
ਸ਼ੇਖ਼ ਫ਼ਰੀਦ ਜੀ ਰੱਬ ਅੱਗੇ ਬੇਨਤੀ ਕਰਦੇ ਹਨ ਕਿ ਉਹ ਪ੍ਰੀਤ ਦਾ ਮੀਂਹ ਵਰਸਾਉਂਦਾ ਰਹੇ, ਸਦਾ ਵਰਸਾਉਂਦਾ ਰਹੇ, ਭਾਵੇਂ ਉਸ ਦਾ ਕੰਬਲ ਭਿੱਜ ਕੇ ਭਾਰੀ ਹੋ ਜਾਏ।
ਰੱਬੀ ਪ੍ਰੇਮ ਵਿਚ ਰੰਗੀ ਹੋਈ ਜੀਵਾਤਮਾ ਦਾ ਚੱਜ ਹੀ ਨਿਰੋਲ ਅਤੇ ਮਨਮੋਹਕ ਹੁੰਦਾ ਹੈ। ਉਹ ਪ੍ਰਮਾਤਮਾ ਦੇ ਪ੍ਰੇਮ ਵਿਚ ਹੀ ਜਿਊੁਂਦੀ ਅਤੇ ਮਰਦੀ ਹੈ। ਪ੍ਰੀਤ ਬਿਨਾਂ ਉਸ ਦਾ ਜੀਵਨ ਸਖਣਾ ਹੁੰਦਾ ਹੈ। ਪ੍ਰੀਤ ਦੀ ਰਾਹ ਵਿਚ ਕੋਈ ਵੀ ਵਿਘਨ ਆਵੇ, ਉਹ ਸਹਿਜ ਹੀ ਪਾਰ ਕਰ ਜਾਂਦੀ ਹੈ। ਸ਼ੇਖ਼ ਫ਼ਰੀਦ ਜੀ ਰੱਬ ਅੱਗੇ ਬੇਨਤੀ ਕਰਦੇ ਹਨ ਕਿ ਉਹ ਪ੍ਰੀਤ ਦਾ ਮੀਂਹ ਵਰਸਾਉਂਦਾ ਰਹੇ, ਸਦਾ ਵਰਸਾਉਂਦਾ ਰਹੇ, ਭਾਵੇਂ ਉਸ ਦਾ ਕੰਬਲ ਭਿੱਜ ਕੇ ਭਾਰੀ ਹੋ ਜਾਏ। ਚਲਣਾ ਕਠਿਨ ਹੋ ਜਾਂਦਾ ਹੈ ਪਰ ਜੀਵਾਤਮਾ ਇਸ ਭਿੱਜੇ ਹੋਏ ਵਜ਼ਨਦਾਰ ਕੰਬਲ ਨਾਲ ਵੀ ਚਲਣ ਲਈ ਰਾਜ਼ੀ ਹੈ ਕਿਉਂਕਿ ਇਹ ਭਿਜਿਆ ਕੰਬਲ ਹੀ ਉਸ ਦੀ ਪ੍ਰੀਤ ਨੂੰ ਕਾਇਮ ਰੱਖਣ ਵਾਲਾ ਅਤੇ ਕੰਤ ਨਾਲ ਮੇਲ ਕਰਾਉਣ ਵਾਲਾ ਹੈ। ਜੀਵਾਤਮਾ ਦਾ ਇਹ ਜਜ਼ਬਾ ਉਸ ਨੂੰ ਸੁਹੱਪਣ ਪ੍ਰਦਾਨ ਕਰਦਾ ਹੈ। ਉਸ ਨੂੰ ਕੋਈ ਫਿਕਰ ਨਹੀਂ ਕਿ ਰੱਬ ਦੀ ਪ੍ਰੀਤ ਵਿਚ ਦੁੱਖ ਸਹਿਣੇ ਪੈ ਰਹੇ ਹਨ ਤੇ ਤਨ ਰੁਲਦਾ ਜਾ ਰਿਹਾ ਹੈ।
Gurbani
ਉਹ ਜਾਣਦਾ ਹੈ ਕਿ ਇਸ ਤਨ ਨੇ ਤਾਂ ਇਕ ਦਿਨ ਮਿੱਟੀ ਹੋ ਹੀ ਜਾਣਾ ਹੈ। ਸ਼ੇਖ਼ ਫ਼ਰੀਦ ਜੀ ਨੇ ਸੁੰਦਰ ਵਚਨ ਕੀਤੇ ਕਿ ਜੀਵਾਤਮਾ ਕੋਲ ਹੋਰ ਰਸਤਾ ਹੀ ਕੀ ਹੈ
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਮੇਹੁ॥ (ਅੰਗ-1379)
ਸ਼ੇਖ਼ ਫ਼ਰੀਦ ਜੀ ਨੇ ਕਿਹਾ ਕਿ ਰੱਬ ਦਾ ਘਰ ਬਹੁਤ ਦੂਰ ਹੈ। ਉਸ ਨਾਲ ਮੇਲ ਦੀ ਆਸ ਤਾਂ ਹੀ ਪੂਰੀ ਹੋ ਸਕਦੀ ਹੈ ਜੇ ਉਸ ਦੇ ਰੰਗ ਵਿਚ ਰੰਗੀ ਕਾਮਨੀ ਇਹ ਪੈਂਡਾ ਤੈਅ ਕਰਨ ਦਾ ਸੰਕਲਪ ਕਰਦੀ ਹੈ। ਇਹ ਰਾਹ ਲੰਮਾ ਵੀ ਹੈ ਅਤੇ ਚਿੱਕੜ ਭਾਵ ਮੁਸ਼ਕਲਾਂ ਭਰਿਆ ਵੀ ਹੈ। ਜੇ ਮਨ ਦੀ ਪ੍ਰੀਤ ਸੱਚੀ ਹੈ ਤਾਂ ਇਸ ਚਿੱਕੜ ਭਰੇ ਰਾਹ ਉਤੇ ਤੁਰਨਾ ਵੀ ਪੈਣਾ ਹੈ ਅਤੇ ਕੰਤ ਦੇ ਘਰ ਦੀ ਦੂਰੀ ਵੀ ਤੈਅ ਕਰਨੀ ਪੈਣੀ ਹੈ। ਇਸ ਲਈ ਘਰ ਤੋਂ ਬਾਹਰ ਨਿਕਲਣਾ ਪਵੇਗਾ। ਬਾਹਰ ਰੱਬੀ ਪ੍ਰੀਤ ਦਾ ਮੀਂਹ ਵਰ੍ਹ ਰਿਹਾ ਹੈ ਜਿਸ ਨਾਲ ਦੇਹ ਰੂਪੀ ਕੰਬਲ ਭਿੱਜ ਕੇ ਭਾਰੀ ਹੋ ਜਾਏਗਾ। ਇਕ ਤਰਫ਼ ਕੰਬਲ ਦੇ ਭਿੱਜਣ ਦਾ ਡਰ ਹੈ, ਦੂਜੀ ਤਰਫ਼ ਜੇ ਕੰਬਲ ਨੂੰ ਭਾਰੀ ਹੋਣ ਤੋਂ ਬਚਾਉਣ ਦੀ ਚਿੰਤਾ ਹੈ ਤਾਂ ਬਾਹਰ ਵਰ੍ਹ ਰਹੇ ਪ੍ਰਮਾਤਮਾ ਦੀ ਪ੍ਰੀਤ ਦੇ ਮੀਂਹ ਤੋਂ ਵਾਂਝਿਆਂ ਰਹਿਣਾ ਪਵੇਗਾ।
Gurbani
ਜਿਸ ਜੀਵਾਤਮਾ ਤੇ ਪ੍ਰਮਾਤਮਾ ਦੀ ਪ੍ਰੀਤ ਦਾ ਪੱਕਾ ਰੰਗ ਚੜਿ੍ਹਆ ਹੋਇਆ ਹੈ, ਉਹ ਕੰਬਲ ਦੇ ਭਿਜਣ ਕਾਰਨ ਭਾਰੀ ਹੋ ਜਾਣ ਦੀ ਪਰਵਾਹ ਨਹੀਂ ਕਰਦੀ। ਉਸ ਲਈ ਪ੍ਰੀਤ ਦਾ ਬਣੇ ਰਹਿਣਾ ਜੀਵਨ ਦੀ ਸੱਭ ਤੋਂ ਵੱਡੀ ਲੋੜ ਹੈ। ਇਸ ਲਈ ਉਹ ਕੁੱਝ ਵੀ ਕੁਰਬਾਨ ਕਰ ਸਕਦੀ ਹੈ। ਜੀਵਨ ਵਿਚ ਜੋਬਨ ਦੀ ਉਮਰ ਕਿਸ ਨੂੰ ਨਹੀਂ ਭਾਉਂਦੀ? ਜੋਬਨ ਹਰ ਕਿਸੇ ਦੇ ਜੀਵਨ ਦਾ ਸੱਭ ਤੋਂ ਸੁਨਹਿਰੀ ਹਿੱਸਾ ਹੁੰਦਾ ਹੈ। ਜੋਬਨ ਤਨ ਦੀ ਤਾਕਤ, ਮਨ ਦੀ ਤਰੰਗ ਅਤੇ ਸੋਚ ਦੀ ਉਡਾਨ ਦਾ ਸੱਭ ਤੋਂ ਬੇਹਤਰੀਨ ਸੁਮੇਲ ਹੈ। ਹਰ ਕੋਈ ਚਾਹੁੰਦਾ ਹੈ ਕਿ ਜੋਬਨ ਸਦਾ ਬਣਿਆ ਰਹੇ ਅਤੇ ਉਹ ਅਨੰਦ ਮਾਣਦਾ ਰਹੇ। ਜੀਵਾਤਮਾ ਲਈ ਰੱਬੀ ਪ੍ਰੀਤ ਦੇ ਸਾਹਮਣੇ ਜੋਬਨ ਦਾ ਅਨੰਦ ਵੀ ਕੋਈ ਸ਼ੈਅ ਨਹੀਂ, ਕੋਈ ਮਾਇਨੇ ਨਹੀਂ ਰਖਦਾ। ਜੋਬਨ ਜਾਂਦਾ ਹੈ ਤਾਂ ਚਲਾ ਜਾਏ। ਪਰ ਪ੍ਰਮਾਤਮਾ ਦੀ ਪ੍ਰੀਤ ਬਣੀ ਰਹੇ। ਜੋਬਨ ਦੇ ਰਸ, ਰੰਗ ਉਸ ਲਈ ਅਨਰਸ ਅਤੇ ਬੇਰੰਗ ਹਨ।
Baba Farid Ji
ਉਨ੍ਹਾਂ ਲਈ ਕੋਈ ਪਿਆਰ ਨਹੀਂ ਕਿਉਂਕਿ ਜੀਵਾਤਮਾ ਜਾਣਦੀ ਹੈ ਕਿ ਇਹ ਸਿਰਫ਼ ਚਾਰ ਦਿਨਾਂ ਦਾ ਮੇਲਾ ਅਤੇ ਰੌਲਾ ਹੈ। ਕਿਸੇ ਦਾ ਵੀ ਜੋਬਨ ਨਹੀਂ ਬਣਿਆ ਰਿਹਾ। ਜੋ ਜੋਬਨ ਦੇ ਰਸ, ਰੰਗ ਵਿਚ ਪੈ ਗਿਆ, ਉਸ ਨੇ ਪ੍ਰਮਾਤਮਾ ਨੂੰ ਵਿਸਾਰ ਦਿਤਾ। ਪ੍ਰਮਾਤਮਾ ਦੀ ਪ੍ਰੀਤ ਸਦੀਵੀ ਅਤੇ ਹਿਤਕਾਰੀ ਹੈ। ਜੋ ਮੁੱਖ ਜੋਬਨ ਵਿਚ ਲਿਸ਼ਕਦੇ, ਮਹਿਕਦੇ ਨਜ਼ਰ ਆਉਂਦੇ ਹਨ, ਉਹ ਜੋਬਨ ਜਾਂਦੀਆਂ ਹੀ ਕੁਮਲਾ ਜਾਂਦੇ ਹਨ। ਸਾਰੀ ਰੌਣਕ ਅਤੇ ਪ੍ਰਫੁਲਤਾ ਉਡਾਰੀ ਮਾਰ ਜਾਂਦੀ ਹੈ। ਪਰ ਪ੍ਰਮਾਤਮਾ ਦੀ ਪ੍ਰੀਤ ਦਾ ਰੰਗ ਨਾ ਕਦੇ ਫਿੱਕਾ ਪੈਂਦਾ ਹੈ, ਨਾ ਉਤਰਦਾ ਹੈ। ਜੋਬਨ ਦਾ ਸਮਾਂ, ਤਨ ਤੇ ਮਨ ਦੀ ਸਮਰੱਥਾ ਦਾ ਸਮਾਂ ਹੀ ਦਰਅਸਲ ਰੱਬੀ ਇਸ਼ਕ ਨੂੰ ਸਿਰੇ ਚਾੜ੍ਹਨ ਦਾ ਸਮਾਂ ਹੈ। ਪਰ ਦੁਨੀਆਂ ਦੇ ਰਸਾਂ ਵਿਚ ਭਰਮੀ ਹੋਈ ਜੋ ਜੀਵਾਤਮਾ ਇਸ ਵੇਲੇ ਨੂੰ ਅਜਾਈਂ ਗੁਆ ਦਿੰਦੀ ਹੈ, ਉਸ ਨੂੰ ਨਿਰਾ ਪਛਤਾਵਾ ਹੀ ਹੱਥ ਲਗਦਾ ਹੈ।
Shri Guru Granth Sahib Ji
ਬਿਰਧ ਅਵਸਥਾ ਆ ਜਾਂਦੀ ਹੈ ਤਾਂ ਜੀਵਨ ਦਾ ਅੰਤਰ ਨੇੜੇ ਵਿਖਾਈ ਦੇਣ ਲਗਦਾ ਹੈ ਤੇ ਅਜੇ ਤਕ ਕੀਤੇ ਗਏ ਭੋਗ ਵਿਲਾਸ ਕਿਸੇ ਲੇਖੇ ਨਹੀਂ ਲਗਦੇ। ਨੇਤਰਾਂ ਦੀ ਜੋਤ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਖੀਣ ਹੋ ਜਾਂਦੀ ਹੈ। ਭੋਗ ਵਿਲਾਸ ਦੇ ਬੋਲ ਸੁਣ ਸੁਣ ਕੇ ਕੰਨਾਂ ਦੀ ਸੁਣਨ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਕੇਸ ਚਿੱਟੇ ਹੋ ਜਾਂਦੇ ਹਨ, ਨਿਤ ਵਧਦੀ ਉਮਰ ਦਾ ਅਸਰ ਪ੍ਰਗਟ ਹੋਣ ਲੱਗ ਪੈਂਦਾ ਹੈ ਜਿਸ ਨੂੰ ਮਿੱਠੀ ਸ਼ੱਕਰ ਸਮਝ ਕੇ ਖਾਂਦੇ ਆਏ ਸੀ, ਉਹ ਬਿਖ ਲੱਗਣ ਲੱਗ ਪੈਂਦੀ ਹੈ। ਸ਼ੇਖ਼ ਫ਼ਰੀਦ ਜੀ ਇਥੇ ਬੜਾ ਹੀ ਤਿੱਖਾ ਸਵਾਲ ਖੜਾ ਕਰਦੇ ਹਨ:
ਫ਼ਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥ (ਅੰਗ-1378)
Guru Granth Sahib Ji
ਜਿਸ ਵੇਲੇ ਜੋਬਨ ਦਾ ਉਭਾਰ ਸੀ, ਤਨ ਤੇ ਮਨ ਵਿਚ ਬਲ ਅਤੇ ਭਾਵਨਾ ਦਾ ਉਛਾਲ ਸੀ। ਜੇ ਉਸ ਵੇਲੇ ਇਸ਼ਕ ਦੀ ਔਖੀ ਰਾਹ ਉਤੇ ਚੱਲ ਕੇ ਜੀਵਾਤਮਾ, ਕੰਤ ਦਾ ਸੰਗ ਨਹੀਂ ਪ੍ਰਾਪਤ ਕਰ ਸਕੀ ਤਾਂ ਹੁਣ ਜਦੋਂ ਨਾ ਜੋਬਨ ਹੈ, ਨਾ ਬਲ, ਉਹ ਪ੍ਰਮਾਤਮਾ ਨੂੰ ਕਿਵੇਂ ਰਿਝਾਵੇਗੀ? ਜੇ ਜੋਬਨ ਵਿਚ ਉਹ ਰੱਬੀ ਇਸ਼ਕ ਦੀ ਰਾਹ ਉਤੇ ਚੱਲ ਪਈ ਹੁੰਦੀ ਤਾਂ ਉਸ ਦਾ ਜੋਬਨ ਭਰਿਆ ਰੂਪ, ਰੰਗ ਅਤੇ ਬਲ ਸਦੀਵੀ ਹੋ ਜਾਣਾ ਸੀ ਭਾਵ ਅੰਤਰ ਦੀ ਅਵਸਥਾ ਥਿਰ ਹੋ ਜਾਂਦੀ ਤੇ ਪਛਤਾਵਾ ਨਾ ਹੁੰਦਾ। ਜੋਬਨ ਦੇ ਭੋਗੇ ਰਸ, ਰੰਗ ਕਿਸੇ ਕੰਮ ਨਾ ਆਏ। ਸ਼ੇਖ਼ ਫ਼ਰੀਦ ਜੀ ਨੇ ਕਿਹਾ ਕਿ ਅਜਿਹੇ ਰਸ, ਰੰਗ ਨਾਲੋਂ ਪ੍ਰਮਾਤਮਾ ਦੀ ਪ੍ਰੀਤ ਵਿਚ ਦੁੱਖ ਸਹਿਣਾ ਹੀ ਲਾਭਕਾਰੀ ਹੈ।
Guru Granth Sahib Ji
ਇਸ਼ਕ ਵਿਚ ਦੁੱਖ ਸਹਿਣੇ ਪੈਂਦੇ ਹਨ। ਪ੍ਰਮਾਤਮਾ ਨਾਲ ਇਸ਼ਕ, ਉਸ ਦੀ ਭਗਤੀ ਤਾਂ ਬਹੁਤ ਹੀ ਕਠਿਨ ਪ੍ਰੀਖਿਆਵਾਂ ਦਾ ਮਾਰਗ ਹੈ। ਜੀਵਨ ਇਵੇਂ ਹੋ ਜਾਂਦਾ ਹੈ, ਜਿਵੇਂ ਚਿੰਤਾ ਦਾ ਮੰਜਾ ਹੋਵੇ ਜੋ ਦੁੱਖ ਦੇ ਵਾਣ ਨਾਲ ਬੁਣਿਆ ਹੋਵੇ। ਅਜਿਹੇ ਮੰਜੇ ਉਤੇ ਲੇਟ ਕੇ ਤੇ ਵਿਛੋੜੇ ਦਾ ਕੰਬਲ ਲੈ ਕੇ ਸਾਰਾ ਜੀਵਨ ਗੁਜ਼ਾਰਨਾ ਪਵੇ। ਚਿੰਤਾ ਅਤੇ ਦੁੱਖ ਜੀਵਾਤਮਾ ਨੂੰ ਸਦਾ ਬੇਚੈਨ ਰਖਦੇ ਹਨ। ਵਿਛੋੜੇ ਦਾ ਦਰਦ ਪਲ ਪਲ ਮੌਤ ਜਿਹਾ ਹੁੰਦਾ ਹੈ। ਜੀਵਾਤਮਾ ਚਿੰਤਾ, ਦੁੱਖ ਅਤੇ ਵਿਛੋੜੇ ਨੂੰ ਆਪ ਚੁਣਦੀ ਅਤੇ ਧਾਰਨ ਕਰਦੀ ਹੈ। ਇਸ ਤੋਂ ਅਲਾਵਾ ਕੋਈ ਹੋਰ ਮਾਰਗ ਹੀ ਨਹੀਂ। ਪ੍ਰਮਾਤਮਾ ਨਾਲ ਮੇਲ ਬਾਰੇ ਸ਼ੇਖ਼ ਫ਼ਰੀਦ ਜੀ ਨੇ ਕਿਹਾ ਕਿ ਵਿਛੋੜੇ ਦੇ ਦਰਦ ਵਿਚ ਹਰ ਘੜੀ ਮਰਨਾ ਤਾਂ ਜੀਵਨ ਦੀ ਨਿਸ਼ਾਨੀ ਹੈ। ਵਿਛੋੜੇ ਦੇ ਦਰਦ ਨੂੰ ਉਨ੍ਹਾਂ ਨੇ ਸੁਲਤਾਨ ਕਿਹਾ, ‘ਭਾਵ ਇਹ ਜੀਵਨ ਦੀ ਸੱਭ ਤੋਂ ਉੱਤਮ ਅਵਸਥਾ ਹੈ। ਜਿਸ ਤਨ ਅੰਦਰ ਵਿਛੋੜੇ ਦੀ ਟੀਸ ਨਹੀਂ, ਉਹ ਤਨ ਤਾਂ ਮਸਾਣ ਸਮਾਨ ਹੈ।
Guru Granth Sahib Ji
ਜੀਵਾਤਮਾ ਦੇ ਜੀਵਨ ਅੰਦਰ ਮੋਹ, ਤਿ੍ਰਸ਼ਨਾ ਨਹੀਂ ਬਸ ਪ੍ਰੀਤ ਹੈ। ਉਸ ਨੇ ਤਿ੍ਰਸ਼ਨਾ ਅਤੇ ਮੋਹ ਤੋਂ ਅਪਣੇ ਆਪ ਨੂੰ ਦੂਰ ਕਰ ਲਿਆ ਹੈ, ਤਾਂ ਹੀ ਮਨ ਅੰਦਰ ਪ੍ਰੀਤ ਵੱਸ ਸਕੀ ਹੈ। ਮੋਹ ਤੇ ਪ੍ਰੀਤ ਦੋਵੇਂ ਇਕ ਜਗ੍ਹਾ ਨਹੀਂ ਰਹਿ ਸਕਦੇ। ਮੋਹ, ਤਿ੍ਰਸ਼ਨਾ ਕਿਉਂ ਨਹੀਂ ਅਤੇ ਪ੍ਰੀਤ ਕਿਉਂ? ਇਸ ਦਾ ਕਾਰਨ ਜਿਸ ਜੀਵਾਤਮਾ ਨੇ ਜਾਣ ਲਿਆ, ਉਹ ਰੱਬੀ ਪ੍ਰੀਤ ਵਿਚ ਹੀ ਰਮ ਗਈ। ਜਿਸ ਸੰਸਾਰ ਨਾਲ ਪ੍ਰੀਤ ਲਾਈ ਹੈ, ਉਹ ਤਾਂ ਨਾਸ਼ਵਾਨ ਹੈ। ਜੋ ਆਇਆ ਹੈ, ਉਸ ਨੇ ਚਲੇ ਜਾਣਾ ਹੈ। ਸ਼ੇਖ਼ ਫ਼ਰੀਦ ਜੀ ਨੇ ਇਸ ਦੀਆਂ ਬਹੁਤ ਸੁੰਦਰ ਮਿਸਾਲਾਂ ਦਿਤੀਆਂ। ਆਪ ਨੇ ਕਿਹਾ ਕਿ ਕੱਤਕ ਦੇ ਮਹੀਨੇ ਵਿਚ ਕੂੰਜਾਂ ਦਾ ਆਗਮਨ ਹੁੰਦਾ ਹੈ, ਵੱਡੀ ਤਾਦਾਦ ਵਿਚ ਪੰਛੀ ਅਪਣਾ ਅਸਥਾਨ ਛੱਡ ਕੇ ਦੂਜੀ ਜਗ੍ਹਾ ਚਲੇ ਆਉਂਦੇ ਹਨ ਜਿਥੇ ਮੌਸਮ ਉਨ੍ਹਾਂ ਦੇ ਅਨੁਕੂਲ ਹੁੰਦਾ ਹੈ। ਮੌਸਮ ਬਦਲਣ ਉਤੇ ਉਹ ਮੁੜ ਅਪਣੇ ਦੇਸ਼ ਵਾਪਸ ਚਲੇ ਜਾਂਦੇ ਹਨ। ਚੇਤਰ ਦੇ ਮਹੀਨੇ ਵਿਚ ਅਕਸਰ ਜੰਗਲਾਂ ਵਿਚ ਆਪ ਹੀ ਅੱਗ ਭੜਕ ਉਠਦੀ ਹੈ। ਅੱਗ ਆਪ ਹੀ ਬੁੱਝ ਵੀ ਜਾਂਦੀ ਹੈ।
Sri Guru Granth Sahib Ji
ਸਾਉਣ ਦੇ ਮਹੀਨੇ ਵਿਚ ਘਨਘੋਰ ਬੱਦਲ ਘਿਰ ਆਉਂਦੇ ਹਨ ਤੇ ਬਿਜਲੀ ਲਿਸ਼ਕ ਲਿਸ਼ਕ ਕੇ ਡਰਾਉਂਦੀ ਹੈ। ਇਹ ਸਿਲਸਿਲਾ ਮੌਸਮ ਬਦਲ ਕੇ ਆਪ ਹੀ ਰੁਕ ਜਾਂਦਾ ਹੈ। ਸਰਦੀ ਦੀ ਰੁੱਤ ਵਿਚ ਸੁੰਦਰ ਇਸਤਰੀਆਂ ਅਪਣੇ ਕੰਤ ਦੀ ਅੰਗ ਵਿਚ ਸਮਾ ਕੇ ਖਾਸ ਅਨੰਦ ਮਾਣਦੀਆਂ ਹਨ। ਰੁਤ ਦੇ ਨਾਲ ਹੀ ਉਹ ਅਨੰਦ ਚਲਿਆ ਜਾਂਦਾ ਹੈ। ਜੀਵਨ ਵੀ ਅਜਿਹਾ ਹੀ ਹੈ। ਜੋ ਹੋ ਰਿਹਾ ਹੈ, ਉਹ ਕੁੱਝ ਸਮੇਂ ਬਾਅਦ ਨਹੀਂ ਰਹੇਗਾ। ਸਮਾਂ ਬਦਲ ਜਾਏਗਾ, ਰੱੁਤ ਬਦਲ ਜਾਏਗੀ, ਕੂੰਜਾਂ, ਅੱਗ, ਬਿਜਲੀ, ਕਾਮਿਨੀ ਬਦਲ ਜਾਏਗੀ। ਕੋਈ ਉਨ੍ਹਾਂ ਨੂੰ ਯਾਦ ਵੀ ਨਹੀਂ ਰੱਖੇਗਾ। ਬਸ ਜ਼ਮੀਨ ਅਤੇ ਆਸਮਾਨ ਕੋਲ ਹੀ ਉਨ੍ਹਾਂ ਦਾ ਹਿਸਾਬ ਹੋਵੇਗਾ। ਉਹ ਕਿਧਰੇ ਅਪਣੇ ਕਰਮਾਂ ਦੇ ਫਲ ਭੋਗ ਰਹੇ ਹੋਣਗੇ:
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ॥
(ਪੰਨਾ-488)
Sri Guru Granth Sahib Ji
ਜੋ ਜੀਵਾਤਮਾ ਜੀਵਨ ਦੀ ਇਸ ਖੇਡ ਨੂੰ ਸਮਝ ਜਾਂਦੀ ਹੈ, ਉਹ ਇਸ ਦੇ ਮੋਹ ਵਿਚ ਨਹੀ ਪੈਂਦੀ। ਸ਼ੇਖ ਫ਼ਰੀਦ ਜੀ ਬੜੀ ਹੀ ਹਲੀਮੀ ਨਾਲ ਵਚਨ ਕਰਦੇ ਹਨ ਕਿ ਜਿਨ੍ਹਾਂ ਜੀਵਨ ਦਾ ਸੱਚ ਜਾਣ ਲਿਆ, ਮੈਂ ਉਨ੍ਹਾਂ ਦੇ ਪੈਰ ਚੁੰਮਦਾ ਹਾਂ। ਅੱਜ ਵੀ ਹਾਲਾਤ ੇਉਹੀ ਹਨ ਜੋ ਵੇਖ ਕੇ ਸ਼ੇਖ ਫ਼ਰੀਦ ਜੀ ਨੇ ਗਹਿਰਾ ਦਰਦ ਮਹਿਸੂਸ ਕੀਤਾ ਹੋਵੇਗਾ ਅਤੇ ਭਿੱਜੇ ਕੰਬਲ ਨਾਲ ਚਿੱਕੜ ਭਰੇ ਰਾਹ ਉਤੇ ਰੱਬ ਦੇ ਘਰ ਵਲ ਤੁਰ ਪਏ ਹੋਣਗੇ ਜੋ ਬਹੁਤ ਦੂਰ ਹੈ। ਕੋਈ ਵਿਰਲਾ ਹੀ ਸੱਚ ਤੇ ਸਮੇਂ ਦੀ ਪਛਾਣ ਕਰ ਇਸ ਰਾਹ ਦਾ ਪਥਿਕ ਬਣਦਾ ਹੈ ਅਤੇ ਅਪਣੇ ਇਸ਼ਕ ਨੂੰ ਅੰਜਾਮ ਤਕ ਲੈ ਜਾਂਦਾ ਹੈ।
ਸੰਪਰਕ: 94159-60533
ਡਾ. ਸਤਿੰਦਰ ਪਾਲ ਸਿੰਘ