
ਉਥੇ ਹੀ ਕਮੇਟੀ ਵਿਚੋਂ ਕੱਢੇ ਗਏ 523 ਮੁਲਾਜ਼ਮਾਂ ਵਿਚੋਂ ਕੁੱਝ ਨੇ ਸਾਬਕਾ ਪ੍ਰਧਾਨ ਅਤੇ ਕਮੇਟੀ ਦੇ ਕੁੱਝ ਅਧਿਮਕਾਰੀਆਂ ਵਿਰੁਧ ਅਦਾਲਤ ਵਿਚ ਜਾਣ ਦਾ ਫ਼ੈਸਲਾ ਲੈ ਲਿਆ ਹੈ।
ਤਰਨ ਤਾਰਨ, 2 ਅਪ੍ਰੈਲ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੁਆਰਾ ਬੀਤੇ ਕਲ ਜਾਰੀ ਇਕ ਬਿਆਨ ਤੋਂ ਬਾਅਦ ਜਿਥੇ ਪੰਥਕ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ ਹੈ, ਉਥੇ ਹੀ ਕਮੇਟੀ ਵਿਚੋਂ ਕੱਢੇ ਗਏ 523 ਮੁਲਾਜ਼ਮਾਂ ਵਿਚੋਂ ਕੁੱਝ ਨੇ ਸਾਬਕਾ ਪ੍ਰਧਾਨ ਅਤੇ ਕਮੇਟੀ ਦੇ ਕੁੱਝ ਅਧਿਮਕਾਰੀਆਂ ਵਿਰੁਧ ਅਦਾਲਤ ਵਿਚ ਜਾਣ ਦਾ ਫ਼ੈਸਲਾ ਲੈ ਲਿਆ ਹੈ।
ਬਡੁੰਗਰ ਦੇ ਕਾਰਜਕਾਲ ਵਿਚ ਸ਼੍ਰੋਮਣੀ ਕਮੇਟੀ ਵਿਚ ਬੇਨਿਯਮੀਆਂ ਕਰ ਕੇ ਪ੍ਰਧਾਨ ਦੇ ਅਧਿਕਾਰ ਹੇਠ ਦੇ ਨਾਂ 'ਤੇ ਭਰਤੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਬਾਰੇ ਬਡੂੰਗਰ ਕਾਲ ਤੋਂ ਬਾਅਦ ਆਵਾਜ਼ ਉਠਣ ਤੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਬ ਕਮੇਟੀ ਦਾ ਗਠਨ ਕੀਤਾ ਜਿਸ ਦੀ ਰੀਪੋਰਟ ਤੋਂ ਬਾਅਦ ਅਤ੍ਰਿੰਗ ਕਮੇਟੀ ਵਿਚ ਫ਼ੈਸਲਾ ਲਿਆ ਗਿਆ ਸੀ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਸਮਾਪਤ ਕਰ ਦਿਤੀਆਂ ਜਾਣ। ਕਰੀਬ ਇਕ ਮਹੀਨੇ ਬਾਅਦ ਬੀਤੇ ਦਿਨੀ 523 ਮੁਲਾਜ਼ਮਾਂ ਨੂੰ ਫ਼ਾਰਗ ਕਰਨ ਦਾ ਫ਼ੈਸਲਾ ਲਾਗੂ ਕਰ ਦਿਤਾ ਗਿਆ।
ਸੂਤਰ ਮੰਨਦੇ ਹਨ ਕਿ ਅਜਿਹਾ ਕਰ ਕੇ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦਾ ਵਕਾਰ ਹੀ ਦਾਅ ਤੇ ਲਗਾ ਦਿਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ 523 ਕਰਮਚਾਰੀ ਤਾਂ ਸ਼੍ਰੋਮਣੀ ਕਮੇਟੀ ਤੋਂ ਘਰ ਤੋਰ ਦਿਤੇ ਗਏ। ਅਜੇ ਕਮੇਟੀ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਸਕੂਲ, ਕਾਲਜਾਂ, ਹਸਪਤਾਲਾਂ, ਡਿਸਪੈਂਸਰੀਆਂ, ਯੂਨੀਵਰਸਟੀਆਂ ਵਿਚ ਬੇਨਿਯਮੀਆਂ ਕਰ ਕੇ ਰੱਖੇ ਕਰਮਚਾਰੀਆਂ ਬਾਰੇ ਸਾਰੀਆਂ ਧਿਰਾਂ ਚੁਪ ਹਨ।
ਹਟਾਏ ਗਏ ਕਰਮਚਾਰੀ ਜੋ ਅਸਿੱਧੇ ਢੰਗ ਨਾਲ ਕੁੱਝ ਅਧਿਕਾਰੀਆਂ ਦੀ ਮੁੱਠੀ ਗਰਮ ਕਰ ਕੇ ਨੌਕਰੀਆਂ 'ਤੇ ਲੱਗੇ ਸਨ, ਇਸ ਸਮੇਂ ਬੇਹਦ ਪ੍ਰੇਸ਼ਾਨੀ ਵਾਲੀ ਸਥਿਤੀ ਵਿਚ ਹਨ ਕਿਉਕਿ ਦਿਤੀ ਗਈ ਮਾਇਆ ਤਾਂ ਗਈ ਹੀ ਨੌਕਰੀ ਵੀ ਹੱਥੋਂ ਨਿਕਲ ਗਈ। ਜਾਣਕਾਰੀ ਮੁਤਾਬਕ ਦਰਬਾਰ ਸਾਹਿਬ ਵਿਖੇ ਗਾਈਡ ਭਰਤੀ ਕਰਨ ਦਾ ਮਾਮਲਾ ਚਰਚਾ ਵਿਚ ਹੈ। ਕਮੇਟੀ ਨੇ ਵੱਖ-ਵੱਖ ਗੁਰਦਵਾਰਿਆਂ ਵਿਚ ਗਾਈਡ ਭਰਤੀ ਕਰਨ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਦੀਆਂ ਕਰੀਬ 22 ਅਰਜ਼ੀਆਂ ਕਮੇਟੀ ਦਫ਼ਤਰ ਪੁੱਜੀਆਂ ਸਨ ਪਰ ਇਹ ਇੰਟਰਵਿਊ ਅੱਜ ਤਕ ਨਹੀਂ ਹੋ ਸਕੀ ਤੇ ਕਮੇਟੀ ਦੀ ਉਸ ਵੇਲੇ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਦਾ ਪੁੱਤਰ ਵਿਸ਼ੇਸ਼ ਸੁਵਿਧਾਵਾਂ ਦੇ ਕੇ ਭਰਤੀ ਕੀਤਾ ਗਿਆ ਸੀ ਹਾਲਾਂਕਿ ਮੈਂਬਰ ਦੇ ਪੁੱਤਰ ਦੀ ਵਿਦਿਅਕ ਯੋਗਤਾ ਉਸ ਅਹੁਦੇ ਲਈ ਯੋਗ ਨਹੀਂ ਸੀ। ਅਜਿਹੀਆਂ ਹੋਰ ਵੀ ਕਈ ਨਿਯੁਕਤੀਆਂ ਹਨ ਜੋ ਕਮੇਟੀ ਵਿਚ ਬੇਨਿਯਮੀਆਂ ਕਰ ਕੇ ਕੀਤੀਆਂ ਗਈਆਂ ਸਨ। ਇਹ ਨਿਯੁਕਤੀਆਂ ਅਗਲੇ ਆਉਣ ਵਾਲੇ ਦਿਨਾਂ ਵਿਚ ਕੁੱਝ ਅਧਿਕਾਰੀਆਂ ਤੇ ਸਾਬਕਾ ਪ੍ਰਧਾਨ ਦੇ ਗਲੇ ਦੀ ਹੱਡੀ ਬਣਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।