
ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਇਕ ਜਥਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਹੋਇਆ ਰਵਾਨਾ
ਅੰਮ੍ਰਿਤਸਰ, 1 ਅਕਤੂਬਰ (ਕ੍ਰਿਸ਼ਨ ਸਿੰਘ ਦੁਸਾਂਝ): ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਵੱਡਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਰਵਾਨਾ ਕੀਤਾ ਗਿਆ। ਇਹ ਜਥਾ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਲ ਦਿੱਲੀ ਤੋਂ ਰਵਾਨਾ ਹੋਇਆ ਅਤੇ ਰਾਤ ਨੂੰ ਦਿੱਲੀ ਕਮੇਟੀ ਦੀ ਗੁਰ ਤੇਗ ਬਹਾਦਰ ਨਿਵਾਸ ਅੰਮ੍ਰਿਤਸਰ ਵਿਖੇ ਆਰਾਮ ਕੀਤਾ ।
ਅੱਜ ਸਵੇਰੇ ਸ. ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਜਥੇ ਨੇ ਡੇਰਾ ਬਾਬਾ ਨਾਨਕ ਨੂੰ ਚਾਲੇ ਪਾਏ। ਕਾਹਲੋਂ ਸਾਹਿਬ ਨੇ ਦਸਿਆ ਕਿ ਪਿਛਲੇ ਦਿਨੀਂ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸੀ ਉਥੋਂ ਦੇ ਪ੍ਰਬੰਧਕਾਂ ਤੇ ਹੈੱਡ ਗ੍ਰੰਥੀ ਸਾਹਿਬ ਨੇ ਦਿੱਲੀ ਕਮੇਟੀ ਨਾਲ ਇਹ ਗਿਲਾ ਸਾਂਝਾ ਕੀਤਾ ਕਿ ਸਿੱਖ ਜਿਥੇ ਵੀ ਵਸਦਾ ਹੈ ਉਹ 1947 ਤੋਂ ਬਾਅਦ ਦੇ ਜਿਹੜੇ ਗੁਰਧਾਮ ਪਾਕਿਸਤਾਨ ਵਿਚ ਰਹਿ ਗਏ ਸਨ ਉਨ੍ਹਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀਆਂ ਅਰਦਾਸਾਂ ਕਰਦਾ ਸੀ ਪਰ ਜੇਕਰ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਮਿਹਰਬਾਨੀ ਸਦਕਾ ਇਹ ਲਾਂਘਾ ਖੁਲ੍ਹਿਆ ਹੈ ਤਾਂ ਜਿੰਨੀ ਸਾਨੂੰ ਆਸ ਸੀ ਕਿ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਇਥੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਕਰਨਗੇ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਇਥੇ ਰੋਜ਼ਾਨਾ 100 ਤੋਂ 150 ਸਿੱਖ ਮਸਾਂ ਦਰਸ਼ਨਾਂ ਲਈ ਆਉਂਦੇ ਹਨ । ਉਨ੍ਹਾਂ ਦੇ ਇਸ ਗਿਲੇ ਨੂੰ ਦੂਰ ਕਰਨ ਲਈ ਕਾਹਲੋਂ ਸਾਹਿਬ ਨੇ ਅਪਣਾ ਬਣਦਾ ਫ਼ਰਜ਼ ਅਦਾ ਕਰਨ ਦਿੱਲੀ ਤੋਂ ਸੰਗਤਾਂ ਦਾ ਇਕ ਵੱਡਾ ਜੱਥਾ ਲੈ ਕੇ ਡੇਰਾ ਬਾਬਾ ਨਾਨਕ ਕੋਰੀਡੋਰ ਪਹੁੰਚ ਕੇ ਉਹ ਸ਼ੁਰੂਆਤ ਕੀਤੀ ਹੈ। ਭਾਵੇਂ ਕਾਹਲੋ ਆਪ ਨਹੀਂ ਗਏ ਪਰ ਉਨ੍ਹਾਂ ਇਕ ਵੱਡਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਰਵਾਨਾ ਕੀਤਾ।
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਮੈਂਬਰਾਂ, ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਦੇ ਬੋਰਡ ਦੇ ਅਧਿਕਾਰੀਆਂ ਤੇ ਭਾਰਤ ਵਿਚ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਪ੍ਰਬੰਧਕੀ ਕਮੇਟੀਆਂ ਹਨ, ਨੂੰ ਨਿਮਰਤਾ ਭਰੀ ਅਪੀਲ ਕੀਤੀ ਹੈ ਕਿ ਉਹ ਅਪਣੀ ਸਮਰੱਥਾ ਅਨੁਸਾਰ ਜਥੇ ਲੈ ਕੇ ਕਰਤਾਰਪੁਰ ਸਾਹਿਬ ਦੇ ਖੁਲੇ੍ਹ ਦਰਸ਼ਨ ਕਰਨ ਲਈ ਜ਼ਰੂਰ ਜਾਣ ਤਾਂ ਜੋ ਪਾਕਿਸਤਾਨੀ ਤੇ ਭਾਰਤੀ ਅਧਿਕਾਰੀਆਂ ਦਾ ਇਹ ਗਿਲਾ ਦੂਰ ਕੀਤਾ ਜਾ ਸਕੇ ਕਿ ਜਿਹੜੇ ਸੀਮਤ ਸ਼ਰਧਾਲੂ ਆ ਰਹੇ ਸਨ ਉਹ ਹੁਣ ਖੁਲ੍ਹੇ ਵੱਡੀ ਗਿਣਤੀ ਵਿਚ ਆਉਣ ਲੱਗ ਗਏ ਹਨ ।