
ਕੋਟਕਪੂਰਾ : ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਇਕ ਪਾਸੇ ਤਾਂ ਗਿਆਨੀ ਇਕਬਾਲ ਸਿੰਘ ਪਟਨਾ ਨੂੰ ਅਪਣਾ...
ਕੋਟਕਪੂਰਾ : ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਇਕ ਪਾਸੇ ਤਾਂ ਗਿਆਨੀ ਇਕਬਾਲ ਸਿੰਘ ਪਟਨਾ ਨੂੰ ਅਪਣਾ ਮੁਲਾਜ਼ਮ ਦੱਸ ਰਹੇ ਹਨ ਅਤੇ ਦੂਜੇ ਪਾਸੇ ਉਸ ਵਿਰੁਧ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਵਲੋਂ ਭੇਜੀਆਂ ਸ਼ਿਕਾਇਤਾਂ 'ਤੇ ਖ਼ੁਦ ਕਾਰਵਾਈ ਕਰਨ ਦੀ ਥਾਂ ਸ਼ਿਕਾਇਤਾਂ ਦਾ ਪੁਲੰਦਾ ਲੈ ਕੇ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੁੱਜਦੇ ਹਨ।
ਉੱਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਇ-ਖ਼ਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੁਛਿਆ ਕਿ ਪਟਨਾ ਸਾਹਿਬ ਬੋਰਡ ਦੇ ਮੁਲਾਜ਼ਮ ਗਿਆਨੀ ਇਕਬਾਲ ਸਿੰਘ ਵਿਰੁਧ ਖ਼ੁਦ ਕਾਰਵਾਈ ਕਰਨ ਤੋਂ ਪਟਨਾ ਸਾਹਿਬ ਬੋਰਡ ਕਿਉਂ ਘਬਰਾ ਰਿਹਾ ਹੈ? ਉਨ੍ਹਾਂ ਦਾਅਵਾ ਕੀਤਾ ਕਿ ਇਕਬਾਲ ਸਿੰਘ ਨੂੰ ਪੰਥਦੋਖੀ ਅਰਥਾਤ ਪੰਥ ਵਿਰੋਧੀ ਵੱਡੀਆਂ ਤਾਕਤਾਂ ਦਾ ਥਾਪੜਾ ਹੈ, ਜਿਸ ਕਾਰਨ ਕਦੇ ਇਕਬਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਦਸਦਾ ਹੈ ਅਤੇ ਕਦੇ ਮਾਤਾ ਗੁੱਜਰ ਕੌਰ ਜੀ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਵਾਲੇ ਪਖੰਡੀ ਸਾਧ ਪਿਪਲੀ ਵਾਲੇ ਦੇ ਹੱਕ 'ਚ ਭੁਗਤਦਾ ਹੈ।
ਉਨ੍ਹਾਂ ਕਿਹਾ ਕਿ ਨੀਵੇਂ ਕਿਰਦਾਰ ਦੇ ਮਾਲਕ ਇਕਬਾਲ ਸਿੰਘ ਦੀ ਐਨੀ ਦਹਿਸ਼ਤ ਹੈ ਕਿ ਲਗਾਤਾਰ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਦੇ ਬਾਵਜੂਦ ਪਟਨਾ ਸਾਹਿਬ ਦੇ ਪ੍ਰਬੰਧਕ ਉਸ 'ਤੇ ਬਣਦੀ ਕਾਰਵਾਈ ਕਰਨ ਦੀ ਜ਼ੁਰਅੱਤ ਨਹੀਂ ਦਿਖਾਉਂਦੇ। ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਕਬਾਲ ਸਿੰਘ ਕਦੇ ਵੀ ਕਿਸੇ ਤੋਂ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਹਿੱਤ ਨੂੰ ਸਮੁੱਚੀ ਸੰਗਤ ਸਾਹਮਣੇ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਹ ਅਪਣੇ ਮੁਲਾਜ਼ਮ ਇਕਬਾਲ ਸਿੰਘ 'ਤੇ ਖ਼ੁਦ ਕਾਰਵਾਈ ਕਰਨ ਦੀ ਹਿੰਮਤ ਕਿਉਂ ਨਹੀਂ ਕਰ ਰਹੇ? ਉਨ੍ਹਾਂ ਨੂੰ ਕੀ ਡਰ ਲੱਗ ਰਿਹਾ ਹੈ? ਭਾਈ ਮਾਝੀ ਨੇ ਆਖਿਆ ਕਿ ਗਿਆਨੀ ਇਕਬਾਲ ਸਿੰਘ ਵਰਗੇ ਅਖੌਤੀ ਜਥੇਦਾਰਾਂ ਨੇ ਵੀ ਸਿੱਖੀ ਸਿਧਾਂਤਾਂ ਨੂੰ ਲਗਾਤਾਰ ਖੋਰਾ ਲਾਉਣ ਵਾਲੇ ਪਖੰਡੀਆਂ ਦਾ ਪੱਖ ਪੂਰ ਕੇ ਹਮੇਸ਼ਾਂ ਭਾਵਨਾ ਵਾਲੇ ਗੁਰਸਿੱਖਾਂ ਦੇ ਹਿਰਦਿਆਂ ਨੂੰ ਹੀ ਠੇਸ ਪਹੁੰਚਾਈ ਹੈ।