
ਇਕ ਘਟਨਾ ਕਰ ਕੇ ਜਦੋਂ ਉਸ ਦੇ ਮਨ ਨੂੰ ਠੇਸ ਪਹੁੰਚੀ ਤਾਂ ਉਹ ਨਸ਼ਿਆਂ ਵਲ ਹੋ ਤੁਰਿਆ
ਬਰਨਾਲਾ, 1 ਅਕਤੂਬਰ (ਤਰਨਜੀਤ ਗੋਲਡੀ) : ਬਰਨਾਲਾ ਦੇ ਇਕ ਹਿੰਦੂ ਪਰਵਾਰ ਦਾ ਮੁੰਡਾ ਖੰਡੇ ਬਾਟੇ ਦੀ ਪੋਲ ਛਕ ਕੇ ਸਿੰਘ ਸਜਿਆ ਹੈ, ਜੋ ਪੂਰਨ ਰੂਪ ’ਚ ਸਿੰਘਾਂ ਵਾਲੇ ਬਾਣੇ ਵਿਚ ਹੀ ਰਹਿੰਦਾ ਹੈ ਅਤੇ ਨਿਤਨੇਮ ਕਰਦਾ ਹੈ। ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਤਮ ਸਿੰਘ ਨੇ ਦਸਿਆ ਕਿ ਉਸ ਦਾ ਨਾਮ ਪਹਿਲਾਂ ਯੁਵਰਾਜ ਗੋਇਲ ਸੀ, ਇਕ ਘਟਨਾ ਕਰ ਕੇ ਜਦੋਂ ਉਸ ਦੇ ਮਨ ਨੂੰ ਠੇਸ ਪਹੁੰਚੀ ਤਾਂ ਉਹ ਨਸ਼ਿਆਂ ਵਲ ਹੋ ਤੁਰਿਆ ਅਤੇ ਨਸ਼ੇ ਕਰਨ ਲੱਗ ਪਿਆ, ਜਿਸ ਕਾਰਨ ਘਰ ਦਾ ਵੀ ਰੋਜ਼ਾਨਾ ਮਾਹੌਲ ਖ਼ਰਾਬ ਰਹਿਣ ਲੱਗ ਗਿਆ, ਜਿਸ ਤੋਂ ਬਾਅਦ ਜਿਥੇ ਉਹ ਤਾਂ ਦੁਖੀ ਰਹਿੰਦਾ ਸੀ, ਉਸ ਦੇ ਮਾਤਾ-ਪਿਤਾ ਵੀ ਦੁਖੀ ਰਹਿਣ ਲੱਗ ਪਏ ਅਤੇ ਇਕ ਦਿਨ ਉਨ੍ਹਾਂ ਦੇ ਮਨ ਵਿਚ ਆਇਆ ਕਿ ਗੁਰੂ ਘਰ ਜਾਇਆ ਕਰੇਗਾ, ਫਿਰ ਉਹ ਗੁਰੂ ਘਰ ਜਾਣ ਲੱਗਾ ਅਤੇ ਗੁਰੂ ਮਹਾਰਾਜ ਦੀ ਅਜਿਹੀ ਕ੍ਰਿਪਾ ਹੋਈ ਕਿ ਉਹ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਛਕ ਸਿੰਘ ਸਜ ਆਇਆ।
ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਿਆਂ ਵਿਚ ਅਪਣੀ ਜਵਾਨੀ ਬਰਬਾਦ ਨਾ ਕਰੋ, ਜ਼ਿੰਦਗੀ ਵਿਚ ਕਾਮਯਾਬ ਹੋ ਕੇ ਅਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੋ। ਉਨ੍ਹਾਂ ਕਿਹਾ ਕਿ ਉਸ ਦੀਆਂ ਦੋ ਭੈਣਾਂ ਹਨ ਅਤੇ ਉਹ ਇਕੱਲਾ ਹੀ ਹੈ, ਜਦੋਂ ਦਾ ਉਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ, ਉਦੋਂ ਤੋਂ ਉਹ ਖ਼ੁਦ ਤਾਂ ਖ਼ੁਸ਼ ਹੈ ਹੀ, ਉਥੇ ਹੀ ਉਨ੍ਹਾਂ ਦਾ ਪੂਰਾ ਪ੍ਰਵਾਰ ਵੀ ਕਾਫ਼ੀ ਖ਼ੁਸ਼ ਹੈ।