
ਪ੍ਰਵਾਸੀ ਭਾਰਤੀਆਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੇ ਇਸ ਨੂੰ ਦਸਿਆ ਮਨਮੱਤ
ਕੋਟਕਪੂਰਾ, 1 ਅਗੱਸਤ (ਗੁਰਿੰਦਰ ਸਿੰਘ) : ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਅਯੁੱਧਿਆ ਦੇ ਭੂਮੀ ਪੂਜਣ ਸਮਾਗਮ ਵਿਚ ਕਦਾਚਿਤ ਵੀ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਮ ਮੰਦਰ ਦੀ ਉਸਾਰੀ ਸੰਵਿਧਾਨਕ, ਸਿਧਾਂਤਕ, ਸਮਾਜਕ ਤੇ ਇਤਿਹਾਸਕ ਪੱਖੋਂ ਗ਼ਲਤ ਹੈ। ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਉਪਰੋਕਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਪਸ਼ਟ ਕੀਤਾ ਕਿ ਬਾਬਰੀ ਮਸਜਿਦ ਢਾਹੁਣ ਦਾ ਕੇਸ ਇਲਾਹਾਬਾਦ ਹਾਈ ਕੋਰਟ 'ਚ ਚਲ ਰਿਹਾ ਹੈ।
ਅਜੇ ਕੁੱਝ ਦਿਨ ਪਹਿਲਾਂ ਹੀ ਅਡਵਾਨੀ ਤੇ ਜੋਸ਼ੀ ਨੇ ਉਥੇ ਪੇਸ਼ ਹੋ ਕੇ ਅਪਣੇ ਬਿਆਨ ਦਰਜ ਕਰਵਾਏ ਹਨ। ਇਸ ਲਈ ਮਸਜਿਦ ਦੀ ਥਾਂ ਮੰਦਰ ਬਣਾਉਣ ਲਈ ਭੂਮੀ ਪੂਜਣ ਕਰਵਾਉਣਾ ਸੰਵਿਧਾਨਕ ਤੌਰ 'ਤੇ ਅਯੋਗ ਹੈ। ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਤੇ ਭਾਰਤੀ ਪੁਰਾਤਵ ਉਤਖਨਨ ਦੇ ਆਗੂ ਐਚ.ਡੀ. ਸਾਂਕਲੀਆ ਮੁਤਾਬਕ ਇਹ ਵੀ ਹੋ ਸਕਦਾ ਹੈ, ਰਮਾਇਣ ਵਿਚ ਵਰਣਤ ਅਯੁੱਧਿਆ ਤੇ ਲੰਕਾ, ਅਜੋਕੀ ਅਯੁੱਧਿਆ ਤੇ ਲੰਕਾ ਤੋਂ ਕੋਈ ਵਖਰੇ ਸਥਾਨ ਰਹੇ ਹੋਣ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਔਲੀ ਨੇ ਦਾਅਵਾ ਕੀਤਾ ਹੈ। ਅਸਲ ਰਾਮ ਜਨਮਭੂਮੀ ਨੇਪਾਲ ਦੇ ਬੀਰਗੰਜ ਜ਼ਿਲ੍ਹੇ 'ਚ ਹੈ।
Photo
ਗਿਆਨੀ ਜਾਚਕ ਨੇ ਅੱਗੇ ਦਸਿਆ ਕਿ ਮਹਾਂਰਾਸ਼ਟਰ ਦੇ ਮੌਜੂਦਾ ਮੁੱਖ ਮੰਤਰੀ ਊਧਵ ਠਾਕਰੇ ਦੇ ਪਿਤਾ ਬਾਲ ਠਾਕਰੇ ਨੇ ਮਰਾਠੀ 'ਚ ਪੁਸਤਕ ਲਿਖ ਕੇ ਪ੍ਰਗਟਾਵਾ ਕੀਤਾ ਸੀ ਕਿ ਦੇਸ਼ ਦੇ ਸਾਰੇ ਹੀ ਪ੍ਰਸਿੱਧ ਹਿੰਦੂ ਮੰਦਰ ਪਹਿਲਾਂ ਬੋਧੀ ਮਠ ਸਨ। ਇਹੀ ਕਾਰਨ ਹੈ ਕਿ ਬਹੁਜਨ ਕ੍ਰਾਂਤੀ ਮੋਰਚੇ ਦੀ ਅਗਵਾਈ 'ਚ ਬੋਧੀਆਂ ਵਲੋਂ ਨਿਸ਼ੇਧ ਅੰਦੋਲਨ ਕਰਦਿਆਂ 5 ਅਗੱਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸੱਤਾ ਦੇ ਬਲਬੋਤੇ ਬ੍ਰਾਹਮਣਾਂ ਦੁਆਰਾ ਅਯੁੱਧਿਆ ਬੋਧ ਭੂਮੀ 'ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਪ੍ਰਕਾਰ ਸਮਾਜਕ ਪੱਖੋਂ ਹਿੰਦੂਆਂ, ਮੁਸਲਮਾਨ ਤੇ ਬੋਧੀਆਂ ਵਿਚਕਾਰ ਦੂਰੀਆਂ ਵੱਧਣਗੀਆਂ।
ਗਿਆਨੀ ਜਾਚਕ ਮੁਤਾਬਕ ਜਥੇਦਾਰ ਸਾਹਿਬਾਨ ਲਈ ਸਿਧਾਂਤਕ ਪੱਖੋਂ ਵੀ ਉਨ੍ਹਾਂ ਦੀ ਸ਼ਮੂਲੀਅਤ ਠੀਕ ਨਹੀਂ, ਕਿਉਂਕਿ ਗੁਰਮਤਿ ਅਨੁਸਾਰ ਭੂਮੀ ਪੂਜਣਾ ਮਨਮੱਤ ਹੈ, ਇਹ ਨਿਰੋਲ ਬਿਪਰਵਾਦ ਹੈ। ਇਸ ਲਈ ਵੈਨਕੂਵਰ ਤੋਂ ਪ੍ਰਸਿੱਧ ਗੁਰਮਤਿ ਵਿਆਖਿਅਕਾਰ ਗਿਆਨੀ ਜਸਬੀਰ ਸਿੰਘ, ਫ਼ੀਨੈਕਸ ਤੋਂ ਸਿੱਖ ਚਿੰਤਕ ਡਾ. ਓਅੰਕਾਰ ਸਿੰਘ, ਨਿਊਯਾਰਕ ਤੋਂ ਬਾਮਸੇਵ ਆਗੂ ਸਰਬਜੀਤ ਸਿੰਘ, ਮੈਲਬੌਰਨ ਤੋਂ ਅਰਵਿੰਦਰਪਾਲ ਸਿੰਘ, ਟਰਾਂਟੋ ਤੋਂ ਐਡਵੋਕੇਟ ਮਨਜੀਤ ਸਿੰਘ ਆਦਿਕ ਕਈ ਪੰਥਦਰਦੀ ਸਿੱਖ ਚਿੰਤਕਾਂ ਨੇ ਉਮੀਦ ਪ੍ਰਗਟਾਈ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਜੂਨ 84 ਦੇ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਭਾਰਤੀ ਫ਼ੌਜੀ ਹਮਲੇ ਸਮੇਂ ਵਰਤਾਏ ਘੱਲੂਘਾਰੇ ਨੂੰ ਯਾਦ ਰੱਖਦਿਆਂ ਅਯੁੱਧਿਆ ਦੇ ਭੂਮੀ ਪੂਜਣ 'ਚ ਸ਼ਾਮਲ ਹੋਣ ਦੀ ਭੁਲ ਕਦਾਚਿਤ ਨਹੀਂ ਕਰਨਗੇ। ਜੇਕਰ ਕਿਸੇ ਰਾਜਸੀ ਦਬਾਅ ਹੇਠ ਅਜਿਹਾ ਕਰਨਗੇ ਤਾਂ ਉਹ ਸਦਾ ਲਈ ਮਿੱਟੀ 'ਚ ਰੁਲ ਜਾਣਗੇ। ਖ਼ਾਲਸਾ ਪੰਥ ਉਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ।