Untold story of 1984 Sikh Genocide: ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਕੋਈ ਸਜ਼ਾ ਨਹੀਂ ਮਿਲੀ
Untold story of 1984 Sikh Genocide: ਪੂਰੇ 40 ਸਾਲ ਬੀਤ ਗਏ ਹਨ। ਏਨਾ ਵੱਡਾ ਘੱਲੂਘਾਰਾ ਅਪਣੇ ਹੀ ਦੇਸ਼ ਅੰਦਰ। ਸਿੱਖ ਕੌਮ ਦੀ ਜੋ ਨਸਲਕੁਸ਼ੀ ਨਵੰਬਰ 1984 ਵਿਚ ਭਾਰਤੀ ਹਾਕਮਾਂ ਨੇ ਇਕ ਗਿਣੀ ਮਿੱਥੀ ਸਾਜ਼ਸ਼ ਅਧੀਨ ਕੀਤੀ ਨਾ ਹੀ ਭੁੱਲਣਯੋਗ ਹੈ ਨਾ ਹੀ ਇਹ ਕਦੇ ਭੁਲਾਈ ਜਾ ਸਕਦੀ ਹੈ। ਅਜਿਹੇ ਸਾਕੇ ਜਿਹੜੇ ਜਾਬਰ ਹਕੂਮਤਾਂ ਕਿਸੇ ਮਾਰਸ਼ਲ ਅਣਖੀ ਕੌਮ ਨੂੰ ਕੁਚਲਣ ਲਈ ਕਰਦੀਆਂ ਹਨ ਉਹ ਕਦੇ ਵੀ ਨਹੀਂ ਭੁਲਾਏ ਜਾ ਸਕਦੇ। ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸ ਨੂੰ ਮਾਰਨ ਵਾਲਿਆਂ ਵਿਚੋਂ ਇਕ ਨੂੰ ਮੌਕੇ ’ਤੇ ਹੀ ਖ਼ਤਮ ਕਰ ਦਿਤਾ ਗਿਆ। ਇਕ ਨੂੰ ਫੜ ਲਿਆ ਗਿਆ, ਜਿਸ ਨੂੰ ਬਾਅਦ ਵਿਚ ਇਕ ਨਿਰਦੋਸ਼ ਸਿੱਖ ਕੇਹਰ ਸਿੰਘ ਦੇ ਨਾਲ ਫਾਂਸੀ ਚਾੜ੍ਹ ਦਿਤਾ ਗਿਆ।
ਪਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਕੋਈ ਸਜ਼ਾ ਨਹੀਂ ਮਿਲੀ। ਇਹ ਸਿੱਖ ਕੌਮ ਨਾਲ ਵਿਤਕਰੇਬਾਜ਼ੀ ਦੇ ਨਾਲ-ਨਾਲ ਗ਼ੁਲਾਮਾਂ ਵਾਲਾ ਸਲੂਕ ਵੀ ਹੈ। ਸਾਡੇ ਲੀਡਰ ਸਰਕਾਰੀ ਸੱਤਾ ਦੇ ਲਾਲਚ ਵਿਚ ਜੋ ਮਰਜ਼ੀ ਕਹੀ ਜਾਣ ਪਰ ਸਿੱਖ ਕੌਮ ਅੰਦਰ ਇਹ ਗੱਲ ਘਰ ਕਰ ਗਈ ਹੈ ਕਿ ਸਿੱਖਾਂ ਨੂੰ ਭਾਰਤ ਵਿਚ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਜਿਨ੍ਹਾਂ ਨੇ 1984 ਦੇ ਦੋ ਵੱਡੇ ਘੱਲੂਘਾਰੇ ਅਪਣੇ ਪਿੰਡੇ ਤੇ ਹੰਢਾਏ ਹਨ।
ਕੋਈ ਉਨ੍ਹਾਂ ਨੂੰ ਪੁੱਛ ਕੇ ਵੇਖੇ, ਕੋਈ ਉਨ੍ਹਾਂ ਤੋਂ ਸੁਣੇ ਸਰਕਾਰੀ ਜ਼ੁਲਮਾਂ ਦੀ ਕਹਾਣੀ ਜਿਨ੍ਹਾਂ ਨੇ ਕਦੇ ਭਾਰਤ ਦੇਸ਼ ਅੰਦਰ ਦੇਸ਼ ਦੀਆਂ ਬਹੂ ਬੇਟੀਆਂ ਦੀਆਂ ਇੱਜ਼ਤਾਂ ਬਚਾਈਆਂ ਅੱਜ ਉਸੇ ਹੀ ਦੇਸ਼ ਅੰਦਰ ਉਨ੍ਹਾਂ ਦੀਆਂ ਬਹੂ-ਬੇਟੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਨੰਨ੍ਹੇ-ਮੁੰਨੇ ਬੱਚਿਆਂ ਨੂੰ ਸਾੜ ਕੇ ਅੱਗ ਵਿਚ ਸਵਾਹ ਕੀਤਾ ਗਿਆ, ਬਜ਼ੁਰਗ ਬਾਪੂਆਂ ਦੇ ਸਾਹਮਣੇ ਹੀ ਉਨ੍ਹਾਂ ਦੇ ਨੌਜਵਾਨ ਪੁੱਤਰਾਂ ਨੂੰ ਮਾਰ ਦਿਤਾ ਗਿਆ। ਕਾਨਪੁਰ ਤੇ ਬਕਾਰੋ ਵਿਚ ਸੈਂਕੜੇ ਹੀ ਨੌਜਵਾਨਾਂ ਨੂੰ ਜਿਉਂਦਿਆਂ ਢਲਾਈ ਵਾਲੀਆਂ ਭੱਠੀਆਂ ਵਿਚ ਸੁੱਟ ਕੇ ਰਾਖ਼ ਕਰ ਦਿਤਾ ਗਿਆ, ਉਮਰਾਂ ਦੀ ਮਿਹਨਤ ਨਾਲ ਬਣਾਈ ਗਈ ਅਰਬਾਂ-ਖਰਬਾਂ ਦੀ ਜਾਇਦਾਦ ਸਾੜ ਕੇ ਸਵਾਹ ਕਰ ਦਿਤੀ ਗਈ। ਪੂਰੇ 7 ਦਿਨ ਭਾਰਤ ਭਰ ਵਿਚ ਮੌਤ ਦਾ ਵਹਿਸ਼ੀ ਤਾਂਡਵ ਨਾਚ ਚਲਿਆ। ਕਿਸੇ ਨੇ ਕਿਸੇ ਦੀ ਕੋਈ ਫ਼ਰਿਆਦ ਨਾ ਸੁਣੀ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਅਸੀ ਕਹਿ ਸਕਦੇ ਹਾਂ ਕਿ ਅਸੀ ਭਾਰਤ ਦੇਸ਼ ਅੰਦਰ ਆਜ਼ਾਦ ਹਾਂ? ਅੱਜ ਜਦੋਂ ਨਵੰਬਰ ਮਹੀਨਾ ਆਉਂਦਾ ਹੈ ਤਾਂ ਸਾਡੇ ਲੀਡਰ ਚੰਦ ਕੁ ਵੋਟਾਂ ਖ਼ਾਤਰ ਫੋਕੀ ਬਿਆਨਬਾਜ਼ੀ ਕਰ ਛਡਦੇ ਹਨ, ਮਗਰਮੱਛ ਦੇ ਹੰਝੂ ਵਹਾਉਂਦੇ ਹਨ। ਅਪਣੀਆਂ ਸੁੱਖ ਸਹੂਲਤਾਂ ਖ਼ਾਤਰ ਅਪਣੇ ਆਪ ਨੂੰ ਭਾਰਤੀ ਕਾਨੂੰਨ ਦੇ ਵਫ਼ਾਦਾਰ ਕਹਾਉਂਦੇ ਹਨ ।
31 ਅਕਤੂਬਰ 1984 ਦੀ ਰਾਤ ਤੋਂ ਲੈ ਕੇ 7 ਨਵੰਬਰ ਤਕ ਹਿੰਦੋਸਤਾਨ ਦੇ 18 ਸੂਬਿਆਂ ਦੇ ਲਗਭਗ 110 ਸ਼ਹਿਰਾਂ ਵਿਚ ਜਿਸ ਤਰ੍ਹਾਂ ਸਿੱਖਾਂ ਨੂੰ ਕੋਹ-ਕੋਹ ਕੇ ਹਜ਼ਾਰਾਂ ਦੀ ਗਿਣਤੀ ਵਿਚ ਮਾਰਿਆ ਗਿਆ, ਉਹ ਲਿਖਣ ਲਗਿਆਂ ਕਲਮ ਰੁਕ ਜਾਂਦੀ ਹੈ। ਆਪ ਮੁਹਾਰੇ ਅੱਖਾਂ ਵਿਚੋਂ ਹੰਝੂ ਵਹਿ ਤੁਰਦੇ ਹਨ। ਸਰੀਰ ਨਿਰਜਿੰਦ ਹੋ ਕੇ ਪੱਥਰ ਬਣ ਜਾਂਦਾ ਹੈ। ਹਰ ਸਾਲ ਜ਼ਖ਼ਮ ਇਸ ਤਰ੍ਹਾਂ ਰਿਸਣ ਲੱਗ ਜਾਂਦੇ ਹਨ ਜਿਵੇਂ ਕਿ ਸਾਰਾ ਕੁੱਝ ਹੁਣੇ ਹੀ ਵਾਪਰਿਆ ਹੋਵੇ। ਪਰ ਲਾਹਨਤ ਹੈ ਉਨ੍ਹਾਂ ਸਾਰੇ ਲੀਡਰਾਂ ਉਤੇ ਜਿਹੜੇ ਅੱਜ ਵੀ ਵੋਟਾਂ ਦੀ ਖ਼ਾਤਰ ਏਨੇ ਵੱਡੇ ਕਤਲੇਆਮ ਤੇ ਸਿਆਸੀ ਰੋਟੀਆਂ ਸੇਕਦੇ ਹਨ।
ਪਰ ਇਸ ਤੋਂ ਬਾਅਦ ਉਹ ਕਦੇ ਵੀ ਕਤਲੇਆਮ ਦੀ ਲਪੇਟ ਵਿਚ ਆਏ ਹੋਏ ਪ੍ਰਵਾਰਾਂ ਦੀ ਸਾਰ ਨਹੀਂ ਲੈਂਦੇ। ਜੇਕਰ ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਾਡੇ ਅਣਖੀ ਨੌਜਵਾਨਾਂ ਨੇ ਸਜ਼ਾ ਦਿਤੀ ਤਾਂ ਇਨ੍ਹਾਂ ਲੋਕਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਰੌਲਾ ਪਾ ਕੇ ਉਨ੍ਹਾਂ ਨੌਜਵਾਨਾਂ ਨੂੰ ਅਤਿਵਾਦੀ/ ਵਖਵਾਦੀ ਆਖਿਆ, ਉਨ੍ਹਾਂ ਦੇ ਫੜੇ ਜਾਣ ’ਤੇ ਨਾ ਉਨ੍ਹਾਂ ਦਾ ਕਿਸੇ ਨੇ ਅਦਾਲਤ ਵਿਚ ਕੇਸ ਲੜਿਆ ਅਤੇ ਨਾ ਹੀ ਕੋਈ ਵਿੱਤੀ ਸਹਾਇਤਾ ਕੀਤੀ। ਸਾਡੀ ਕੌਮ ਦੀ ਤ੍ਰਾਸਦੀ ਇਹ ਰਹੀ ਹੈ ਕਿ ਅੱਜ ਉਹ ਨੌਜਵਾਨ 35-40 ਸਾਲਾਂ ਤੋਂ ਜੇਲਾਂ ਵਿਚ ਬੰਦ ਹਨ। ਉਨ੍ਹਾਂ ਦੀ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ।
ਏਨੀਆਂ ਸਰਕਾਰਾਂ ਆਈਆਂ, ਕਿੰਨੇ ਕਮਿਸ਼ਨ ਬਣੇ, ਕਿੰਨੀ ਵਾਰ ਅਦਾਲਤਾਂ ਵਿਚ ਗਵਾਹਾਂ ਨੇ ਅਪਣੇ ਪ੍ਰਵਾਰਾਂ ਦੇ ਕਾਤਲਾਂ ਨੂੰ ਪਛਾਣਿਆ, ਕੋਰਟ ਵਿਚ ਜਾ ਕੇ ਦੋਸ਼ੀਆਂ ਦੇ ਨਾਮ ਲਏ। ਕਿੰਨੀ ਵਾਰ ਐਫ਼.ਆਈ.ਆਰ. ਮੁੜ ਕਰਵਾਈਆਂ ਗਈਆਂ। ਪਰ ਸਿੱਟਾ ਕੀ ਨਿਕਲਿਆ? ਸਿੱਖ ਕੌਮ ਨੂੰ ਹਮੇਸ਼ਾ ਜ਼ਲੀਲ ਹੀ ਕੀਤਾ ਗਿਆ, ਡਰਾਇਆ ਗਿਆ, ਧਮਕਾਇਆ ਗਿਆ, ਪੈਸੇ ਦੇ ਲਾਲਚ ਦਿਤੇ ਗਏ, ਰਾਜ਼ੀਨਾਮੇ ਲਈ ਦਬਾਅ ਪਾਏ ਗਏ। ਬਚੇ-ਖੁਚੇ ਪ੍ਰਵਾਰਾਂ ਦੇ ਮੈਂਬਰਾਂ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਦਿਤੀਆਂ ਗਈਆਂ ਤੇ ਜੋ ਬੀਤ ਗਿਆ ਉਸ ਨੂੰ ਭੁੱਲ ਜਾਣ ਦੀਆਂ ਨਸੀਹਤਾਂ ਦਿਤੀਆਂ ਗਈਆਂ।
ਐ ਭਾਰਤੀ ਹਾਕਮੋਂ! ਕੁੱਝ ਹੋਸ਼ ਕਰੋ। ਜਿਸ ਕੌਮ ਦੇ ਪੁਰਖਿਆਂ ਨੇ ਤੁਹਾਡੇ ਧਰਮ ਨੂੰ ਬਚਾਉਣ ਲਈ ਦਿੱਲੀ ਵਿਚ ਸੀਸ ਦਿਤਾ ਹੋਵੇ, ਦੇਸ਼ ਦੀਆਂ ਬਹੂ ਬੇਟੀਆਂ ਨੂੰ ਮੁਗ਼ਲ ਧਾੜਵੀਆਂ ਤੋਂ ਬਚਾ ਕੇ ਬਾਬਾ ਦੀਪ ਸਿੰਘ ਵਰਗੇ ਜੋਧਿਆਂ ਨੇ ਘਰੋ-ਘਰੀ ਪਹੁੰਚਾਇਆ ਹੋਵੇ, ਜਿਸ ਕੌਮ ਦੇ ਜਰਨੈਲ ਹਰੀ ਸਿੰਘ ਨਲੂਏ ਵਰਗਿਆਂ ਨੇ ਮੁਗ਼ਲਾਂ ਦੇ ਭੈਅ ਤੋਂ ਹਿੰਦੋਸਤਾਨੀਆਂ ਨੂੰ ਮੁਕਤ ਕੀਤਾ ਹੋਵੇ, ਅੱਜ ਤੁਸੀ ਉਸ ਹੀ ਕੌਮ ਨੂੰ ਕਹਿੰਦੇ ਹੋ ਕਿ ਅਪਣੇ ਉਤੇ ਹੋਏ ਜ਼ੁਲਮ ਨੂੰ ਭੁੱਲ ਜਾਉ। ਇਹ ਕਦੇ ਨਹੀਂ ਹੋ ਸਕਦਾ। ਭਾਰਤ ਦੇ ਵਾਰਸ ਅਖਵਾਉਣ ਵਾਲਿਉ ਤੁਸੀ ਰਾਵਣ, ਮਹਿਮੂਦ ਗਜ਼ਨਵੀ, ਅਹਿਮਦ ਸ਼ਾਹ ਅਬਦਾਲੀ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਨਹੀਂ ਭੁੱਲੇ। ਸਿੱਖ ਕੌਮ ਇਕ ਅਣਖੀ ਤੇ ਬਹਾਦਰ ਕੌਮ ਹੈ ਇਹ ਨਾ ਕਿਸੇ ਨੂੰ ਭੈਅ ਦਿੰਦੀ ਹੈ ਨਾ ਕਿਸੇ ਤੋਂ ਭੈਅ ਲੈਂਦੀ ਹੈ।
ਨਾ ਕਿਸੇ ਉਤੇ ਜ਼ੁਲਮ ਕਰਦੀ ਹੈ ਅਤੇ ਨਾ ਹੀ ਜ਼ੁਲਮ ਸਹਿੰਦੀ ਹੈ। ਨਾ ਹੀ ਪਹਿਲਾਂ ਸਾਨੂੰ ਇਨਸਾਫ਼ ਮਿਲਿਆ ਹੈ ਨਾ ਹੀ ਹੁਣ ਅਸੀ ਇਨਸਾਫ਼ ਦੀ ਝਾਕ ਰੱਖੀ ਹੈ। ਭਾਰਤੀ ਹਾਕਮੋ, ਜੇਕਰ ਤੁਸੀ ਇਨਸਾਫ਼ ਦੇਣਾ ਹੁੰਦਾ ਤਾਂ ਸਾਡੇ ਨੰਨ੍ਹੇ-ਮੁੰਨੇੇ ਬੱਚਿਆਂ ਦੀਆਂ ਲਾਸ਼ਾਂ ਕਾਂ-ਕੁੱਤੇ ਗਲੀਆਂ ਵਿਚ ਨੋਚ-ਨੋਚ ਕੇ ਨਾ ਖਾਂਦੇ। ਸਾਡੀਆਂ ਧੀਆਂ ਭੈਣਾਂ ਦੀਆਂ ਲਾਸ਼ਾਂ ਨਗਨ ਹਾਲਤ ਵਿਚ ਬਾਜ਼ਾਰਾਂ ਵਿਚ ਨਾ ਰੁਲਦੀਆਂ। ਇਹ ਸਾਰਾ ਕੁੱਝ ਇਕ ਬਹੁਤ ਹੀ ਡੂੰਘੀ ਸਾਜ਼ਸ਼ ਅਧੀਨ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਤਾਂ ਜੋ ਸਿੱਖ ਕੌਮ ਅੱਖਾਂ ਉੱਚੀਆਂ ਕਰ ਕੇ ਨਾ ਜੀਅ ਸਕੇ।
ਜਿਸ ਕੌਮ ਦੇ ਜਰਨੈਲਾਂ ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਹਰਬਖਸ਼ ਸਿੰਘ ਅਤੇ ਜਨਰਲ ਸੁਬੇਗ ਸਿੰਘ ਵਰਗਿਆਂ ਨੇ 1962-65 ਅਤੇ 71 ਦੀਆਂ ਜੰਗਾਂ ਵਿਚ ਲੱਖਾਂ ਦੀ ਗਿਣਤੀ ਵਿਚ ਵੈਰੀਆਂ ਤੋਂ ਹਥਿਆਰ ਸੁਟਵਾਏ ਹੋਣ, ਉਨ੍ਹਾਂ ਵਿਚੋਂ ਜਨਰਲ ਜਗਜੀਤ ਸਿੰਘ ਅਰੋੜਾ ਵਰਗੇ ਜਰਨੈਲ ਨੂੰ ਵੀ ਨਵੰਬਰ 1984 ਵਿਚ ਨਾ ਬਖ਼ਸ਼ਿਆ ਗਿਆ ਅਤੇ ਜਰਨਲ ਸੁਬੇਗ ਸਿੰਘ ਨੂੰ ਝੂਠੇ ਕੇਸਾਂ ਵਿਚ ਕੋਰਟ ਮਾਰਸ਼ਲ ਕਰ ਕੇ ਘਰ ਭੇਜਿਆ ਗਿਆ। ਲੋਕਤੰਤਰ ਦਾ ਥੰਮ੍ਹ ਕਹਾਉਣ ਵਾਲੇ ਅਜਿਹੇ ਦੇਸ਼ ਵਿਚ ਇਹ ਕੁੱਝ ਵਾਪਰ ਜਾਵੇ ਤਾਂ ਫਿਰ ਲਾਹਨਤ ਹੈ।
ਇਹੋ ਜਿਹੇ ਲੋਕਤੰਤਰ ਦੇ ਜਿੱਥੇ ਘੱਟ ਗਿਣਤੀਆਂ ਲਈ ਵਖਰੇ ਕਾਨੂੰਨ ਹੋਣ, ਜੇਕਰ ਲੋਕਤੰਤਰ ਦਾ ਚਿਹਰਾ ਭਾਰਤੀ ਹਾਕਮਾਂ ਨੇ ਵੇਖਣਾ ਹੈ ਤਾਂ ਉਹ ਕੈਨੇਡਾ ਵਰਗੇ ਦੇਸ਼ ਤੋਂ ਕੁੱਝ ਸਿਖੇ, ਜਿਸ ਸਰਕਾਰ ਨੇ ਅਪਣੀ ਪਾਰਲੀਮੈਂਟ ਵਿਚ ਕਾਮਾ ਗਾਟਾ ਮਾਰੂ ਵਰਗੇ ਦੁਖਾਂਤ ਲਈ ਮੁਆਫ਼ੀ ਹੀ ਨਹੀਂ ਮੰਗੀ ਸਗੋਂ ਅਪਣੀ ਵਜ਼ਾਰਤ ਵਿਚ ਚਾਰ ਸਿੱਖ ਚਿਹਰੇ ਸ਼ਾਮਲ ਕਰ ਕੇ ਦੁਨੀਆਂ ਭਰ ਦੇ ਮੁਲਕਾਂ ਨੂੰ ਇਹ ਸੰਦੇਸ਼ ਦਿਤਾ ਕਿ ਸਿੱਖ ਜਿੱਥੇ ਦੇਸ਼ ਪ੍ਰਤੀ ਈਮਾਨਦਾਰ ਹਨ ਉਥੇ ਇਹ ਅਣਖੀ ਅਤੇ ਬਹਾਦਰ ਵੀ ਹਨ।
ਦੁਨੀਆਂ ਭਰ ਵਿਚ ਵਸਦੇ ਸਿੱਖੋ ਜਾਗੋ, ਇਹ ਹੁਣ ਸੌਣ ਦਾ ਵੇਲਾ ਨਹੀਂ। ਅਪਣੀ ਨੀਂਦ ਤਿਆਗੋ। ਵੱਖ-ਵੱਖ ਪਲੇਟਫ਼ਾਰਮਾਂ ਉਤੇ ਰਹਿ ਕੇ ਅਪਣੇ ਹੱਕਾਂ ਖ਼ਾਤਰ ਲੜਨ ਵਾਲਿਉ ਅੱਜ ਲੋੜ ਹੈ ਇਕ ਸਾਂਝਾ ਮੰਚ ਬਣਾ ਕੇ ਲੜਨ ਦੀ। ਅੱਜ ਲੋੜ ਹੈ ਹੋਕਾ ਦੇ ਕੇ ਕੌਮੀ ਦਰਦ ਰਖਣ ਵਾਲੇ ਬੁੱਧੀਜੀਵੀ, ਸਿੱਖ ਚਿੰਤਕਾਂ ਅਤੇ ਸਿੱਖੀ ਸੋਚ ਰੱਖਣ ਵਾਲੇ ਸਮੂਹ ਦੁਨੀਆਂ ਭਰ ਵਿਚੋਂ ਨਿਕਲਣ ਵਾਲੇ ਅਖ਼ਬਾਰਾਂ ਰਸਾਲਿਆਂ ਦੇ ਸੰਪਾਦਕੋ ਇਕੱਠੇ ਹੋ ਕੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਲੋਕਾਂ ਨੂੰ ਦੁਨੀਆਂ ਦੇ ਕਟਹਿਰੇ ਵਿਚ ਖੜਾ ਕਰੀਏ ਤਾਂ ਜੋ ਭਾਰਤੀ ਹਾਕਮਾਂ ਨੂੰ ਉਨ੍ਹਾਂ ਦੇ ਮੂੰਹ ਉਤੇ ਲੱਗੀ ਹੋਈ ਕਾਲਖ ਵਿਖਾਈ ਜਾ ਸਕੇ।
ਭਾਰਤੀ ਹਾਕਮਾਂ ਦਾ ਕਰੂਪ ਚਿਹਰਾ ਦੁਨੀਆਂ ਭਰ ਵਿਚ ਨੰਗਾ ਕੀਤਾ ਜਾ ਸਕੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀ ਅਪਣੇ ਨਿੱਕੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਵੋਟਾਂ ਦੀ ਸਿਆਸਤ ਛੱਡ ਕੇ ਇਕ ਸਾਂਝੇ ਪਲੇਟਫਾਰਮ ਉਤੇ ਇਕੱਠੇ ਹੋਈਏ ਨਹੀਂ ਤਾਂ ਪਤਾ ਨਹੀਂ ਕਿੰਨੇ ਹੋਰ ਸਾਲ ਸਾਨੂੰ ਇਨਸਾਫ਼ ਦੀ ਜੰਗ ਜਿੱਤਣ ਨੂੰ ਲੱਗਣਗੇ। ਆਉ ਦੁਨੀਆਂ ਭਰ ਵਿਚ ਵਸਦੇ ਸਿੱਖੋ, ਇਕੱਠੇ ਹੋ ਕੇ ਇਕ ਲਹਿਰ ਖੜੀ ਕਰੀਏ ਤੇ ਦੁਨੀਆਂ ਭਰ ਵਿਚ ਇਹ ਦਸ ਦਈਏ ਕਿ ਸਿੱਖ ਕੌਮ ਨਾ ਹੀ ਪਹਿਲੇ ਘੱਲੂਘਾਰਿਆਂ ਨੂੰ ਭੁੱਲੀ ਹੈ ਅਤੇ ਨਾ ਹੀ ਆਜ਼ਾਦ ਕਹਾਉਣ ਵਾਲੇ ਭਾਰਤ ਦੇਸ਼ ਅੰਦਰ ਵਾਪਰੇ ਘੱਲੂਘਾਰਿਆਂ ਨੂੰ ਕਦੇ ਭੁੱਲੇਗੀ। ਇਨਸਾਫ਼ ਲਈ ਸਿੱਖ ਕੌਮ ਉਦੋਂ ਤਕ ਲੜਦੀ ਰਹੇਗੀ ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ। ਇਨਸਾਫ਼ ਲਈ ਪਹਿਲਾਂ ਵੀ ਅਸੀ ਲੜਦੇ ਆਏ ਹਾਂ ਅਤੇ ਆਖ਼ਰੀ ਸਾਹਾਂ ਤਕ ਲੜਦੇ ਰਹਾਂਗੇ।
(2 ਨਵੰਬਰ 2016, ਰੋਜ਼ਾਨਾ ਸਪੋਕਸਮੈਨ)