
ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਚੱਢਾ ਪਰਵਾਰ ਵਿਰੁਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਤੇ..
ਅੰਮ੍ਰਿਤਸਰ, 29 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਚੱਢਾ ਪਰਵਾਰ ਵਿਰੁਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਤੇ ਬਿਆਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਦੀਪਾ ਚੱਢਾ ਦੀ ਮਿੱਲ ਕੋਈ ਨਵੀਂ ਸ਼ੁਰੂ ਨਹੀਂ ਹੋਈ, ਸਗੋਂ ਬਾਦਲਾਂ ਦੇ 10 ਸਾਲਾਂ ਸਾਮਰਾਜ ਸਮੇਂ ਵੀ ਸਰਕਾਰੀ ਟੈਕਸ ਤੇ ਐਕਸਾਈਜ਼ ਡਿਊਟੀ ਦੇ ਕੇ ਚਲਦੀ ਆਈ ਹੈ, ਉਸ ਸਮੇਂ ਜੂਨੀਅਰ ਬਾਦਲ ਨੂੰ ਕਦੇ ਇਹ ਮਿੱਲ ਵਿਖਾਈ ਨਹੀਂ ਦਿਤੀ।
ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਚੱਢਾ ਪਰਵਾਰ ਕੋਲੋਂ ਬਾਦਲ ਪਰਵਾਰ ਕਿਸੇ ਵੇਲੇ ਕਰੋੜਾਂ ਰੁਪਏ ਫ਼ੰਡ ਦੇ ਨਾਮ 'ਤੇ ਲੈਂਦਾ ਸੀ ਤੇ ਅਕਸਰ ਹੀ ਪੌਂਟੀ ਚੱਢਾ ਕੋਲ ਜਾ ਕੇ ਬਾਦਲ ਬੈਠ ਦੇ ਸਨ। ਉਸ ਵੇਲੇ ਕਦੇ ਚੱਢਾ ਪਰਵਾਰ ਦੀ ਕੋਈ ਕੁਤਾਹੀ ਬਾਦਲਾਂ ਨੂੰ ਨਜ਼ਰ ਨਹੀਂ ਆਈ ਪਰ ਅੱਜ ਪੌਂਟੀ ਚੱਢਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਉਪ੍ਰੰਤ ਉਸ ਪਰਵਾਰ ਦੀ ਆਲੋਚਨਾ ਕਰਨਾ ਕੋਈ ਸਿਆਣਪ ਨਹੀਂ, ਸਗੋਂ ਬੁਜ਼ਦਿਲਾਂ ਵਾਲੀ ਕਾਰਵਾਈ ਹੈ। ਜੇ ਅੱਜ ਦੀਪਾ ਚੱਢਾ ਦੀ ਮਿੱਲ ਸੁਖਬੀਰ ਸਿੰਘ ਬਾਦਲ ਨੂੰ ਰੜਕਦੀ ਹੈ ਤਾਂ ਇਸ ਦਾ ਭਾਵ ਇਹੀ ਲਿਆ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਚੱਢਾ ਪਰਵਾਰ ਨਾਲ ਬਾਦਲ ਪਰਵਾਰ ਦੇ ਪੁਰਾਣੇ ਰਿਸ਼ਤੇ ਨੂੰ ਭੁੱਲ ਕੇ ਨਵੀਂ ਭਾਜੀ ਪਾ ਰਹੇ ਹਨ। ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਰਕਾਰੀ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਦਬਕੇ ਮਾਰਨੇ ਵੀ ਸੁਖਬੀਰ ਸਿੰਘ ਬਾਦਲ ਦੀ ਬੁਖਲਾਹਟ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਕੈਪਟਨ ਸਰਕਾਰ ਕਦੇ ਵੀ ਬਰਦਾਸ਼ਤ ਨਹੀ ਕਰੇਗੀ ਤੇ ਅਧਿਕਾਰੀਆਂ ਦੇ ਹੌਸਲੇ ਪਸਤ ਨਹੀਂ ਹੋਣ ਦਿਤੇ ਜਾਣਗੇ।