ ਦੋਸ਼ ਲਾਇਆ ਸੀ ਕਿ 15 ਪ੍ਰਸਿੱਧ ਪੰਥਕ ਸ਼ਖ਼ਸੀਅਤਾਂ ਸਮੇਤ ਹੋਰ ਅਨੇਕਾਂ ਵਿਅਕਤੀਆਂ ਨੇ ਪੁਲਿਸ ਉਪਰ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਸੀ। ਸਿਟੀ ਥਾਣਾ ਕੋਟਕਪੂਰਾ ਦੀ ਪੁਲਿਸ ਵਲੋਂ ਉਸ ਸਮੇਂ ਦਰਜ ਕੀਤੀ ਗਈ ਐਫ਼ਆਈਆਰ ਨੰਬਰ 192 ਹੁਣ ਪੁਲਿਸ ਲਈ ਹੀ ਗਲੇ ਦੀ ਹੱਡੀ ਬਣ ਗਈ ਹੈ।