Balwant Rajoana News: ਜੇਲ੍ਹ ਵਿਚੋਂ ਬਲਵੰਤ ਸਿੰਘ ਰਾਜੋਆਣਾ ਨੇ ਗ੍ਰਹਿ ਮੰਤਰੀ ਨੂੰ ਭੇਜਿਆ ਜਵਾਬ, ਕਿਹਾ - ਮੁਆਫ਼ੀ ਨਹੀਂ ਮੰਗਾਂਗਾ 
Published : Jan 2, 2024, 5:12 pm IST
Updated : Jan 2, 2024, 5:12 pm IST
SHARE ARTICLE
Balwant Singh Rajoana
Balwant Singh Rajoana

ਅਮਿਤ ਸ਼ਾਹ ਜੀ, ਮੈਂ ਤਾਂ ਸੱਚ ਦੇ ਰਾਹਾਂ ਦਾ ਮੁਸਾਫ਼ਿਰ ਹਾਂ। ਝੂਠ, ਧੋਖਾ ਅਤੇ ਫਰੇਬ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ

 Balwant Singh Rajoana : ਅੰਮ੍ਰਿਤਸਰ - ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਵਿਚ ਅਮਿਤ ਸ਼ਾਹ ਨੂੰ ਜਵਾਬ ਭੇਜਿਆ ਗਿਆ ਹੈ ਜੋ ਸਵਾਲ ਗ੍ਰਹਿ ਮੰਤਰੀ ਨੇ ਲੋਕ ਸਭਾ ਵਿਚ ਚੁੱਕੇ ਸਨ।  ਲੋਕ ਸਭਾ ਵਿਚ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਮੁੱਦਾ ਚੁੱਕਿਆ ਸੀ। ਜਿਸ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਜਿਸ ਦੋਸ਼ੀ ਨੂੰ ਆਪਣੇ ਗੁਨਾਹ ਦਾ ਪਛਤਾਵਾ ਹੀ ਨਹੀਂ ਉਹ ਰਹਿਮ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ। ਇਸ ਦੇ ਜਵਾਬ ਵਿਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ - 

''ਸੱਭ ਤੋਂ ਪਹਿਲਾਂ ਮੈਂ ਸਮੁੱਚੀ ਮਾਨਵਤਾ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਮੈਨੂੰ ਸੰਬੋਧਨ ਹੁੰਦੇ ਹੋਏ ਇਹ ਕਿਹਾ ਹੈ ਕਿ " ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਅਗਰ ਉਸ ਕੋ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ, ਪਛਤਾਵਾ ਹੀ ਨਹੀਂ ਹੈ, ਉਹ ਵਿਅਕਤੀ ਦਇਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ" । 

ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਹੋਏ ਬਿਆਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਤੁਸੀਂ ਮੇਰੇ ਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ, ਜਿਹੜੇ ਅਜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ। ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਹੈ ਤਾਂ ਫਿਰ ਪਛਤਾਵਾ ਕਿਸ ਗੱਲ ਦਾ, ਮਾਫ਼ੀ ਕਿਸ ਗੱਲ ਦੀ ? 

ਮੈਂ ਤੁਹਾਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਾਰਲੀਮੈਂਟ ਵਿੱਚ ਖੜ੍ਹ ਕੇ ਇਹ ਕਿਹਾ ਸੀ ਕਿ 1984 ਵਿੱਚ ਕਾਂਗਰਸੀ ਹੁਕਮਰਾਨਾਂ ਵਲੋਂ ਸਿੱਖਾਂ ਦੇ ਸਰਵ-ਉੱਚ ਧਾਰਮਿਕ ਅਸਥਾਨ ਰੂਹਾਨੀਅਤ ਦੇ ਕੇਂਦਰ "ਸ਼੍ਰੀ ਦਰਬਾਰ ਸਾਹਿਬ ਜੀ"ਤੇ ਟੈਕਾਂ ਅਤੇ ਤੋਪਾਂ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ  ਵਿੱਚ ਖੋਭਿਆ ਹੋਇਆ ਖੰਜਰ ਹੈ, ਕਾਂਗਰਸੀ ਹੁਕਮਰਾਨਾਂ ਵਲੋਂ ਕੀਤੇ ਹੋਏ ਗੁਨਾਹ ਅਤੇ ਪਾਪ ਹਨ। 

ਹੁਣ ਤੁਸੀਂ ਹੀ ਦੱਸੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿੱਚ ਖੰਜਰ ਖੋਭਣ ਵਾਲੇ ਗੁਨਾਹਗਾਰਾਂ ਨਾਲ, ਪਾਪੀਆਂ ਨਾਲ ਖੜਨਾ, ਉਨ੍ਹਾਂ ਦੀ ਪੁਸਤਪਨਾਹੀ ਕਰਨਾ ਗੁਨਾਹ ਹੈ ਜਾਂ ਇਨ੍ਹਾਂ ਪਾਪੀਆਂ ਦੇ ਖਿਲਾਫ਼ ਲੜ੍ਹਨਾਂ ਗੁਨਾਹ ਹੈ ? ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤਾ ਹੋਇਆ ਬਿਆਨ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮਾਂ ਨਾਲ ਜਖ਼ਮੀ ਹੋਈਆਂ ਸਿੱਖ ਭਾਵਨਾਵਾਂ ਦਾ ਅਤੇ ਮੋਦੀ ਜੀ ਵੱਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਦਾ ਅਪਮਾਨ ਹੈ। 

ਅਮਿਤ ਸ਼ਾਹ ਜੀ, ਜਿੱਥੋਂ ਤੱਕ ਦੇਸ਼ ਦੇ ਸੰਵਿਧਾਨ ਨੂੰ ਮੰਨਣ ਦੀ ਜਾਂ ਨਾ ਮੰਨਣ ਦੀ ਗੱਲ ਹੈ। ਮੈਂ ਅਦਾਲਤ ਵਿੱਚ ਸੱਚ ਬੋਲਿਆ, ਮੈਂ ਜੋ ਵੀ ਕੀਤਾ, ਉਸਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ । ਮੈਂ ਅਦਾਲਤਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਹ ਸੱਭ ਕਿਉਂ ਕੀਤਾ ਹੈ। ਮੈਂ ਅਦਾਲਤਾਂ ਦੀ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ। ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਨੂੰ ਨਹੀਂ ਮੰਨਦਾ।

ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਕਤਲੇਆਮ ਕਰਨ ਵਾਲੇ, ਗੁਜਰਾਤ ਦੰਗਿਆਂ ਦੇ ਦੋਸ਼ੀ, ਬੀਬੀ ਬਿਲਕਿਸ ਬਾਨੋ ਦੇ ਗੁਨਾਹਗਾਰ ਅਤੇ ਹੋਰ ਵੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰਨ ਵਾਲੇ ਸਾਰੇ ਗੁਨਾਹਗਾਰ ਅਤੇ ਅਪਰਾਧੀ ,ਕੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਨ ? ਕੀ ਸੰਵਿਧਾਨ ਉਨ੍ਹਾਂ ਨੂੰ ਇਹ ਸਾਰੇ ਘਿਨੌਣੇ ਅਪਰਾਧ ਕਰਨ ਦੀ ਇਜਾਜ਼ਤ ਦਿੰਦਾ ਹੈ?

ਫਿਰ ਤਾਂ ਅਜ਼ਬ ਹੈ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਫਲਸਫ਼ਾ ! ਕਿ ਜਿੰਨੇ ਮਰਜ਼ੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰੋ, ਫਿਰ ਅਦਾਲਤਾਂ ਵਿੱਚ ਆ ਕੇ ਮੁਨਕਰ ਹੋ ਜਾਵੋ, ਚੰਗੇ ਵਕੀਲ ਕਰੋ, ਕੇਸ ਲੜੋ ਅਤੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰੋ ਅਤੇ ਰਿਹਾਅ ਹੋ ਜਾਵੋ। ਕੀ ਫਿਰ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਇਹ ਸਾਰਾ ਵਰਤਾਰਾ ਝੂਠ, ਧੋਖੇ, ਫਰੇਬ ਅਤੇ ਗੁਨਾਹਗਾਰਾਂ ਅਤੇ ਅਪਰਾਧੀਆਂ ਦੀ ਪੁਸਤਪਨਾਹੀ ਨਹੀਂ ਕਰ ਰਿਹਾ ? 

ਇਸ ਝੂਠ ਦੇ ਚੱਲ ਰਹੇ ਕਾਰੋਬਾਰ ਦੇ ਵਿੱਚੋਂ ਸੱਚ ਨੂੰ ਸਮਰਪਿਤ ਸੱਭਿਅਕ ਸਮਾਜ ਦੀ ਸਿਰਜਣਾ ਕਿਵੇਂ ਹੋ ਸਕੇਗੀ।  ਤੁਹਾਨੂੰ ਸੋਚਣ ਦੀ ਜਰੂਰਤ ਹੈ।  ਤੁਹਾਨੂੰ ਸੱਚ ਤੋਂ ਡਰਨ ਦੀ ਨਹੀਂ ਸਗੋਂ ਸੱਚ ਦਾ ਸਨਮਾਨ ਕਰਨ ਦੀ ਜਰੂਰਤ ਹੈ,ਨਹੀਂ ਤਾਂ ਸਾਡੇ ਜੀਵਨਾਂ ਦੇ ਵਿੱਚੋਂ ਸੱਚ ਸਮਾਪਤ ਹੋ ਜਾਵੇਗਾ। ਵੈਸੇ ਸੱਚ ਅਤੇ ਹੁਕਮਰਾਨਾਂ ਦਾ ਸਦੀਆਂ ਤੋਂ ਵੈਰ ਹੀ ਰਿਹਾ ਹੈ। 

ਅਮਿਤ ਸ਼ਾਹ ਜੀ, ਜਦੋਂ ਮੈਂ ਅਦਾਲਤਾਂ ਵਿੱਚ ਆਪਣੇ ਕੀਤੇ ਨੂੰ ਸਵੀਕਾਰ ਹੀ ਕਰ ਲਿਆ, ਉਸ ਦੇ ਬਦਲੇ ਮਿਲੀ ਸਜ਼ਾ ਨੂੰ ਵੀ ਹੱਸ ਕੇ ਸਵੀਕਾਰ ਕਰ ਲਿਆ। ਫਿਰ ਕਿਸੇ ਅੱਗੇ ਕੋਈ ਅਪੀਲ ਕਰਨ ਦਾ ਜਾਂ ਫਿਰ ਕਿਸੇ ਤੋਂ ਰਹਿਮ ਮੰਗਣ ਦਾ ਤਾਂ ਕੋਈ ਸਵਾਲ ਪੈਦਾ ਨਹੀਂ ਹੁੰਦਾ। ਇਹ ਅਪੀਲ ਜਿਹੜੀ ਤੁਹਾਡੇ ਕੋਲ ਪਿਛਲੇ 12 ਸਾਲਾਂ ਤੋਂ ਵਿਚਾਰ ਅਧੀਨ ਹੈ, ਇਹ ਅਪੀਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ "ਸ਼੍ਰੀ ਅਕਾਲ ਤਖ਼ਤ ਸਾਹਿਬ" ਜੀ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਹੈ। 

ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ, ਜਿਸ ਤੇ ਕਾਰਵਾਈ ਕਰਦੇ ਹੋਏ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ,ਜਿਸ ਅਪੀਲ ਤੇ ਤੁਹਾਡੀ ਸਰਕਾਰ ਨੇ "ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ 550 ਸਾਲਾਂ ਪ੍ਰਕਾਸ਼ ਪੁਰਬ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕੀਤਾ, ਜਿਸ ਅਪੀਲ ਤੇ ਫੈਸਲਾ ਲੈਣ ਲਈ ਦੇਸ਼ ਦੀ ਸੁਪਰੀਮ ਕੋਰਟ ਦੇ ਤਿੰਨ ਚੀਫ਼ ਜਸਟਿਸ ਸਹਿਬਾਨ ਨੇ ਤੁਹਾਨੂੰ 7 ਆਰਡਰ ਜਾਰੀ ਕੀਤੇ ਅਤੇ ਜਿਹੜੀ ਅਪੀਲ ਪਿਛਲੇ 12 ਸਾਲਾਂ ਤੋਂ ਤੁਹਾਡੇ ਕੋਲ ਵਿਚਾਰ- ਅਧੀਨ ਪਈ ਹੈ।

ਉਸ ਅਪੀਲ ਤੇ ਅੱਜ ਤੁਹਾਡੇ ਵੱਲੋਂ ਕੋਈ ਕਿੰਤੂ-ਪਰੰਤੂ ਕਰਨਾ ਇਨ੍ਹਾਂ ਸਾਰੀਆਂ ਹੀ ਸ਼ੰਸਥਾਵਾਂ ਦਾ ਅਪਮਾਨ ਹੈ। ਫਿਰ ਵੀ ਇਸ ਅਪੀਲ ਤੇ ਕੋਈ ਵੀ ਫੈਸਲਾ ਲੈਣਾ ਤੁਹਾਡਾ ਅਧਿਕਾਰ ਖੇਤਰ ਹੈ।  ਜਿਸ ਫੈਸਲੇ ਦਾ ਮੈਂ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹਾਂ। ਵੈਸੇ ਵੀ "ਸ਼੍ਰੀ ਅਕਾਲ ਤਖ਼ਤ ਸਾਹਿਬ ਜੀ" ਤੋਂ ਕਿਸੇ ਗੁਨਾਹਗਾਰਾਂ ਦੀ ਪੁਸਤਪਨਾਹੀ ਨਹੀਂ ਕੀਤੀ ਜਾਂਦੀ, ਸਗੋਂ ਕੌਮ ਦੀਆਂ ਭਾਵਨਾਵਾਂ ਦੀ ਰਹਿਨੁਮਾਈ ਅਤੇ ਸਨਮਾਨ ਹੀ ਕੀਤਾ ਜਾਂਦਾ ਹੈ।

ਤਾਂ ਹੀ ਤਾਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਚਾਰ ਪ੍ਤੀਸ਼ਤ ਜਾਅਲੀ ਵੋਟ ਨਾਲ ਧੱਕੇ ਨਾਲ ਬਣੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਪਾਪਾਂ ਅਤੇ ਗੁਨਾਹਾਂ ਦਾ ਅੰਤ ਕਰਨ ਵਾਲੇ "ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ" ਨੂੰ "ਸ਼੍ਰੀ ਅਕਾਲ ਤਖ਼ਤ ਸਾਹਿਬ ਜੀ" ਵੱਲੋਂ "ਕੌਮੀ ਸ਼ਹੀਦ" ਦਾ ਦਰਜਾ ਦਿੱਤਾ ਗਿਆ ਹੈ। 

ਸਿੱਖ ਕੌਮ ਵੱਲੋਂ "ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ" ਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਬਹੁਤ ਹੀ ਮਾਣ ਨਾਲ ਸੁਸ਼ੋਭਿਤ ਕੀਤੀ ਗਈ ਹੈ। ਹੁਣ ਤੁਸੀਂ ਹੀ ਜੇਕਰ ਕਾਂਗਰਸ ਦੇ ਪਾਪਾਂ ਦਾ ਹਾਰ ਬਣਾ ਕੇ ਆਪਣੇ ਗਲ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਫਿਰ ਉਸ ਦਾ ਵੀ ਸਵਾਗਤ ਹੈ। 

ਅਮਿਤ ਸ਼ਾਹ ਜੀ, ਅਜੇ ਪਿਛਲੇ ਦਿਨੀਂ ਹੀ ਭਾਰਤ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ "ਵੀਰ-ਬਾਲ"ਦਿਵਸ ਪੂਰੇ ਦੇਸ਼ ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਹੈ। ਇਸ ਮੌਕੇ ਵੀ ਪ੍ਰਧਾਨ ਮੰਤਰੀ ਜੀ ਨੇ ਇਹ ਕਿਹਾ ਹੈ ਕਿ ਦੇਸ਼ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਰਿਹਾ ਹੈ।

ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਤਾਂ ਜ਼ੁਲਮ ਦੇ ਖਿਲਾਫ਼,ਗੁਨਾਹਗਾਰਾਂ ਦੇ ਖਿਲਾਫ਼ ਅਤੇ ਪਾਪੀਆਂ ਦੇ ਖਿਲਾਫ਼ ਲੜਨ ਦੀ ਪ੍ਰੇਰਣਾ ਮਿਲਦੀ ਹੈ, ਨਾ ਕਿ ਜ਼ਾਲਮਾਂ ਤੋਂ ਅਤੇ ਪਾਪੀਆਂ ਤੋਂ ਰਹਿਮ ਮੰਗਣ ਦੀ ਅਤੇ ਉਨ੍ਹਾਂ ਦੀ ਈਨ ਮੰਨਣ ਦੀ। ਤੁਸੀਂ ਮੈਨੂੰ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਾਂਗਰਸੀ ਹੁਕਮਰਾਨਾਂ ਦੇ ਖਿਲਾਫ਼ ਆਪਣੇ ਚੱਕੇ ਹੋਏ ਕਦਮ ਦੀ ਮਾਫ਼ੀ ਮੰਗਣ ਅਤੇ ਪਛਤਾਵਾ ਕਰਨ ਲਈ ਕਹਿ ਰਹੇ ਹੋ। 

ਇਹ ਕਦੇ ਵੀ ਨਹੀਂ ਹੋ ਸਕਦਾ, ਤੁਸੀਂ ਗੱਲਾਂ ਤਾਂ ਧਰਮ ਦੀਆਂ ਕਰਦੇ ਹੋ ਪਰ ਪੁਸਤਪਨਾਹੀ ਗੁਨਾਹਗਾਰਾਂ ਅਤੇ ਪਾਪੀਆਂ ਦੀ ਕਰ ਰਹੇ ਹੋ।   ਤੁਹਾਡੀ ਕਹਿਣੀ ਅਤੇ ਕਰਣੀ ਵਿੱਚ ਬਹੁਤ ਫ਼ਰਕ ਹੈ। ਤੁਸੀਂ ਪਾਰਲੀਮੈਂਟ ਵਿੱਚ ਖੜ੍ਹ ਕੇ ਔਰਤ ਦੇ ਸਨਮਾਨ ਦੀਆਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ। ਔਰਤਾਂ ਦੇ ਖਿਲਾਫ਼ ਹੋਣ ਵਾਲੇ ਘਿਨੌਣੇ ਅਪਰਾਧਾਂ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਕਰਦੇ ਹੋ। 

ਪਰ ਜਦੋਂ ਹਕੀਕਤ ਵਿੱਚ ਦੇਖਦੇ ਹਾਂ ਤਾਂ ਸਾਡੇ ਦੇਸ਼ ਦੀਆਂ ਮਾਣ ਉਲੰਪਿਕ ਵਿੱਚੋਂ ਮੈਡਲ ਜਿੱਤਣ ਵਾਲੀਆਂ ਸਾਡੀਆਂ ਬੇਟੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਬ੍ਰਿਜਭੂਸਨ ਵਰਗੇ ਦਰਿੰਦੇ ਤੁਹਾਡੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਤੁਸੀਂ ਆਪਣੇ ਮੈਡਲ ਅਤੇ ਅਵਾਰਡ ਵਾਪਸ ਕਰ ਰਹੀਆਂ ਸਾਡੇ ਦੇਸ਼ ਦੀਆਂ ਮਾਣ ਬੇਟੀਆਂ ਦੀ ਪੁਕਾਰ ਸੁਣਨ ਨੂੰ ਤਿਆਰ ਨਹੀਂ ਹੋ।

ਤੁਸੀਂ ਬੀਬੀ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ, ਉਸ ਦੇ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਕਰਨ ਵਾਲੇ ਅਤੇ ਉਸ ਦੀ ਮਾਸੂਮ ਬੇਟੀ ਦਾ ਸਿਰ ਧੜ ਤੋਂ ਅਲੱਗ ਕਰਨ ਵਾਲੇ ਪਾਪੀ ਗੁਨਾਹਗਾਰਾਂ ਨੂੰ ਅਜ਼ਾਦੀ ਦੇ ਅਮ੍ਰਿਤ ਕਾਲ ਦੇ 75ਵੇਂ ਦਿਵਸ ਤੇ ਲੰਮੀਆਂ ਪੈਰੋਲਾਂ ਦੇਣ ਤੋਂ ਬਾਅਦ ਦੇਸ਼ ਭਗਤਾਂ ਦੀ ਤਰ੍ਹਾਂ ਸੰਸਕਾਰੀ ਬ੍ਰਾਹਮਣ ਕਹਿ ਕੇ ਸਿਰਫ਼ 14 ਸਾਲਾਂ ਬਾਅਦ ਰਿਹਾਅ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਆਪਣੀ ਪਾਰਟੀ ਦੀਆਂ ਸਟੇਜਾਂ ਤੇ ਬੁਲਾ ਕੇ ਸਨਮਾਨਿਤ ਵੀ ਕਰਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਹ ਵੀ ਉਨ੍ਹਾਂ ਨੂੰ ਜਿਨ੍ਹਾਂ ਤੇ ਪੈਰੋਲ ਤੇ ਗਿਆ ਤੇ ਫਿਰ ਬਲਾਤਕਾਰ ਦੇ ਕੇਸ ਦਰਜ਼ ਹੋਏ ਸਨ। ਤੁਸੀਂ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾ ਮੁਖੀ ਨੂੰ ਹਰ ਚੋਣਾਂ ਤੋਂ ਪਹਿਲਾਂ ਸਿਰਫ ਪੈਰੋਲ ਤੇ ਰਿਹਾਅ ਹੀ ਨਹੀਂ ਕਰਦੇ ਸਗੋਂ ਤੁਹਾਡੀ ਪਾਰਟੀ ਦੇ ਆਗੂ ਉਸ ਬਲਾਤਕਾਰੀ ਨੂੰ ਸਰਕਾਰੀ ਸਮਾਗਮਾਂ ਦਾ ਮੁੱਖ ਮਹਿਮਾਨ ਵੀ ਬਣਾਉਂਦੇ ਹਨ। 

ਉਸ ਬਲਾਤਕਾਰੀ ਤੋਂ ਆਸ਼ੀਰਵਾਦ ਵੀ ਲੈਂਦੇ ਹਨ। ਦੂਜੇ ਪਾਸੇ ਮੈਂ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਤੁਹਾਡੇ ਇਨਸਾਫ਼ ਦਾ ਤਰਾਜੂ ਪੱਖਪਾਤੀ ਹੈ। ਇਹ ਸਾਹਮਣੇ ਵਾਲੇ ਦਾ ਧਰਮ ਅਤੇ ਵਿਚਾਰਧਾਰਾ ਦੇਖ ਕੇ ਫੈਸਲੇ ਲੈ ਰਿਹਾ ਹੈ। ਤੁਸੀਂ ਬਹੁਤ ਹੀ ਚਲਾਕੀ ਨਾਲ ਸਮਝੌਤਾ ਐਕਸਪ੍ਰੈਸ ਵਿੱਚ ਬਲਾਸਟ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਤੋਂ ਹੀ ਬਰੀ ਕਰਵਾ ਦਿੱਤਾ ਹੈ। ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਅਤੇ ਇਨਸਾਫ਼ ਦੇ ਤਰਾਜੂ ਨੂੰ ਠੀਕ ਤਰ੍ਹਾਂ ਫੜਨ ਦੀ ਜਰੂਰਤ ਹੈ। 

ਅਮਿਤ ਸ਼ਾਹ ਜੀ, ਮੈਂ ਤਾਂ ਸੱਚ ਦੇ ਰਾਹਾਂ ਦਾ ਮੁਸਾਫ਼ਿਰ ਹਾਂ। ਝੂਠ, ਧੋਖਾ ਅਤੇ ਫਰੇਬ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਤੁਹਾਡੀ ਹਰ ਬੇਇਨਸਾਫ਼ੀ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਜੀ ਦਾ ਭਾਣਾ ਸਮਝ ਕੇ ਬਰਦਾਸ਼ਤ ਕਰ ਰਿਹਾ ਹਾਂ। ਤੁਸੀਂ ਪਿਛਲੇ 12 ਸਾਲਾਂ ਤੋਂ ਆਨੇ-ਬਹਾਨੇ ਇਸ ਅਪੀਲ ਤੇ ਫੈਸਲਾ ਕਰਨ ਤੋਂ ਭੱਜ ਰਹੇ ਹੋ। ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹਾਂ ਕਿ ਰਾਵਣਾਂ ਨੂੰ ਗੋਦੀ ਵਿੱਚ ਬੈਠਾ ਕੇ "ਸ਼੍ਰੀ ਰਾਮ ਜੀ"ਦੀ ਪੂਜਾ ਨਹੀਂ ਕੀਤੀ ਜਾ ਸਕਦੀ ,ਅਜਿਹਾ ਕਰਨਾ ਵੀ ਤਾਂ ਪਾਪ ਹੀ ਹੈ। ਤੁਸੀਂ ਸਮਾਜ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ, ਇਹ ਤੁਹਾਡੇ ਕਰਮਾਂ ਤੇ ਹੀ ਨਿਰਭਰ ਕਰਦਾ ਹੈ। 

(For more news apart from Punjab News, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement