
ਜਾਂਚਕਰਤਾ ਟੀਮ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ, ਗੁਰੂ ਗ੍ਰੰਥ ਸਾਹਿਬ ਭਵਨ ਤੋਂ ਲਿਆਂਦੇ ਰੀਕਾਰਡ ਦੀ ਕਰ ਰਹੇ ਹਨ ਘੋਖ
ਅੰਮ੍ਰਿਤਸਰ, 2 ਅਗੱਸਤ (ਪਰਮਿੰਦਰਜੀਤ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਲਾਪਤਾ ਸਰੂਪਾਂ ਦੇ ਮਾਮਲੇ ਦੀ ਪੜਤਾਲ ਹਾਲੇ ਚਲ ਰਹੀ ਹੈ। ਪੰਥ ਨੇ ਅਪਣੇ ਸੁਭਾਅ ਮੁਤਾਬਕ ਇਸ ਮਾਮਲੇ 'ਤੇ ਚੁੰਝ ਚਰਚਾ ਸ਼ੁਰੂ ਵੀ ਕਰ ਦਿਤੀ ਹੈ। ਹਰ ਕੋਈ ਆਪੋ ਅਪਣੇ ਢੰਗ ਨਾਲ ਕਿਆਸਅਰਾਈਆਂ ਕਰ ਰਿਹਾ ਹੈ ਕਿ ਜਾਂਚ ਨਿਰਪੱਖ ਹੋਵੇਗੀ ਜਾਂ ਨਹੀਂ। ਅਕਾਲ ਤਖ਼ਤ ਸਾਹਿਬ ਸਕੱਤਰੇਤ ਅੰਦਰ ਬਣੇ ਇਕ ਕਮਰੇ ਵਿਚ ਇਹ ਜਾਂਚ ਚਲ ਰਹੀ ਹੈ। ਜਾਂਚਕਰਤਾ ਟੀਮ ਦੇ ਸਾਰੇ ਮੈਂਬਰ ਭਾਈ ਈਸ਼ਰ ਸਿੰਘ, ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਹਰਲੀਨ ਕੌਰ ਸੀ.ਏ. ਇਸ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ, ਗੁਰੂ ਗ੍ਰੰਥ ਸਾਹਿਬ ਭਵਨ ਤੋਂ ਲਿਆਂਦਾ ਰੀਕਾਰਡ ਘੋਖ ਰਹੇ ਹਨ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕਾਇਮ ਜਾਂਚ ਕਮੇਟੀ ਨੇ 17 ਜੁਲਾਈ ਨੂੰ ਜਾਂਚ ਦਾ ਕੰਮ ਸ਼ੁਰੂ ਕਰ ਦਿਤਾ ਸੀ ਅਤੇ ਇਕ ਮਹੀਨੇ ਵਿਚ ਇਸ ਦੀ ਰੀਪੋਰਟ ਅਕਾਲ ਤਖ਼ਤ ਦੇ ਜਥੇਦਾਰ ਕੋਲ ਪੇਸ਼ ਕੀਤੀ ਜਾਵੇਗੀ ਜਿਸ ਤੋਂ ਬਾਅਦ 'ਜਥੇਦਾਰਾਂ' ਦੀ ਮੀਟਿੰਗ ਵਿਚ ਇਸ ਰੀਪੋਰਟ 'ਤੇ ਵਿਚਾਰ ਕੀਤਾ ਜਾਵੇਗਾ। ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਜਾਂਚ ਦਾ ਕੰਮ ਬਹੁਤ ਹੀ ਡੂੰਘਾਈ ਨਾਲ ਕੀਤਾ ਜਾ ਰਿਹਾ ਹੈ ਜਿਸ ਕਮਰੇ ਵਿਚ ਇਸ ਜਾਂਚ ਕਮੇਟੀ ਦਾ ਦਫ਼ਤਰ ਬਣਾਇਆ ਗਿਆ ਹੈ ਉਸ ਵਲ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ।
ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਜਾਂਚ ਦਫ਼ਤਰ ਵਿਚ ਟੀਮ ਦੇ ਪ੍ਰਮੁੱਖ ਭਾਈ ਈਸ਼ਰ ਸਿੰਘ ਦੀ ਮਰਜ਼ੀ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਗੁਰੂ ਗ੍ਰੰਥ ਸਾਹਿਬ ਭਵਨ ਦੇ ਵੱਖ-ਵੱਖ ਵਿਭਾਗਾਂ ਵਿਚ 2014 ਤੋਂ ਲੈ ਕੇ 2020 ਤਕ ਦੇ ਰੀਕਾਰਡ ਨਾਲ ਸਬੰਧਤ ਸਟਾਫ਼ ਨੂੰ ਬੁਲਾ ਕੇ ਉਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ ਤਾਕਿ ਸੱਚ ਸਾਹਮਣੇ ਆ ਸਕੇ। ਇਸ ਮਾਮਲੇ 'ਤੇ 'ਜਥੇਦਾਰ' ਦਾ ਰੁਖ਼ ਬੇਹਦ ਸਖ਼ਤ ਹੈ।
'ਜਥੇਦਾਰ' ਦੇ ਨਿਜੀ ਸਹਾਇਕ ਭਾਈ ਜਸਪਾਲ ਸਿੰਘ 'ਜਥੇਦਾਰ' ਦੇ ਆਦੇਸ਼ ਮੁਤਾਬਕ ਉਨ੍ਹਾਂ ਕਮਰਿਆਂ ਵਲ ਸ਼੍ਰੋਮਣੀ ਕਮੇਟੀ ਦੇ ਵੱਡੇ ਤੋਂ ਵੱਡੇ ਅਹੁਦੇਦਾਰ ਜਾਂ ਮੁਲਾਜ਼ਮਾਂ ਨੂੰ ਵੀ ਨਹੀਂ ਜਾਣ ਦਿੰਦੇ। ਸਿਰਫ਼ ਉਹੀ ਲੋਕ ਜਾ ਸਕਦੇ ਹਨ ਜਿਨ੍ਹਾਂ ਨੂੰ ਪੜਤਾਲ ਲਈ ਬੁਲਾਇਆ ਜਾਂਦਾ ਹੈ। ਇਸ ਪੜਤਾਲੀਆ ਕਮੇਟੀ ਕੋਲ ਹੁਣ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਸਟਾਫ਼, ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀ ਵੀ ਆ ਕੇ ਅਪਣਾ ਪੱਖ ਰਖ ਚੁੱਕੇ ਹਨ।
ਝੂਠ ਬੋਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਜਥੇਦਾਰ
ਇਸ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਝੂਠ ਬੋਲਣ ਵਾਲੇ ਕਿਸੇ ਵੀ ਵਿਅਕਤੀ ਨਾਲ ਰਿਆਇਤ ਨਹੀਂ ਵਰਤੀ ਜਾਵੇਗੀ, ਕਿਉਂਕਿ ਇਹ ਅਕਾਲ ਦਾ ਤਖ਼ਤ ਹੈ ਤੇ ਇਥੇ ਜਿਸ ਵਿਅਕਤੀ ਨੇ ਵੀ ਝੂਠ ਬੋਲਿਆ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ 267 ਸਰੂਪਾਂ ਦੇ ਮਾਮਲੇ ਨਾਲ ਸਬੰਧਤ ਹੈ ਜਾਂ ਨਹੀਂ ਉਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।