
ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਾਲ 2017 ਨੂੰ ਸਮਰਪਤ 'ਭਾਈ ਮਨੀ ਸਿੰਘ ਗੁਰਮਤਿ ਸੋਧ ਅਤੇ ਅਧਿਐਨ ਸੰਸਥਾਨ ਟਰੱਸਟ' ਦਾ ਉਦਘਾਟਨ ਅਤੇ.....
ਨਵੀਂ ਦਿੱਲੀ, 24 ਜੁਲਾਈ: ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਾਲ 2017 ਨੂੰ ਸਮਰਪਤ 'ਭਾਈ ਮਨੀ ਸਿੰਘ ਗੁਰਮਤਿ ਸੋਧ ਅਤੇ ਅਧਿਐਨ ਸੰਸਥਾਨ ਟਰੱਸਟ' ਦਾ ਉਦਘਾਟਨ ਅਤੇ ਭਾਈ ਮਨੀ ਸਿੰਘ ਜੀ ਦੇ ਬੁਤ ਤੋਂ ਘੁੰਡ ਚੁਕਾਈ ਕਰਦਿਆਂ ਮੁੱਖ ਮਹਿਮਾਨ ਨਵੀਨ ਕਪੂਰ ਨੇ ਕਿਹਾ ਕਿ ਸ਼ਹੀਦਾਂ ਦੇ ਸਰਤਾਜ ਭਾਈ ਮਨੀ ਸਿੰਘ ਵਰਗੇ ਯੋਧੇ ਤਿਆਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ 'ਚਿੜੀਓਂ ਸੇ ਬਾਜ ਲੜਾਊਂ' ਵਰਗੀਆਂ ਪੰਕਤੀਆਂ ਨੂੰ ਸੱਚ ਕੀਤਾ। ਜਦ ਮਨੀ ਸਿੰਘ ਜੀ ਨੂੰ ਬੰਦੀ ਬਣਾ ਕੇ ਸਜ਼ਾ ਦੇ ਰੂਪ ਵਿਚ ਬੰਦ-ਬੰਦ ਕਟਵਾਉਣ ਦਾ ਆਦੇਸ਼ ਦਿਤਾ ਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਜੱਲਾਦ ਨੂੰ ਕਿਹਾ ਕਿ ਤੁਹਾਨੂੰ ਅੰਗ-ਅੰਗ ਨਹੀਂ, ਬੰਦ-ਬੰਦ ਕੱਟਣ ਦਾ ਆਦੇਸ਼ ਮਿਲਿਆ ਹੈ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਆਰਐਸਐਸ ਦੇ ਕੁਲਭੂਸ਼ਣ ਆਹੂਜਾ ਅਤੇ ਸਕੱਤਰ ਸ੍ਰੀ ਭਦਰੀ ਭਗਤ ਝੰਡੇਵਾਲਾ ਟੈਂਪਲ ਸੁਸਾਇਟੀ ਨੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਦੇਸ਼ ਦੇ ਇਤਿਹਾਸ ਦਾ ਚਾਨਣ ਮੁਨਾਰਾ ਦਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਦ ਚਿੰਨ੍ਹਾਂ 'ਤੇ ਚਲ ਕੇ ਅੱਜ ਵੀ ਦੇਸ਼ ਵਿਸ਼ਵ ਗੁਰੂ ਬਣ ਸਕਦਾ ਹੈ। ਕੇਂਦਰੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ. ਕੁਲਦੀਪ ਸਿੰਘ ਅਗਨੀਹੋਤਰੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਰਤ ਦਾ ਮਸੀਹਾ ਦਸਦੇ ਹੋਏ ਕਿਹਾ ਕਿ ਉਨ੍ਹਾਂ ਭਾਈ ਮਨੀ ਸਿੰਘ ਵਰਗੇ ਯੋਧਿਆਂ ਦਾ ਨਿਰਮਾਣ ਕਰ ਕੇ ਮੁਗਲ ਸਾਮਰਾਜ ਨੂੰ ਖ਼ਤਮ ਕਰ ਕੇ ਖ਼ਾਲਸਾ ਰਾਜ ਦੀ ਸਥਾਪਨਾ ਕਰ ਕੇ ਵਿਖਾਈ। ਇਸ ਸਮਾਗਮ ਵਿਚ ਰਾਸ਼ਟਰੀ ਸਿੱਖ ਸੰਗਤ ਦੇ ਅਧਿਕਾਰੀ ਮਧੁਭਾਈ ਕੁਲਕਰਨੀ, ਸ. ਚਿਰੰਜੀਵ ਸਿੰਘ, ਸ. ਗੁਰਚਰਨ ਸਿੰਘ ਗਿੱਲ, ਅਵਿਨਾਸ਼ ਜਾਇਸਵਾਲ, ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਸੰਗਤ ਨੂੰ ਸੰਬੋਧਨ ਕੀਤਾ।
ਮੁੱਖ ਮਹਿਮਾਨਾਂ ਨੂੰ ਸਿਰੋਪਾਉ, ਸਾਹਿਤ ਆਦਿ ਨਾਲ ਸਨਮਾਨਤ ਕੀਤਾ ਗਿਆ।