
ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਹਿਮ ਬੈਠਕ ’ਚ ਨਹੀਂ ਵਿਖਾਈ ਦਿਲਚਸਪੀ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਬੰਦੀ-ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦਾ ਇਜਲਾਸ ਫਿੱਕਾ ਰਿਹਾ ਜਿਸ ਵਿਚ ਮੈਂਬਰਾਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ ਜੋ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਨਾ-ਪਸੰਦ ਕਰ ਰਹੇ ਹਨ। ਪ੍ਰਾਪਤ ਜਾਨਕਾਰੀ ਮੁਤਾਬਕ ਪੌਣੇ ਦੋ ਸੌ ਮੈਂਬਰਾਂ ’ਚੋਂ ਕੇਵਲ 28 ਮੈਂਬਰ ਸੱਤਾਧਾਰੀਆਂ ਤੇ 16 ਵਿਰੋਧੀ ਧਿਰ ਹੀ ਸ਼ਾਮਲ ਹੋਏ। ਪ੍ਰਧਾਨਗੀ ਦੀ ਦਾਅਵੇਦਾਰ ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਹਿਮਾਇਤੀ ਗ਼ੈਰ-ਹਾਜ਼ਰ ਰਹੇ। ਇਸ ਮੌਕੇ ਵਿਰੋਧੀ ਧਿਰ ਦੇ ਮੈਂਬਰਾਂ ਸੱਤਾਧਾਰੀਆਂ ਵਿਰੁਧ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਚ ਅਦਾਲਤ ’ਚ ਕਾਨੂੰਨੀ ਲੜਾਈ ਗੰਭੀਰਤਾ ਨਾਲ ਲੜਨੀ ਚਾਹੀਦੀ ਹੈ।
ਸਟੇਜ ਤੋਂ ਵੀ ਕਿਹਾ ਗਿਆ ਕਿ ਮੈਂਬਰ ਬਹੁਤ ਘੱਟ ਆਏ ਹਨ। ਇਸ ਮੌਕੇ ਇਸਾਈ ਭਾਈਚਾਰੇ ਤੇ ਸਿੱਖਾਂ ਦਰਮਿਆਨ ਚਲ ਰਹੇ ਟਕਰਾਅ ਤੇ ਬੇਅਦਬੀਆਂ ਦਾ ਮਾਮਲਾ ਵੀ ਚੁਕਿਆ ਗਿਆ ਕਿ ਇਹ ਵੀ ਬੜੇ ਗੰਭੀਰ ਮਾਮਲੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਰੋਲ ਤੇ ਵੀ ਨੁਕਤਾਚੀਨੀ ਕੀਤੀ ਗਈ ਕਿ ਪੰਥਕ ਮਾਮਲੇ ਵਿਸਾਰੇ ਗਏ ਹਨ। ਸ਼੍ਰੋਮਣੀ ਕਮੇਟੀ ਨੂੰ ਵੀ ਪੰਥਕ ਮਾਮਲਿਆਂ ਵਲ ਧਿਆਨ ਦੇਣ ਲਈ ਜ਼ੋਰ ਦਿਤਾ ਗਿਆ।
SGPC
ਇਕ ਉਚ ਅਧਿਕਾਰੀ ਨੇ ਖਦਸ਼ਾ ਪ੍ਰਗਟਾਇਆ ਕਿ ਜੇਕਰ ਇਹੋ ਹਾਲ ਰਿਹਾ ਤਾਂ ਹਰਿਆਣਾ ਕਮੇਟੀ ਦਾ ਖੁਸਣਾ ਸਪਸ਼ੱਟ ਹੈ ਜਿਸ ਦੇ ਕੇਸ ਦਾ ਫ਼ੈਸਲਾ ਜਲਦੀ ਆਉਣ ਵਾਲਾ ਹੈ। ਵਿਰੋਧੀ ਧਿਰ ਦੇ ਨੇਤਾ ਮਿੱਠੂ ਸਿੰਘ ਮੁਤਾਬਕ ਸ਼੍ਰੋਮਣੀ ਕਮੇਟੀ ਬੇਅਦਬੀਆਂ ਤੇ ਪੰਥਕ ਮਾਮਲਿਆਂ ’ਤੇ ਚੁੱਪ ਰਹੀ ਹੈ। ਬਾਦਲਾਂ ਦਾ ਸਿਆਸੀ ਕੁੰਡਾ ਭਾਰੂ ਹੋਣ ਕਾਰਨ ਜਨਤਕ ਲਹਿਰ ਨਹੀਂ ਬਣ ਸਕੀ।
ਇਕ ਵੱਡੇ ਨੇਤਾ ਤੇ ਟੌਹੜਾ ਸਾਹਿਬ ਦੇ ਕਰੀਬੀ ਮੈਂਬਰ ਨੇ ਬਾਦਲਾਂ ਦੀਆਂ ਗ਼ਲਤੀਆਂ ਦਾ ਖ਼ਾਸ ਜ਼ਿਕਰ ਕੀਤਾ। ਅੱਜ ਦੀ ਬੈਠਕ ਵਿਚ ਬਠਿੰਡਾ ਤੋਂ ਕੋਈ ਨਹੀਂ ਆਇਆ। ਕੇਵਲ ਮਾਝਾ ਹੀ ਭਾਰੂ ਹਿਹਾ। ਬੀਬੀ ਜਗੀਰ ਦਾ ਧੜਾ ਤਾਂ ਬਿਲਕੁਲ ਹੀ ਨਹੀਂ ਆਇਆ। ਇਹ ਵੀ ਪਤਾ ਲਗਾ ਹੈ ਕਿ ਨਵੰਬਰ ਵਿਚ ਬਾਦਲਾਂ ਦਾ ਤਖ਼ਤਾ ਪਲਟ ਜਵੇਗਾ।