
ਭਾਈ ਮਾਝੀ ਨੇ ਵੀਡੀਉ ਤੁਰੰਤ ਹਟਾਉਣ ਦੀ ਕੀਤੀ ਮੰਗ
ਅਬੋਹਰ : ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਫ਼ੇਸਬੁੱਕ ਪੇਜ 'ਤੇ ਗੁਰੂ ਨਾਨਕ ਸਾਹਿਬ ਦੀ ਰਚਨਾ ਜਪੁਜੀ ਸਾਹਿਬ 'ਤੇ ਨ੍ਰਿਤ ਕਰਦੀ ਹੋਈ ਬੀਬੀ ਦੀ ਵੀਡੀਉ ਪਾਏ ਜਾਣ ਕਾਰਨ ਸਿੱਖ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਬਾਬਤ ਦਰਬਾਰ ਏ ਖ਼ਾਲਸਾ ਜਥੇਬੰਦੀ ਦੇ ਮੁਖੀ ਅਤੇ ਉਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਉਕਤ ਵੀਡੀਉ 'ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਅਜਿਹੀ ਵੀਡੀਉ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
Ramnath Kovind
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਭਾਈ ਮਾਝੀ ਨੇ ਦਸਿਆ ਕਿ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਫ਼ੇਸਬੁੱਕ ਪੇਜ 'ਤੇ 1 ਅਪ੍ਰੈਲ ਨੂੰ ਰਾਤ ਦੇ 8 ਵੱਜ ਕੇ 1 ਮਿੰਟ 'ਤੇ ਤਕਰੀਬਨ ਡੇਢ ਮਿੰਟ ਦੀ ਵੀਡੀਉ ਅਪਲੋਡ ਕੀਤੀ ਗਈ ਜਿਸ ਵਿਚ ਇਕ ਬੀਬੀ ਸਟੇਜ 'ਤੇ ਡਾਂਸ ਕਰਦੀ ਹੋਈ ਨੰਗੇ ਸਿਰ ਹੀ ਗੁਰੂ ਨਾਨਕ ਸਾਹਿਬ ਵਲੋਂ ਉਚਾਰਣ ਕੀਤੀ ਪ੍ਰਥਮ ਬਾਣੀ ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਦਾ ਗਾਇਣ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਚਿੱਲੀ ਦੇ ਸੈਟੀਆਂਗੋ ਵਿਖੇ ਇੰਡੀਅਨ ਕਮਨਿਊਟੀ ਐਂਡ ਫ਼ਰੈਂਡਜ਼ ਆਫ਼ ਇੰਡੀਆ ਦੇ ਬੈਨਰ ਹੇਠ ਹੋਏ ਪ੍ਰੋਗਰਾਮ ਵਿਚ ਸਾਜ ਵਜਾਉਣ ਵਾਲਾ ਵਿਅਕਤੀ ਅਤੇ ਗੁਰਬਾਣੀ ਗਾਇਣ ਕਰਨ ਵਾਲੀ ਬੀਬੀ ਵੀ ਨੰਗੇ ਸਿਰ ਦਿਖਾਈ ਦੇ ਰਹੀ ਹੈ।
Harjinder Singh Majhi
ਉਨ੍ਹਾਂ ਕਿਹਾ ਕਿ ਵੱਖ-ਵੱਖ ਧਰਮਾਂ, ਸਭਿਆਚਾਰਾਂ, ਬੋਲੀਆਂ ਦੇ ਦੇਸ਼ ਦੇ ਰਾਸ਼ਟਰਪਤੀ ਦੇ ਫੇਸਬੁੱਕ ਪੇਜ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਉ ਦਾ ਅਪਲੋਡ ਹੋਣਾ ਅਫ਼ਸੋਸਜਨਕ ਹੈ। ਉਨ੍ਹਾਂ ਦਸਿਆ ਕਿ ਦਰਬਾਰ ਏ ਖ਼ਾਲਸਾ ਜਥੇਬੰਦੀ ਵਲੋਂ ਰਾਸ਼ਟਰਪਤੀ ਨੂੰ ਮੇਲ ਕਰਦੇ ਹੋਏ ਉਕਤ ਵੀਡੀਉ ਨੂੰ ਤੁਰੰਤ ਫ਼ੇਸਬੁਕ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ।