
ਅਜਿਹੇ ਵਿਵਾਦਾਂ 'ਤੇ ਸਿਆਸੀ ਰੋਟੀਆਂ ਸੇਕਣੀਆਂ ਚਿੰਤਾਜਨਕ
ਕੋਟਕਪੂਰਾ, 3 ਮਈ (ਗੁਰਿੰਦਰ ਸਿੰਘ): 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਪੁਸਤਕ 'ਚੋਂ ਗੁਰਇਤਿਹਾਸ ਨੂੰ ਗ਼ਾਇਬ ਕਰਨਾ, ਸਿੱਖ ਇਤਿਹਾਸ ਦੇ ਪੰਨ੍ਹੇ ਘਟਾਉਣਾ ਅਤੇ ਮਿਥਿਹਾਸ ਨੂੰ ਸ਼ਾਮਲ ਕਰ ਕੇ ਭੰਬਲਭੂਸਾ ਖੜਾ ਕਰਨ ਦਾ ਵਿਵਾਦ ਪਿਛਲੇ ਕੁੱਝ ਦਿਨਾਂ ਤੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦਾ ਆ ਰਿਹਾ ਹੈ। ਭਾਵੇਂ ਅਜਿਹੇ ਵਿਵਾਦ ਪਹਿਲਾਂ ਵੀ ਉਠਦੇ ਰਹੇ ਹਨ। ਸਮਾਂ ਪਾ ਕੇ ਬੇਸ਼ਕ ਅਜਿਹੇ ਵਿਵਾਦ ਠੰਢੇ ਪੈ ਜਾਂਦੇ ਹਨ ਤੇ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਬਿਨਾਂ ਹੀ ਖ਼ਤਮ ਹੋ ਜਾਂਦੇ ਹਨ ਪਰ ਪੰਜਾਬ ਵਿਰੋਧੀ, ਸਮਾਜ ਵਿਰੋਧੀ, ਸਿੱਖ ਵਿਰੋਧੀ ਜਾਂ ਪੰਥ ਵਿਰੋਧੀ ਤਾਕਤਾਂ ਅਪਣੀਆਂ ਸਾਜ਼ਸ਼ਾਂ ਤੇ ਕੌਝੀਆਂ ਹਰਕਤਾਂ ਨੂੰ ਬਰਕਰਾਰ ਰਖਦੀਆਂ ਹਨ। ਸਿੱਖ ਕੌਮ ਜਾਂ ਪੰਥ ਦੇ ਪਹਿਰੇਦਾਰ ਅਖਵਾਉਣ ਵਾਲੇ ਲੋਕ ਵੀ ਅਜਿਹੇ ਵਿਵਾਦਾਂ ਤੋਂ ਸਿਆਸੀ ਰੋਟੀਆਂ ਸੇਕਣ ਤੋਂ ਅੱਗੇ ਨਹੀਂ ਵਧਦੇ ਅਰਥਾਤ ਜੇ ਉਨ੍ਹਾਂ ਦੀ ਭਾਈਵਾਲ ਪਾਰਟੀ ਕੋਈ ਵੀ ਪੰਥ ਵਿਰੋਧੀ ਜਾਂ ਪੰਜਾਬ ਵਿਰੋਧੀ ਫ਼ੈਸਲਾ ਕਰੇ ਤਾਂ ਚੁੱਪ ਵੱਟ ਲੋ ਤੇ ਜੇ ਵਿਰੋਧੀ ਪਾਰਟੀ ਕੋਈ ਅਜਿਹੀ ਹਰਕਤ ਕਰੇ ਤਾਂ ਰੌਲਾ ਪਾ ਦਿਉ। ਭਾਵੇਂ ਇਹ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ ਪਰ ਸਿੱਖ ਕੌਮ ਅਤੇ ਪੰਥ ਲਈ ਇਹ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ 'ਤੇ ਲੀਕ ਫੇਰਨ ਦੀਆਂ ਸਾਜ਼ਸ਼ਾਂ ਜਾਰੀ ਹਨ। ਹੁਣ ਰਾਜਨੀਤਕ ਵਿਸ਼ਲੇਸ਼ਕ ਅਤੇ ਪੰਥਕ ਵਿਦਵਾਨ ਇਸ ਗੱਲੋਂ ਸ਼ਸ਼ੋਪੰਜ 'ਚ ਹਨ ਕਿ ਉਕਤ ਵਿਵਾਦ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ 28 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਤਕ ਹੀ ਚਲੇਗਾ ਕਿ ਉਸ ਤੋਂ ਬਾਅਦ ਵੀ ਜਾਰੀ ਰਹੇਗਾ? ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਵਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਇਆ ਗਿਆ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਉਕਤ ਰੀਪੋਰਟ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਨੇੜੇ ਜਨਤਕ ਕਰੇਗਾ ਤੇ ਕਾਂਗਰਸ ਉਸ ਦਾ ਫ਼ਾਇਦਾ ਲੈਣ ਦੀ ਤਾਕ 'ਚ ਹੈ। ਰਾਜਨੀਤਕ ਮਾਹਰਾਂ ਅਨੁਸਾਰ ਬਾਦਲ ਪਰਵਾਰ 11ਵੀਂ ਅਤੇ 12ਵੀਂ ਜਮਾਤ ਵਾਲੀ ਪੁਸਤਕ ਦੇ ਵਿਵਾਦ ਨੂੰ ਇਕ ਢਾਲ ਦੇ ਤੌਰ 'ਤੇ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।ਭਾਵਂ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਸਮੇਤ ਹੋਰ ਪੰਥਦਰਦੀਆਂ ਵਲੋਂ ਉਕਤ ਪੁਸਤਕਾਂ 'ਚੋਂ ਗੁਰਇਤਿਹਾਸ ਨੂੰ ਗ਼ਾਇਬ ਕਰਨ ਦੇ ਮਾਮਲੇ 'ਚ ਪਾਇਆ ਜਾ ਰਿਹਾ ਰੌਲਾ ਜਾਇਜ਼ ਅਤੇ ਵਾਜਬ ਹੈ ਪਰ ਅਜਿਹੇ ਵਿਵਾਦ 'ਤੇ ਸਿਆਸੀ ਰੋਟੀਆਂ ਸੇਕਣ ਦਾ ਮਕਸਦ ਦੁਖਦਾਇਕ ਜਾਂ ਅਫ਼ਸੋਸਨਾਕ ਹੀ ਨਹੀਂ ਬਲਕਿ ਸ਼ਰਮਨਾਕ ਅਤੇ ਚਿੰਤਾਜਨਕ ਵੀ ਹੈ। ਜੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਦਸ ਸਾਲਾ ਕਾਰਜਕਾਲ ਦੌਰਾਨ ਅੰੰਮ੍ਰਿਤਸਰ ਬੱਸ ਅੱਡੇ ਦਾ ਨਾਂ ਗੁਰੂ ਰਾਮਦਾਸ ਤੋਂ ਬਦਲ ਕੇ ਮਦਨ ਲਾਲ ਢੀਂਗਰਾ ਰੱਖਣ, ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ਚੇਅਰ ਭਗਤ ਰਵੀਦਾਸ ਅਤੇ ਨਾਮਧਾਰੀ ਰਾਮ ਸਿੰਘ ਦੇ ਨਾਂ 'ਤੇ ਸਥਾਪਤ ਕਰ ਕੇ ਉਨ੍ਹਾਂ ਮੂਹਰੇ ਸਤਿਗੁਰੂ ਸ਼ਬਦ ਲਿਖਣ, ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਵਿਦਿਆਰਥੀਆਂ ਦੇ ਵਿਰੋਧ ਦੇ ਬਾਵਜੂਦ ਪਰਸ਼ੂਰਾਮ ਚੇਅਰ ਦੀ ਸਥਾਪਨਾ, ਚੰਡੀਗੜ੍ਹ ਤੋਂ ਅੰਮ੍ਰਿਤਸਰ ਤਕ ਸਤਿਗੁਰੂ ਰਾਮ ਸਿੰਘ ਮਾਰਗ, ਲੁਧਿਆਣੇ ਤੋਂ ਫ਼ਿਰੋਜ਼ਪੁਰ ਤਕ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਮਾਰਗ, ਮੋਗੇ ਤੋਂ ਲੈ ਕੇ ਤਰਨਤਾਰਨ ਤਕ ਸੰਤ ਬਾਬਾ ਈਸ਼ਰ ਸਿੰਘ ਮਾਰਗ ਤੋਂ ਇਲਾਵਾ ਥਾਂ-ਥਾਂ 'ਤੇ ਸਕੂਲਾਂ/ਕਾਲਜਾਂ ਅਤੇ ਯੂਨੀਵਰਸਟੀਆਂ ਦਾ ਨਾਂ ਅਜਿਹੇ ਸੰਤ ਬਾਬਿਆਂ ਦੇ ਨਾਂਅ 'ਤੇ ਰੱਖਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਬਾਦਲ ਪਿਉ-ਪੁੱਤ ਦੀ ਅਗਵਾਈ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਦੀ ਹੈਰਾਨੀ ਭਰੀ ਚੁੱਪ ਜਾਰੀ ਰਹੀ ਤੇ ਬਾਦਲ ਪਰਵਾਰ ਨਾਲ ਨੇੜਤਾ ਰੱਖਣ ਵਾਲੀਆਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਵੀ ਮੂੰਹ ਖੋਲ੍ਹਣ ਦੀ ਜ਼ਰੂਰਤ ਨਾ ਸਮਝੀ। ਉਕਤ ਉਦਾਹਰਨਾਂ ਤੋਂ ਇਲਾਵਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਕਿਤਾਬਾਂ 'ਚ ਗ਼ਲਤ ਇਤਿਹਾਸ ਪੜ੍ਹਾਉਣ ਦੇ 'ਰੋਜ਼ਾਨਾ' ਸਪੋਕਸਮੈਨ ਨੇ ਸਮੇਂ ਸਮੇਂ ਪ੍ਰਗਟਾਵੇ ਕੀਤੇ, ਉਨ੍ਹਾਂ ਦਾ ਸੰਕੇਤ ਮਾਤਰ ਅਤੇ ਸੰਖੇਪ 'ਚ ਵਰਨਣ ਇਸ ਤਰ੍ਹਾਂ ਹੈ।
book's controversy
'ਰੋਜ਼ਾਨਾ ਸਪੋਕਸਮੈਨ' ਨੇ ਚੁੱਪ ਚਪੀਤੇ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਣ ਸਬੰਧੀ ਪ੍ਰਗਟਾਵਾ ਕੀਤਾ ਤਾਂ ਪੈਦਾ ਹੋਏ ਵਿਵਾਦ ਅਤੇ ਰੋਸ ਤੋਂ ਬਾਅਦ ਮੈਨੇਜਮੈਂਟ ਨੇ ਉਕਤ ਫ਼ੈਸਲਾ ਵਾਪਸ ਲੈਣ ਦਾ ਜਨਤਕ ਤੌਰ 'ਤੇ ਐਲਾਨ ਕਰ ਦਿਤਾ ਪਰ ਪਿਛਲੇ ਦਿਨੀਂ ਜਦ 25 ਅਪ੍ਰੈਲ ਨੂੰ ਕਰਵਾਏ ਗਏ ਸਮਾਗਮ ਲਈ ਲਾਏ ਬੈਨਰਾਂ ਉਪਰ 'ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਟੀ ਆਫ਼ ਦਿੱਲੀ' ਲਿਖੇ ਵਾਲੀਆਂ ਵੀਡੀਉ ਤੇ ਹੋਰ ਪੋਸਟਾਂ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈਆਂ ਤਾਂ ਪਤਾ ਲੱਗਾ ਕਿ ਅੰਦਰਖ਼ਾਤੇ ਅਜੇ ਵੀ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀਆਂ ਸਾਜ਼ਸ਼ਾਂ ਅਤੇ ਕੋਸ਼ਿਸ਼ਾਂ ਜਾਰੀ ਹਨ। 'ਰੋਜ਼ਾਨਾ ਸਪੋਕਸਮੈਨ' ਨੇ ਸਮੇਂ-ਸਮੇਂ ਬਾਦਲ ਪਰਵਾਰ, ਉਸ ਦੀ ਭਾਈਵਾਲ ਪਾਰਟੀ ਅਤੇ ਹੋਰ ਦੁਸ਼ਮਣ ਤਾਕਤਾਂ ਵਲੋਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ 'ਤੇ ਕੀਤੇ ਜਾਣ ਵਾਲੇ ਹਮਲਿਆਂ ਬਾਰੇ ਪਾਠਕਾਂ ਅਤੇ ਸੰਗਤ ਨੂੰ ਹਮੇਸ਼ਾ ਜਾਣੂ ਕਰਵਾਇਆ, ਜਿਵੇਂ ਕਿ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਆਰਐਸਐਸ ਨੇ ਦਰਬਾਰ ਸਾਹਿਬ ਦੀ ਤਰਜ 'ਤੇ ਨਾਸਿਕ 'ਮਹਾਂਰਾਸ਼ਟਰ ਵਿਖੇ ਗੁਰਦਵਾਰਾ ਬਣਾ ਕੇ ਗਣੇਸ਼ ਦੀਆਂ ਮੂਰਤੀਆਂ ਕੀਤੀਆਂ ਸਥਾਪਿਤ, ਗੁਰੂ ਹਰਿ ਕ੍ਰਿਸ਼ਨ ਸਾਹਿਬ ਬਾਰੇ ਐਮ ਬੀ ਡੀ ਦੀ ਸਕੂਲੀ ਪੁਸਤਕ ਵਿੱਚ ਕੂੜ ਪ੍ਰਚਾਰ, ਦਿੱਲੀ ਦੇ ਸਕੂਲਾਂ 'ਚ ਪੰਜਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਹਿੰਦੀ ਦੀ ਕਿਤਾਬ 'ਉਡਾਨ' ਵਿਚ ਸਿੱਖ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਕਿ ਔਰੰਗਜ਼ੇਬ ਹਿੰਦੂਆਂ ਦਾ ਨਹੀਂ ਸਿੱਖਾਂ ਦਾ ਧਰਮ ਪਰਿਵਰਤਨ ਕਰਾਉਣਾ ਚਾਹੁੰਦਾ ਸੀ ਜਿਸ ਕਰ ਕੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿਤੀ। ਭਾਜਪਾ ਦੇ ਸਕੂਲਾਂ 'ਚ ਵੇਦਾਂ ਅਤੇ ਉਪਨਿਸ਼ਦਾਂ ਦੀ ਪੜ੍ਹਾਈ ਕਰਾਉਣ ਦੇ ਫ਼ੈਸਲੇ ਦਾ ਵਿਰੋਧ, ਸਿੱਖ ਸ਼ਹੀਦ ਵੀਰ ਹਕੀਕਤ ਰਾਇ ਨੂੰ ਹਿੰਦੂ ਦਰਸਾਉਣ ਦੀ ਕੌਝੀ ਹਰਕਤ, ਆਰਐਸਐਸ ਨੇ ਸ਼ਹੀਦ ਭਾਈ ਜੀਵਨ ਸਿੰਘ ਨੂੰ ਹਿੰਦੂ ਪ੍ਰਚਾਰਨਾ ਕੀਤਾ ਸ਼ੁਰੂ, ਆਰਐਸਐਸ ਦੇ ਹਿੰਦੀ ਕਿਤਾਬਚੇ 'ਚ ਬਾਬੇ ਨਾਨਕ ਨੂੰ ਕੁਸ਼ ਅਤੇ ਗੁਰੂ ਗੋਬਿੰਦ ਸਿੰਘ ਨੂੰ ਲਵ ਦੀ ਵੰਸ਼ 'ਚੋਂ ਦਸਿਆ, ਆਰਐਸਐਸ ਦੇ ਰਸਾਲਿਆਂ 'ਚ ਭਾਈ ਮਤੀਦਾਸ ਨੂੰ ਸ੍ਰੀ ਗੁਰੂ ਰਵੀਦਾਸ ਲਿਖਿਆ, ਆਰਐਸਐਸ ਵਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਹਿੰਦੂ ਕਰਾਰ, ਬੰਦਾ ਸਿੰਘ ਬਹਾਦਰ ਨੂੰ ਆਰਐਸਐਸ ਦੇ ਰਸਾਲਿਆਂ 'ਚ ਲਿਖਿਆ ਜਾਂਦੈ ਵੀਰ ਬੰਦਾ ਬੈਰਾਗੀ। ਇਸ ਤਰਾਂ ਦੀਆਂ ਅਜੇ ਹਜ਼ਾਰਾਂ ਉਦਾਹਰਨਾਂ ਹੋਰ ਦਿਤੀਆਂ ਜਾ ਸਕਦੀਆਂ ਹਨ।ਜਿਵੇਂ ਕਿ ਭਾਸ਼ਾ ਵਿਭਾਗ ਦੀਆਂ ਪੁਸਤਕਾਂ 'ਚ ਸਿੱਖ ਗੁਰੂਆਂ ਬਾਰੇ ਇਤਰਾਜ਼ਯੋਗ ਟਿਪਣੀਆਂ, ਆਰਐਸਐਸ ਵਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਕੀਤਾ ਜਾਂਦੈ ਪੇਸ਼, ਗੁਰੂ ਗੋਬਿੰਦ ਸਿੰਘ ਜੀ ਨੂੰ ਗਊ ਰੱਖਿਅਕ ਲਿਖਦੇ ਹਨ ਆਰਐਸਐਸ ਦੇ ਰਸਾਲੇ, ਅਜਿਹੇ ਹੀ ਆਰਐਸਐਸ ਦੇ ਇਕ ਰਸਾਲੇ ਯੁੱਗ ਬੋਧ 'ਚ ਲੱਗਾ ਲੇਖ ਕਿ ਹਿੰਦੂ ਹੀ ਸਨ 'ਪੰਜ ਪਿਆਰੇ', ਇਸੇ ਰਸਾਲੇ 'ਚ ਗੁਰੂ ਨਾਨਕ ਦੇਵ ਜੀ ਨੂੰ ਲਿਖਿਆ ਰਾਸ਼ਟਰਵਾਦੀ ਸੰਤ, ਗੁਰਦਵਾਰਿਆਂ 'ਚ ਹਵਨ ਅਤੇ ਮੰਦਰਾਂ 'ਚ ਪਾਠ ਕਰਾਉਣ ਸਬੰਧੀ ਰਾਸ਼ਟਰੀ ਸਿੱਖ ਸੰਗਤ ਦੀਆਂ ਕੌਸ਼ਿਸ਼ਾਂ। ਬਾਦਲ ਪਰਵਾਰ ਦੇ ਭਾਈਵਾਲਾਂ ਵਲੋਂ ਸਿੱਖ ਕੌਮ ਨੂੰ ਸਮੇਂ ਸਮੇਂ ਦਿਤੀਆਂ ਜਾਣ ਵਾਲੀਆਂ ਚੁਨੌਤੀਆਂ ਦੇ ਸਬੂਤ 'ਰੋਜ਼ਾਨਾ ਸਪੋਕਸਮੈਨ' ਕੋਲ ਮਹਿਫ਼ੂਜ਼ ਪਏ ਹਨ। ਜੇ ਬਾਦਲ ਪਰਵਾਰ ਤੇ ਉਸ ਦੀ ਅਗਵਾਈ ਕਬੂਲ ਚੁਕੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਦਿਲੋਂ ਪੰਥ ਦਾ ਭਲਾ ਚਾਹੁੰਦੀਆਂ ਹਨ ਤਾਂ 11ਵੀਂ ਅਤੇ 12ਵੀਂ ਦੀ ਪੁਸਤਕ ਦੇ ਵਿਵਾਦ ਤੋਂ ਬਿਨਾ ਉਪਰੋਕਤ ਦਰਸਾਈਆਂ ਚੁਣੌਤੀਆਂ ਬਾਰੇ ਵੀ ਮੂੰਹ ਖੋਲ੍ਹਣ ਦੀ ਜੁਰਅੱਤ ਵਿਖਾਉਣ ਨਹੀਂ ਤਾਂ ਸੰਗਤ ਦਾ ਵਿਸ਼ਵਾਸ ਬਾਦਲ ਪਰਵਾਰ ਅਤੇ ਸਿੱਖ ਸ਼ਕਲਾਂ ਵਾਲੀਆਂ ਉਕਤ ਸ਼ਖ਼ਸੀਅਤਾਂ ਤੋਂ ਸਦਾ ਲਈ ਉਠ ਜਾਵੇਗਾ। ਇਹ ਹੁਣ ਭਵਿੱਖ ਦੇ ਗਰਭ 'ਚ ਹੈ ਕਿ ਕੀ ਉਕਤ ਵਿਵਾਦ ਸ਼ਾਹਕੋਟ ਦੀ 28 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਤਕ ਹੈ ਜਾਂ ਉਸ ਤੋਂ ਬਾਅਦ ਵੀ ਸਿੱਖੀ 'ਤੇ ਹਮਲੇ ਕਰਨ ਵਾਲੀਆਂ ਤਾਕਤਾਂ ਦਾ ਵਿਰੋਧ ਬਰਕਰਾਰ ਰਹੇਗਾ?