
ਸਿੱਖ ਬੀਬੀਆਂ ਨੂੰ ਅੰਮ੍ਰਿਤ ਸੰਚਾਰ ਕਰਨ ਲਈ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੀ ਇਜਾਜ਼ਤ ਦੀ ਲੋੜ ਨਹੀਂ ਕਿਉਂਕਿ ਅਕਾਲ ਤਖ਼ਤ ਦੀ ਪ੍ਰਵਾਨਗੀ ਦੁਆਰਾ ਸ਼੍ਰੋਮਣੀ ਕਮੇਟੀ ਵਲੋਂ....
ਕੋਟਕਪੂਰਾ, 26 ਜੁਲਾਈ (ਗੁਰਿੰਦਰ ਸਿੰਘ): ਸਿੱਖ ਬੀਬੀਆਂ ਨੂੰ ਅੰਮ੍ਰਿਤ ਸੰਚਾਰ ਕਰਨ ਲਈ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੀ ਇਜਾਜ਼ਤ ਦੀ ਲੋੜ ਨਹੀਂ ਕਿਉਂਕਿ ਅਕਾਲ ਤਖ਼ਤ ਦੀ ਪ੍ਰਵਾਨਗੀ ਦੁਆਰਾ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਹੋ ਰਹੀ ਸਿੱਖ ਰਹਿਤ ਮਰਿਆਦਾ ਵਿਚ ਪੰਥਕ ਰਹਿਣੀ ਦੇ ਸਿਰਲੇਖ ਹੇਠ 'ਅੰਮ੍ਰਿਤ ਸੰਸਕਾਰ' ਦੀ ਮੱਦ ਵਿਖੇ ਉਲੇਖ ਹੈ ਕਿ 'ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਇਸ ਲਈ ਲੋੜ ਤਾਂ ਹੁਣ ਇਹ ਹੈ ਕਿ ਬੀਬੀਆਂ ਜੱਥੇ ਬਣਾ ਕੇ ਅਪਣੇ ਹੱਕ ਦੀ ਵਰਤੋਂ ਕਰਨ।
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਤਦ ਕਹੇ ਜਦ ਉਨਾ ਦਾ ਧਿਆਨ 24 ਜੁਲਾਈ ਦੀ 'ਰੋਜ਼ਾਨਾ ਸਪੋਕਸਮੈਨ' ਵਿਚ ਪਟਿਆਲਾ ਦੀਆਂ ਇਸਤਰੀ ਸਿੱਖ ਸਭਾਵਾਂ ਨਾਲ ਸਬੰਧਤ ਖ਼ਬਰ ਵਲ ਦਿਵਾਇਆ ਗਿਆ ਜਿਸ ਰਾਹੀਂ ਉਨ੍ਹਾਂ ਅੰਮ੍ਰਿਤ ਛਕਾਉਣ ਦਾ ਹੱਕ ਮੰਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਇਤਿਹਾਸ ਸਿੱਖ ਬੀਬੀਆਂ ਨੂੰ ਪੁਰਸ਼ਾਂ ਦੇ ਬਰਾਬਰ ਸਾਰੇ ਅਧਿਕਾਰ ਬਖ਼ਸ਼ਦਾ ਹੈ, ਸੰਸਾਰ ਦੇ ਧਰਮਾਂ ਵਿਚ ਖ਼ਾਲਸਾ ਪੰਥ ਦੀ ਇਹ ਅਜਿਹੀ ਵਿਸ਼ੇਸ਼ ਖ਼ੂਬੀ ਹੈ ਜਿਹੜੀ ਹਰ ਸਿੱਖ ਦਾ ਸਿਰ ਮਾਣ ਨਾਲ ਉੱਚਾ ਕਰ ਦਿੰਦੀ ਹੈ ਪਰ ਸੰਸਾਰ ਪੱਧਰ 'ਤੇ ਉਸ ਵੇਲੇ ਹਰ ਸਿੱਖ ਤੇ ਖ਼ਾਸ ਕਰ ਕੇ ਪੰਥਕ ਪ੍ਰਚਾਰਕਾਂ ਲਈ ਬੜੀ ਸ਼ਰਮਨਾਕ ਤੇ ਨਮੋਸ਼ੀ ਵਾਲੀ ਸਥਿਤੀ ਬਣ ਜਾਂਦੀ ਹੈ ਜਦ ਕਿਸੇ ਅਨਮਤੀ ਨੂੰ ਇਹ ਪਤਾ ਚਲਦਾ ਹੈ ਕਿ ਅਕਾਲ ਤਖ਼ਤ ਵਿਖੇ ਅੰਮ੍ਰਿਤ ਸੰਚਾਰ ਵੇਲੇ ਸਿੱਖ ਬੀਬੀਆਂ ਨੂੰ ਪੰਜ ਪਿਆਰਿਆਂ ਵਜੋਂ ਸ਼ਾਮਲ ਹੋਣ, ਦਰਬਾਰ ਸਾਹਿਬ ਵਿਖੇ ਕੀਰਤਨ ਕਰਨ, ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਨਿਭਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋਢਾ ਆਦਿ ਦੇਣ ਦਾ ਅਧਿਕਾਰ ਨਹੀਂ ਹੈ।