
ਗਠਤ ਟੀਮ ਨੇ ਪੰਜ ਘੰਟੇ ਦੇ ਕਰੀਬ ਕੀਤੀ ਪੜਤਾਲ, ਬਿਆਨ ਕੀਤੇ ਕਲਮਬੱਧ
ਪਟਿਆਲਾ, 2 ਅਗੱਸਤ (ਤੇਜਿੰਦਰ ਫ਼ਤਿਹਪੁਰ, ਗਗਨਦੀਪ ਸਿੰਘ ਦੀਪ) : ਪਿੰਡ ਕਲਿਆਣ ਦੇ ਗੁਰਦਵਾਰਾ ਅਰਦਾਸਪੁਰਾ ਸਾਹਿਬ ਵਿਖੇ 100 ਸਾਲਾ ਪੁਰਾਤਨ ਸਰੂਪ ਗੁੰਮ ਹੋਣ ਦੇ ਮਾਮਲਾ ਦਾ ਸ਼੍ਰੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਜਿਸ ਦੇ ਚਲਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜ ਮੈਂਬਰੀ ਟੀਮ ਦਾ ਗਠਨ ਕੀਤੇ ਜਾਣ ਤੋਂ ਬਾਅਦ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ 'ਚ ਗਠਤ ਕੀਤੀ ਟੀਮ ਦੇ ਮੈਂਬਰ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਖੇ ਪੁੱਜੇ।
ਗੁਰਦੁਆਰਾ ਅਰਦਾਸਪੁਰਾ ਵਿਖੇ ਗਠਤ ਟੀਮ ਦੇ ਪੁੱਜਣ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਕਮੇਟੀ ਮੈਂਬਰਾਂ ਆਦਿ ਮੌਕੇ 'ਤੇ ਮੌਜੂਦ ਸਨ। ਇਸ ਦੌਰਾਨ ਟੀਮ ਨੇ ਜਾਂਚ ਪੜਤਾਲ ਦੌਰਾਨ ਗ੍ਰੰਥੀ ਸਿੰਘਾਂ, ਕਮੇਟੀ ਮੈਂਬਰਾਂ ਅਤੇ ਪਿੰਡ ਦੀਆਂ ਸੰਗਤਾਂ ਨਾਲ ਦੀਰਘ ਵਿਚਾਰਾਂ ਕੀਤੀਆਂ। ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦਸਿਆ ਕਿ ਪੜਤਾਲ ਦੌਰਾਨ ਸਾਰੀਆਂ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ, ਪਰ ਸਰੂਪ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਕਲਮਬੱਧ ਕੀਤੇ ਬਿਆਨਾਂ ਦੇ ਆਧਾਰ 'ਤੇ ਕਮੇਟੀ ਅਪਣੀ ਪਲੇਠੀ ਰੀਪੋਰਟ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਭੇਜ ਰਹੀ ਹੈ ਅਤੇ ਅਗਲੇਰੀ ਜਾਂਚ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਧਰਮ ਪ੍ਰਚਾਰ ਕਮੇਟੀ ਵਲੋਂ ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਆਦਿ ਵੀ ਹਾਜ਼ਰ ਸਨ।
ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਛਾਬਰ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ 25 ਸਰੂਪ ਹਨ ਅਤੇ ਇਕ ਸਫਰੀ ਸਰੂਪ ਜੋ ਬਾਬਾ ਕਿਰਪਾਲ ਸਿੰਘ ਦੇ ਵੇਲੇ ਦਾ ਗੁਰਦੁਆਰਾ ਸਾਹਿਬ ਵਿਖੇ ਸੁਸ਼ੋÎਿਭਤ ਸੀ ਜਿਸ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ ਜਾਂਦੇ ਸਨ ਅਤੇ ਇਹ ਸਫ਼ਰੀ ਸਰੂਪ ਵੀ ਸ੍ਰੀ ਗ੍ਰੰਥ ਸਾਹਿਬ ਦੇ ਬਾਕੀ ਸਰੂਪਾਂ ਨਾਲ ਪਿਆ ਸੀ, ਜੋ ਸਿਰਫ਼ ਦੂਰਬੀਨ ਨਾਲ ਪੜ੍ਹਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਬਾਬਾ ਸੋਹਣ ਸਿੰਘ ਅਤੇ ਹੈੱਡ ਗ੍ਰੰਥੀ ਸਤਨਾਮ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਗਈ, ਪਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗਠਤ ਟੀਮ ਨੂੰ ਹਰ ਸੰਭਵ ਸਹਿਯੋਗ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਅਪਣੇ ਪੱਧਰ 'ਤੇ ਇਹ ਸਾਰਾ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਵੀ ਕਰ ਚੁੱਕੀ ਹੈ ਅਤੇ ਸੀਸੀਟੀਵੀ ਕੈਮਰਿਆਂ ਤਕ ਨੂੰ ਵੀ ਖੰਘਾਲਿਆ ਜਾ ਰਿਹਾ ਹੈ।