ਜਪ ਮਨ ਮੇਰੇ ਗੋਬਿੰਦ ਕੀ ਬਾਣੀ
Published : Sep 3, 2022, 3:30 pm IST
Updated : Sep 3, 2022, 3:30 pm IST
SHARE ARTICLE
Jap Man Mere Gobind Ki Bani
Jap Man Mere Gobind Ki Bani

‘ਜਪ ਮਨ ਮੇਰੇ ਗੋਬਿੰਦ ਦੀ ਬਾਣੀ’ ਤੋਂ ਅਰਥ ਬਣੇਗਾ ਕਿ ਅਸੀ ਉਸ ਕਰਤੇ ਦੀ ਕਿਰਤ ਦੀ ਸਿਫ਼ਤ ਸਲਾਹ ਕਰਦੇ ਹੋਏ ਹਰ ਪਲ ਕਰਤੇ ਦਾ ਧਨਵਾਦ ਕਰਦੇ ਰਹੀਏ।

ਗੁਰਬਾਣੀ ਅਪਣੇ ਆਪ ਵਿਚ ਇਕ ਅਥਾਹ ਸਮੁੰਦਰ ਹੈ, ਜਿਸ ਦੀ ਹੱਦ ਅੱਜ ਤਕ ਕੋਈ ਵੀ ਨਹੀਂ ਨਾਪ ਸਕਿਆ। ਮੇਰੇ ਲਈ ਤਾਂ ਇਹ ਬੁਹਤ ਮੁਸ਼ਕਲ ਅਤੇ ਔਖਾ ਕੰਮ ਹੈ ਪਰ ਇਸ ਨੂੰ ਅਥਾਹ ਕਹਿ ਕੇ ਵਿਚਾਰਨਾ ਹੀ ਛੱਡ ਦੇਈਏ ਤਾਂ ਮੈਂ ਸਮਝਦਾ ਹਾਂ ਕਿ ਬਹੁਤੀ ਸਮਝ ਵਾਲੀ ਗੱਲ ਨਹੀਂ ਹੋਵੇਗੀ। ਮਿਤੀ 5-8-2015 ਨੂੰ ਸਵੇਰੇ ਸੈਰ ਕਰਨ ਜਾਣ ਤੋਂ ਕੁੱਝ ਵਕਤ ਪਹਿਲਾਂ ਉਠ ਗਿਆ ਸੀ ਜਿਸ ਕਰ ਕੇ ਸੋਚਿਆ ਕਿ ਕਿਉਂ ਨਾ ਕੁੱਝ ਦੇਰ ਦਰਬਾਰ ਸਾਹਿਬ ਤੋਂ ਕੀਰਤਨ ਸੁਣ ਲਿਆ ਜਾਵੇ। ਸਮਾਂ ਲਗਭਗ ਸਵੇਰੇ ਪੰਜ ਵਜੇ ਦਾ ਸੀ। ਭਾਈ ਸਾਹਿਬ ਬਲਵਿੰਦਰ ਸਿੰਘ ਜੀ ਬਹੁਤ ਹੀ ਰਸਭਿੰਨੇ ਅਤੇ ਮਿੱਠੇ ਸੁਰ ਵਿਚ ਸ਼ਬਦ ਗਾਇਨ ਕਰ ਰਹੇ ਸਨ, ‘‘ਜਪ ਮਨ ਮੇਰੇ ਗੋਬਿੰਦ ਕੀ ਬਾਣੀ’’।

 

ਮੈਂ ਅਪਣੀ ਤੁਛ ਬੁਧੀ ਅਨੁਸਾਰ ਗੁਰਬਾਣੀ ਨੂੰ ਚਾਰ ਹਿਸਿਆਂ ਵਿਚ ਵੰਡਦਾ ਹਾਂ। ਪਹਿਲਾਂ ਗਾਉਣਾ, ਦੂਜਾ ਸੁਣਨਾ, ਤੀਜਾ ਵਿਚਾਰਨਾ ਅਤੇ ਚੌਥਾ ਹੈ ਅਪਨਾਉਣਾ ਜਾਂ ਕਮਾਉਣਾ। ਜੋ ਮੈਂ ਮਹਿਸੂਸ ਕਰਦਾ ਹਾਂ, ਸਾਡੇ ਵਿਚੋਂ ਬਹੁਤੇ ਪਹਿਲੇ ਅਤੇ ਦੂਜੇ ਹਿੱਸੇ ਵਾਲਾ ਹੀ ਕੰਮ ਕਰਦੇ ਹਨ ਪਰ ਤੀਜਾ ਅਤੇ ਚੌਥਾ ਹਿੱਸਾ ਅਣਗੌਲਿਆ ਹੀ ਰਹਿ ਜਾਂਦਾ ਹੈ। ਇਹ ਦੋਵੇਂ ਹਿੱਸੇ ਲਗਨ ਅਤੇ ਮਿਹਨਤ ਮੰਗਦੇ ਹਨ ਜਿਸ ਲਈ ਅਸੀ ਤਿਆਰ ਨਹੀਂ ਹਾਂ। ਗੁਸਤਾਖ਼ੀ ਲਈ ਮੁਆਫ਼ੀ ਚਾਹੁੰਦਾ ਹਾਂ ਅਤੇ ਲਿਖ ਰਿਹਾ ਹਾਂ ਕਿ ਇਸ ਨਾਲ ਪਹਿਲੇ ਦੋਵੇਂ ਹਿੱਸੇ ਗਾਉਣਾ ਅਤੇ ਸੁਣਨਾ ਵੀ ਕਿਤੇ ਕਰਮਕਾਂਡ ਹੀ ਬਣ ਕੇ ਰਹਿ ਜਾਣ, ਕਿਉਂਕਿ ਵਿਚਾਰਨ ਅਤੇ ਕਮਾਉਣ ਦੀ ਕਿਰਿਆ ਤਾਂ ਅਸੀ ਕਰ ਹੀ ਨਹੀਂ ਰਹੇ।

ਹੁਣ ਉਪਰੋਕਤ ਸ਼ਬਦ ਦੀ ਤੁਕ ਦੇ ‘ਜਪ’ ਸ਼ਬਦ ਤੋਂ ਭਾਵ ਹੈ, ਵਾਰ-ਵਾਰ ਤੇ ਹਰ ਵਕਤ ਅਕਾਲ ਪੁਰਖ ਦੀ ਕ੍ਰਿਪਾ ਦੀ ਸਿਫ਼ਤ ਕਰਦੇ ਹੋਏ ਦਿਲੋਂ ਧਨਵਾਦੀ ਹੋਈ ਜਾਣਾ। ਇਸੇ ਤਰ੍ਹਾਂ ਸ਼ਬਦ ‘ਗੋਬਿੰਦ’ ਹੈ, ਜਿਹੜਾ ਕਰਤੇ ਲਈ ਵਰਤਿਆ ਗਿਆ ਹੈ। ‘ਬਾਣੀ’ ਸ਼ਬਦ ਕਰਤੇ ਦੀ ‘ਕਿਰਤ’ ਨੂੰ ਕਿਹਾ ਗਿਆ ਹੈ। ਕਰਤਾ ਉਹ ਹੈ ਜੋ ਕਣ-ਕਣ ਵਿਚ ਸਮਾਇਆ ਹੋਇਆ ਹੈ। ਉਹ ਕਰਤਾ ਹੀ ਹੈ, ਜੋ ਬਰਫ਼ ਤੋਂ ਪਾਣੀ ਬਣਾ ਦਿੰਦਾ ਹੈ। ਪਾਣੀ ਤੋਂ ਭਾਫ਼ ਬਣਾ ਕੇ ਹਵਾ ਵਿਚ ਉਡਾ ਦਿੰਦਾ ਹੈ, ਫਿਰ ਉਸੇ ਭਾਫ਼ ਨੂੰ ਦੁਬਾਰਾ ਪਾਣੀ ਅਤੇ ਬਰਫ਼ ਬਣਾ ਦਿੰਦਾ ਹੈ। ਉਹ ਕਰਤਾ ਹੀ ਹੈ, ਜੋ ਸਿ੍ਰਸ਼ਟੀ ਨੂੰ ਲੱਖਾਂ ਸਾਲਾਂ ਤੋਂ ਨਿਯਮਬੱਧ ਚਲਾ ਰਿਹਾ ਹੈ ਅਤੇ ਆਉਣ ਵਾਲੇ ਲੱਖਾਂ ਸਾਲਾਂ ਤਕ ਵੀ ਇਸੇ ਤਰ੍ਹਾਂ ਚਲਾਉਂਦਾ ਰਹੇਗਾ।

ਕਰਤੇ ਵਲੋਂ ਕੀਤੀ ਗਈ ਕਾਰਵਾਈ ਦੀ ਜੋ ਉਪਜ ਹੈ, ਉਸ ਨੂੰ ਕੀਰਤੀ (ਬਾਣੀ) ਕਿਹਾ ਗਿਆ ਹੈ। ਇਕ ਹੀ ਖੇਤ ਦੀ ਮਿੱਟੀ ਦੇ ਕਣ ਵਿਚ ਪੌਦਾ ਪੈਦਾ ਹੁੰਦਾ ਹੈ ਤੇ ਵੱਡਾ ਹੋ ਕੇ ਸੰਗਤਰੇ ਦੇ ਰੂਪ ਵਿਚ ਰਸ ਨਾਲ ਭਰਿਆ ਫੱਲ ਸਾਨੂੰ ਦਿੰਦਾ ਹੈ। ਉਸੇ ਹੀ ਮਿੱਟੀ ਵਿਚ ਇਕ ਹੋਰ ਪੌਦਾ ਪੈਦਾ ਹੁੰਦਾ ਹੈ, ਜੋ ਵੱਡਾ ਹੋ ਕੇ ਸਾਨੂੰ ਬੇਰ ਦੇ ਰੂਪ ਵਿਚ ਫੱਲ ਦਿੰਦਾ ਹੈ ਜਿਸ ਵਿਚ ਰਸ ਘੱਟ ਹੈ ਪਰ ਸੰਗਤਰੇ ਨਾਲੋਂ ਮਿਠਾਸ ਜ਼ਿਆਦਾ ਹੈ। ਉਸੇ ਹੀ ਖੇਤ ਦੀ ਮਿੱਟੀ ਦੇ ਕਣ ਤੋਂ ਪੌਦਾ ਜੋ ਪੈਦਾ ਹੋਇਆ ਕਿਸੇ ਨੂੰ ਫੱਲ ਉਪਰ ਲਗਦਾ ਹੈ, ਕਿਸੇ ਨੂੰ ਜ਼ਮੀਨ ਦੇ ਹੇਠਾਂ ਫੱਲ ਬਣਦਾ ਹੈ। ਇਹ ਸੱਭ ਕੁੱਝ ਕਰਤੇ ਦੀ ਕਿਰਤ ਹੈ।

ਜਦ ਅਸੀ ਕਰਤੇ ਦੀ ਕਿਰਤ ਨੂੰ ਵੇਖਦੇ ਜਾਂ ਮਹਿਸੂਸ ਕਰਦੇ ਹੋਏ ਆਤਮਿਕ ਤੌਰ ਉਤੇ ਅਨੰਦਤ ਹੋ ਜਾਈਏ ਤੇ ਸਾਡੀ ਆਤਮਾ ਕਰਤੇ ਦੀ ਸਿਫ਼ਤ ਸਲਾਹ ਵਿਚ ਵਾਹ-ਵਾਹ ਕਹਿ ਉਠੇ, ਅਪਣੇ ਆਪ ਨੂੰ ਅਰਪਣ ਕਰ ਦੇਵੇ ਤਾਂ ਉਹ ਸਾਡਾ ਕਰਤੇ ਪ੍ਰਤੀ ਜਾਪ ਹੈ। ਹੁਣ ‘ਜਪ ਮਨ ਮੇਰੇ ਗੋਬਿੰਦ ਦੀ ਬਾਣੀ’ ਤੋਂ ਅਰਥ ਬਣੇਗਾ ਕਿ ਅਸੀ ਉਸ ਕਰਤੇ ਦੀ ਕਿਰਤ ਦੀ ਸਿਫ਼ਤ ਸਲਾਹ ਕਰਦੇ ਹੋਏ ਹਰ ਪਲ ਕਰਤੇ ਦਾ ਧਨਵਾਦ ਕਰਦੇ ਰਹੀਏ। ਉਸ ਤੋਂ ਵਾਰੇ-ਵਾਰੇ ਜਾਈਏ।

ਕਰਤੇ ਦਾ ਧਨਵਾਦ ਕਰਦਿਆਂ ਜੇਕਰ ਸਾਡਾ ਗਲਾ ‘ਭਰਿਆ’ ਨਹੀਂ, ਸਾਡੀਆਂ ਅੱਖਾਂ ਨਮ ਨਹੀਂ ਹੋਈਆਂ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਅਰਦਾਸ ਜਾਂ ਧਨਵਾਦ ਦਿਲ ਦੀ ਗਹਿਰਾਈ ਤੋਂ ਨਹੀਂ ਹੋਇਆ, ਇਹ ਸਾਡੀ ਜ਼ੁਬਾਨ ਤਕ ਹੀ ਸੀਮਿਤ ਰਹਿ ਗਿਆ ਹੈ ਜਿਸ ਨੂੰ ਕਰਮ ਕਾਂਡ ਸਮਝਿਆ ਜਾ ਸਕਦਾ ਹੈ। ਹੋਈ ਭੁਲ ਲਈ ਮੁਆਫ਼ੀ ਚਾਹੁੰਦਾ ਹਾਂ। ਪਾਠਕ ਕਹਿਣਗੇ ਕਿ ਮੈਂ ਲੇਖ ਵੀ ਲਿਖਦਾ ਹਾਂ ਤੇ ਹਰ ਵਾਰ ਮੁਆਫ਼ੀ ਵੀ ਮੰਗਦਾ ਹਾਂ। ਕਾਰਨ ਇਹ ਹੈ ਕਿ ਵਿਸ਼ਾ ਧਾਰਮਕ ਹੁੰਦਾ ਹੈ। ਹਰ ਪਾਠਕ ਦੀ ਸ਼ਰਧਾ ਵਖਰੀ ਹੈ। ਮੈਂ ਇਕ ਵੀ ਪਾਠਕ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ ਜਾਂ ਅਪਣੇ ਕਿਸੇ ਸ਼ੁਭਚਿੰਤਕ ਨੂੰ ਗੁਆਣਾ ਨਹੀਂ ਚਾਹੁੰਦਾ। 

ਸੁਖਦੇਵ ਸਿੰਘ ਪਟਿਆਲਾ
ਸੰਪਰਕ: 94171-91916

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement