
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ...
ਅੰਮ੍ਰਿਤਸਰ, 30 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ (ਭਰਾ ਗੁਲਸ਼ਨ ਕੁਮਾਰ), ਕੇਂਦਰੀ ਕਮੇਟੀ ਮੈਂਬਰ ਸਤਨਾਮ ਸਿੰਘ ਮਾਣਕ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਝੂਠੇ ਪੁਲਿਸ ਮੁਕਾਬਲਿਆਂ, ਖ਼ੁਦਕੁਸ਼ੀਆਂ ਤੇ ਪੰਜਾਬ ਦੀ ਲੁੱਟ ਅਤੇ ਕੁੱਟ ਦੀ ਪੜਤਾਲ ਕਰਵਾਉਣ ਲਈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਦੀ ਮੰਗ ਕੀਤੀ।
ਉਕਤ ਸੰਗਠਨ ਦੇ ਆਗੂਆਂ ਅੱਜ ਚਮਨ ਲਾਲ ਤੇ ਹੋਰਨਾਂ ਪਰਵਾਰਾਂ ਵਲੋਂ ਗੁਲਸ਼ਨ ਕੁਮਾਰ ਸਮੇਤ ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਸਮੇਂ ਦੋਸ਼ ਲਾਇਆ ਕਿ ਕਾਂਗਰਸ, ਬਾਦਲਾਂ, ਭਾਜਪਾ ਅਤੇ ਆਰ.ਐਸ.ਐਸ. ਨੇ ਮਿਲ ਕੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ ਯੋਜਨਾਬੰਦੀ ਕੀਤੀ, ਝੂਠੇ ਪੁਲਿਸ ਮੁਕਾਬਲੇ ਕਰਵਾਏ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚ ਬਰਬਾਦ ਕੀਤਾ ਤੇ ਜੇਲਾਂ ਵਿਚ ਰੋਲਿਆ। ਰਹਿੰਦੀ ਖੂੰਹਦੀ ਕਸਰ ਕਿਸਾਨੀ ਨੂੰ ਕਰਜ਼ੇ ਵਿਚ ਰੋਲ ਕੇ ਖ਼ੁਦਕੁਸ਼ੀਆਂ ਦੇ ਰਾਹ ਤੋਰ ਕੇ ਪੂਰੀ ਕੀਤੀ। ਇਨ੍ਹਾਂ ਧਿਰਾਂ ਦੇ ਮਿਲੇ ਹੋਣ ਕਾਰਨ ਪੰਜਾਬ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।
ਜਥੇਬੰਦੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ 21 ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਪੜਤਾਲ ਹੀ ਨਹੀਂ ਹੋਣੀ ਚਾਹੀਦੀ ਸਗੋਂ ਹਜ਼ਾਰਾਂ ਝੂਠੇ ਮੁਕਾਬਲਿਆਂ ਅਤੇ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਯੋਜਨਾਕਾਰਾਂ ਨੂੰ ਬੇਨਕਾਬ ਕਰਨ ਲਈ, ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਿਰਪੱਖ ਕਮਿਸ਼ਨ ਬਣਨਾ ਚਾਹੀਦਾ ਹੈ। ਇੰਗਲੈਂਡ, ਕੈਨੇਡਾ ਅਤੇ ਅਮਰੀਕਾਂ ਦੇ ਸਿੱਖਾਂ ਵਲੋਂ ਸਿੱਖਾਂ ਦੀ ਕੁਲਨਾਸ਼ ਦੀ ਪੜਤਾਲ ਵਾਸਤੇ ਉਠਾਈ ਜਾ ਰਹੀ ਆਵਾਜ਼ ਸ਼ਲਾਘਾਯੋਗ ਕਦਮ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਬਾਦਲਾਂ ਨੇ ਪੂਰੇ 15 ਸਾਲ ਸਿੱਖਾਂ ਦੀ ਕੁਲਨਾਸ਼ 'ਤੇ ਪਰਦਾ ਪਾਉਣ ਦਾ ਕੰਮ ਕੀਤਾ।
ਖਾਲੜਾ ਮਿਸ਼ਨ ਦੇ ਉਕਤ ਆਗੂਆਂ ਮੁਤਾਬਕ ਕਿਸਾਨਾਂ ਦੇ ਕਰਜ਼ੇ ਉਪਰ ਮੁਕੰਮਲ ਲੀਕ ਫੇਰੀ ਜਾਵੇ। ਸੂਬੇ ਦੇ ਹਾਕਮ ਜਾਣ-ਬੁੱਝ ਕੇ ਖ਼ਜ਼ਾਨਾ ਖ਼ਾਲੀ ਹੋਣ ਦੀ ਕਾਵਾਂ ਰੋਲੀ ਪਾ ਰਹੇ ਹਨ। ਬਾਦਲ ਸਰਕਾਰ ਨੇ ਇਕੋਂ ਘਪਲਾ ਢੱਕਣ ਲਈ ਪੰਜਾਬ ਦੇ ਲੋਕਾਂ ਦੇ ਸਿਰ 31 ਹਜ਼ਾਰ ਕਰੋੜ ਰੁਪਏ ਪਾ ਦਿਤੇ। ਪਰਲ ਗਰੁਪ ਦਾ ਮੁਖੀਆ ਭੰਗੂ ਆਮ ਲੋਕਾਂ ਦਾ 49 ਹਜ਼ਾਰ ਕਰੋੜ ਰੁਪਏ ਮਾਰ ਕੇ ਖੁੱਲਾ ਫਿਰ ਰਿਹਾ ਹੈ। ਕੈਪਟਨ ਸਰਕਾਰ 9000 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਦਾਅਵਾ ਕਰ ਰਹੀ ਹੈ।
ਮੁਕੇਸ਼ ਅੰਬਾਨੀ ਵਰਗੇ ਲੋਕ 8500 ਕਰੋੜ ਰੁਪਏ ਦਾ ਰਹਿਣ ਵਾਸਤੇ ਇਕ ਘਰ ਬਣਾ ਰਹੇ ਹਨ। ਇਸ ਮੌਕੇ ਰਣਜੀਤ ਸਿੰਘ ਬਾਠ, ਕਾਬਲ ਸਿੰਘ, ਬੋਬੀ ਕੁਮਾਰ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਬਲਵਿੰਦਰ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ।