
ਇਤਿਹਾਸਿਕ ਗੁਰਦਵਾਰੇ ਦਮਦਮਾ ਸਾਹਿਬ ਦੀ ਸਰਾਂ 'ਚ ਰੰਗ-ਰਲੀਆਂ ਮਨਾਉਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤੇ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਮਾਮਲੇ ਵਿਚ.....
ਕੋਟਕਪੂਰਾ, 24 ਜੁਲਾਈ (ਗੁਰਿੰਦਰ ਸਿੰਘ): ਇਤਿਹਾਸਿਕ ਗੁਰਦਵਾਰੇ ਦਮਦਮਾ ਸਾਹਿਬ ਦੀ ਸਰਾਂ 'ਚ ਰੰਗ-ਰਲੀਆਂ ਮਨਾਉਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤੇ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਅਪਣਾ ਅਹੁਦਾ ਤਿਆਗ਼ ਦੇਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁਤਵਾਜ਼ੀ ਜਥੇਦਾਰਾਂ ਦੀ ਆਮਦ ਮੌਕੇ ਸਥਾਨਕ ਵਿਸ਼ਵਕਰਮਾ ਧਰਮਸ਼ਾਲਾ 'ਚ ਭਾਈ ਧਿਆਨ ਸਿੰਘ ਮੰਡ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ।
ਜ਼ਿਲ੍ਹੇ ਦੇ ਗ੍ਰੰਥੀਆਂ ਤੇ ਪਾਠੀ ਸਿੰਘਾਂ ਨਾਲ ਰੱਖੀ ਮਿਲਨੀ ਦੌਰਾਨ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਬੇਅਦਬੀ ਕਾਂਡ ਨਾਲ ਸਬੰਧਤ ਦੋਸ਼ੀਆਂ ਨੂੰ ਫੜਨ ਦੀ ਬਜਾਇ ਫ਼ਰਜ਼ੀ ਕਮਿਸ਼ਨ ਬਣਾ ਕੇ ਅਤੇ ਸਿੱਖ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਡੰਗ ਹੀ ਨਾ ਸਾਰਿਆ ਬਲਕਿ ਡੰਡੇ ਨਾਲ ਰਾਜ ਕੀਤਾ ਪਰ ਨਵੀਂ ਹੋਂਦ 'ਚ ਆਈ ਕੈਪਟਨ ਸਰਕਾਰ ਵੀ ਬੇਅਦਬੀ ਦੀਆਂ ਘਟਨਾਵਾਂ ਰੋਕਣ 'ਚ ਅਸਫ਼ਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਰੋਕਣ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਵੀਂ ਸਰਕਾਰ ਵੀ ਅਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ। ਮੀਟਿੰਗ ਵਿਚ ਕਈ ਗ੍ਰੰਥੀਆਂ ਤੇ ਪਾਠੀਆਂ ਨੇ ਖ਼ਰੀਆਂ-ਖ਼ਰੀਆਂ ਸੁਣਾਈਆਂ, ਕਈਆਂ ਨੇ ਨਸੀਹਤਾਂ ਦਿਤੀਆਂ ਤੇ ਕਈਆਂ ਨੇ ਵਿਲੱਖਣ ਤੇ ਉਸਾਰੂ ਸੁਝਾਅ ਵੀ ਦਿਤੇ।