
ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਦੇਸ਼ ਦੇ ਪਾਰਲੀਮੈਂਟ ਭਵਨ ਦੇ ਬੈਂਕਿਉਟ ਹਾਲ 'ਚ 11 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ..
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਦੇਸ਼ ਦੇ ਪਾਰਲੀਮੈਂਟ ਭਵਨ ਦੇ ਬੈਂਕਿਉਟ ਹਾਲ 'ਚ 11 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਪਾਰਲੀਮੈਂਟ ਅਧਿਕਾਰੀਆਂ ਨਾਲ ਸਾਂਸਦ ਸ. ਕੰਵਲਜੀਤ ਸਿੰਘ ਬਖ਼ਸ਼ੀ ਦੀ ਰਸਮੀ ਗੱਲਬਾਤ ਹੋ ਗਈ ਹੈ ਅਤੇ ਪ੍ਰੋਗਰਾਮ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਫ਼ਲਸਫ਼ੇ ਉਤੇ ਚਾਨਣਾ ਪਾਉਣ ਵਾਸਤੇ ਕੁੱਝ ਅੰਤਰਰਾਸ਼ਟਰੀ ਬੁਲਾਰਿਆਂ ਨੂੰ ਵੀ ਬੁਲਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਸਾਰਾ ਵੇਰਵਾ ਦਿਤਾ ਜਾਵੇਗਾ। ਇਹ ਪ੍ਰੋਗਰਾਮ 2 ਤੋਂ 3 ਘੰਟੇ ਤਕ ਦਾ ਹੋਵੇਗਾ ਜਿਸ ਵਿਚ ਪੂਰੇ ਦੇਸ਼ ਤੋਂ ਸੰਗਤਾਂ ਹਿੱਸਾ ਲੈ ਸਕਣਗੀਆਂ। ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦਵਾਰਾ ਸਾਹਿਬਾਨ ਅੰਦਰ ਇਸ ਸਬੰਧੀ ਪੂਰੇ ਵੇਰਵੇ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ।
ਇਸ ਸਮਾਗਮ ਵਿਚ ਭਾਰਤੀ ਸਫ਼ਾਰਤਖ਼ਾਨੇ ਤੋਂ ਉਚ ਅਫ਼ਸਰ, ਸਥਾਨਕ ਤੇ ਭਾਰਤੀ ਰਾਜਨੀਤਕ ਸ਼ਖ਼ਸੀਅਤਾਂ, ਸਥਾਨਕ ਸਰਕਾਰੀ ਅਫ਼ਸਰ ਅਤੇ ਵਿਦਵਾਨ ਲੋਕ ਪਹੁੰਚਣਗੇ ਅਤੇ ਸੰਖੇਪ ਰੂਪ ਵਿਚ ਵਿਚਾਰ ਪ੍ਰਗਟ ਕਰਨਗੇ ਅਤੇ ਵਧਾਈ ਸੰਦੇਸ਼ ਦੇਣਗੇ। ਇਹ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਪੰਧ ਨੂੰ ਦਰਸਾਉਂਦੀਆਂ ਕੁੱਝ ਤਸਵੀਰਾਂ ਜਾਂ ਹੋਰ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ। ਇਸ ਮੌਕੇ ਸੰਗਤਾਂ ਵਾਸਤੇ ਚਾਹ-ਪਾਣੀ ਦਾ ਪ੍ਰਬੰਧ ਰਹੇਗਾ