
ਨੇੜਲੇ ਪਿੰਡ ਮਰੋੜੀ ਵਿਖੇ ਡੇਰਾ ਸਿਰਸਾ ਪ੍ਰੇਮੀਆਂ ਵਲੋਂ ਸਰਕਾਰੀ ਸਕੂਲ ਵਿਚ ਨਾਮ ਚਰਚਾ ਕਰਵਾਉਣ ਨੂੰ ਲੈ ਕੇ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਝੜਪ ਹੋ ਗਈ।
ਪਟਿਆਲਾ/ਸਮਾਣਾ 23 ਜੁਲਾਈ (ਰਣਜੀਤ ਰਾਣਾ ਰੱਖੜਾ, ਦਲਜਿੰਦਰ ਪੱਪੀ) : ਨੇੜਲੇ ਪਿੰਡ ਮਰੋੜੀ ਵਿਖੇ ਡੇਰਾ ਸਿਰਸਾ ਪ੍ਰੇਮੀਆਂ ਵਲੋਂ ਸਰਕਾਰੀ ਸਕੂਲ ਵਿਚ ਨਾਮ ਚਰਚਾ ਕਰਵਾਉਣ ਨੂੰ ਲੈ ਕੇ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਝੜਪ ਹੋ ਗਈ। ਦੋਹਾਂ ਧਿਰਾਂ ਦੇ ਕੁੱਝ ਵਿਅਕਤੀ ਆਪਸ ਵਿਚ ਭਿੜ ਗਏ ਜਿਸ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਪ੍ਰੇਮੀਆਂ ਦੀ ਬਲਾਕ ਮਵੀ ਕਲਾ ਜ਼ੋਨ ਵਲੋਂ ਪਿੰਡ ਮਰੋੜੀ ਦੇ ਸਰਕਾਰੀ ਸਕੂਲ ਵਿਖੇ ਨਾਮ ਚਰਚਾ ਕਰਵਾਈ ਜਾ ਰਹੀ ਸੀ ਜਿਥੇ ਮੌਕੇ 'ਤੇ ਪਹੁੰਚੇ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪ੍ਰੇਮੀਆਂ ਵਿਰੁਧ ਨਾਹਰੇਬਾਜ਼ੀ ਕਰਨ ਸਮੇਂ ਆਪਸੀ ਟਕਰਾਅ ਹੋ ਗਿਆ ਜਿਥੇ ਪ੍ਰੇਮੀਆਂ ਨੂੰ ਨਾਮ ਚਰਚਾ ਅੱਧ ਵਿਚਕਾਰ ਹੀ ਬੰਦ ਕਰਨੀ ਪਈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਚੌਕੀ ਮਵੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਣਾਅਭਰੀ ਸਥਿਤੀ 'ਤੇ ਕਾਬੂ ਪਾਇਆ ਅਤੇ 6 ਸਿੱਖ ਆਗੂਆਂ ਸਣੇ 15 ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੇਮੀਆਂ ਵਲੋਂ ਭੰਗੀ ਦਾਸ, ਬਲਬੀਰ ਸਿੰਘ ਇੰਸਾਂ ਨੇ ਪੁਲਿਸ ਨੂੰ ਦਸਿਆ ਕਿ ਨਾਮ ਚਰਚਾ ਨੂੰ ਕਰਵਾਉਣ ਲਈ ਪਿੰਡ ਦੇ ਸਰਪੰਚ ਕੋਲੋਂ ਮਨਜ਼ੂਰੀ ਲਈ ਗਈ ਸੀ ਅਤੇ ਪੁਲਿਸ ਚੌਕੀ ਮਵੀ ਕਲਾਂ ਨੂੰ ਵੀ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਆਗੂ ਹਥਿਆਰਾਂ ਨਾਲ ਲੈਸ ਹੋ ਕੇ ਨਾਮ ਚਰਚਾ ਨੂੰ ਜਬਰੀ ਰੁਕਵਾਉਣ ਲਈ ਪੁੱਜੇ ਜਿਥੇ ਉਨ੍ਹਾਂ ਮਾਰੂ ਹਥਿਆਰਾਂ ਅਤੇ ਤਲਵਾਰਾਂ ਨੂੰ ਲਹਿਰਾਉਂਦੇ ਹੋਏ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ। ਪ੍ਰੇਮੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਮਾਹੌਲ ਖ਼ਰਾਬ ਕਰਨ ਵਾਲੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਜਾਵੇ।
ਸਿੱਖ ਸੰਗਠਨ ਦੇ ਆਗੂ ਅਮਰਜੀਤ ਸਿੰਘ ਮਰੋੜੀ ਨੇ ਕਿਹਾ ਕਿ ਸਮੁੱਚੇ ਪ੍ਰੇਮੀਆਂ ਨੂੰ ਨਾਮ ਚਰਚਾ ਨਾ ਕਰਨ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਪਰ ਇਹ ਵਿਅਕਤੀ ਸਰਕਾਰੀ ਸਕੂਲ ਵਿਖੇ ਧੱਕੇ ਨਾਲ ਨਾਮ ਚਰਚਾ ਕਰਵਾ ਰਹੇ ਸਨ। ਮਰੋੜੀ ਨੇ ਕਿਹਾ ਕਿ ਅਕਾਲ ਤਖ਼ਤ ਦੀਆਂ ਹਦਾਇਤਾਂ ਮੁਤਾਬਕ ਡੇਰਾ ਸਿਰਸਾ ਪ੍ਰੇਮੀਆਂ ਨੂੰ ਨਾਮ ਚਰਚਾ ਨਾ ਕਰਨ ਲਈ ਪਹਿਲਾਂ ਤੋਂ ਹੀ ਵਰਜਿਤ ਕੀਤਾ ਗਿਆ ਸੀ ਪਰ ਫਿਰ ਵੀ ਇਹ ਧੱਕੇਸ਼ਾਹੀ ਨਾਲ ਨਾਮ ਚਰਚਾ ਕਰਵਾ ਰਹੇ ਸਨ। ਸੰਤ ਭਿੰਡਰਾਂਵਾਲਾ ਐਕਸ਼ਨ ਕਮੇਟੀ ਦੇ ਜਥੇਦਾਰ ਬਗੀਚਾ ਸਿੰਘ ਵੜੈਚ ਨੇ ਕਿਹਾ ਕਿ ਜਦ ਸਾਨੂੰ ਭਾਈ ਅਮਰਜੀਤ ਸਿੰਘ ਮਰੋੜੀ ਦੇ ਜ਼ਖ਼ਮੀ ਹੋਣ ਸਬੰਧੀ ਸੂਚਨਾ ਮਿਲੀ ਤਾਂ ਉਹ ਪਤਾ ਲੈਣ ਲਈ ਜਾ ਰਹੇ ਸਨ ਕਿ ਵੱਖ-ਵੱਖ ਗੱਡੀਆਂ ਵਿਚ ਸਵਾਰ ਡੇਰਾ ਪ੍ਰੇਮੀਆਂ ਨੇ ਉਸ ਦਾ ਪਿੱਛਾ ਕਰਦੇ ਹੋਏ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲਿਸ ਥਾਣੇ ਘੱਗਾ ਅੰਦਰ ਚਲੇ ਗਏ ਜਿਥੇ ਪੁਲਿਸ ਵਲੋਂ ਸਾਨੂੰ ਜਬਰੀ ਤੌਰ 'ਤੇ ਬਿਠਾਇਆ ਗਿਆ।