
ਸੁਲਤਾਨਪੁਰ ਲੋਧੀ ਵਿਖੇ ਸਥਾਪਤ ਹੈਲਪ ਡੈਸਕਾਂ ਤੋਂ ਮੁਫ਼ਤ ਮਿਲੇਗੀ ਸੂਚਨਾ ਪੁਸਤਕ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋ ਰਹੇ ਮਹਾਨ ਸਮਾਗਮਾਂ ਵਿਚ ਸ਼ਿਰਕਤ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਇਕ ਵਿਸ਼ੇਸ਼ 'ਸੂਚਨਾ ਪੁਸਤਕ' ਜਾਰੀ ਕੀਤੀ ਗਈ ਹੈ।
Sultanpur Lodhi Gurudwara
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵਲੋਂ ਤਿਆਰ ਕੀਤੀ ਇਸ ਸੂਚਨਾ ਪੁਸਤਕ ਨੂੰ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ 50 ਲੱਖ ਸੰਗਤ ਦੀ ਸਹਾਇਤਾ ਲਈ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ ਤਿਆਰ ਕੀਤਾ ਗਿਆ ਹੈ। 30 ਸਫਿਆਂ ਦੀ ਇਸ ਪੁਸਤਕ ਦੇ ਤਤਕਰੇ ਨੂੰ 11 ਭਾਗਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ ਰੇਖਾ, ਸੁਲਤਾਨਪੁਰ ਲੋਧੀ ਦੇ ਇਤਿਹਾਸ ਤੇ ਧਾਰਮਕ ਮਹੱਤਤਾ, ਸੁਲਤਾਨਪੁਰ ਲੋਧੀ ਨੂੰ ਸੜਕੀ, ਰੇਲ ਤੇ ਹਵਾਈ ਜ਼ਹਾਜ ਰਾਹੀਂ ਪਹੁੰਚਣ ਤੇ ਮਹੱਤਵਪੂਰਨ ਸ਼ਹਿਰਾਂ ਤੋਂ ਦੂਰੀ, ਦੇਖਣਯੋਗ ਸਥਾਨ, ਸ਼ਰਧਾਲੂਆਂ ਲਈ ਉਪਲਬਧ ਸਹੂਲਤਾਂ, ਮਹੱਤਵਪੂਰਨ ਪ੍ਰਸ਼ਾਸ਼ਨਿਕ ਸੰਪਰਕ ਨੰਬਰ, ਪੰਜਾਬ ਸਰਕਾਰ ਦੇ ਵਿਕਾਸ ਪ੍ਰਾਜੈਕਟਾਂ, ਸਮਾਗਮਾਂ ਦੌਰਾਨ ਕੀਤੇ ਤੇ ਨਾ ਕੀਤੇ ਜਾਣ ਕੰਮਾਂ ਤੇ ਸ਼ੋਸ਼ਲ ਮੀਡੀਆ ਦੇ ਲਿੰਕ ਦਿੱਤੇ ਗਏ ਹਨ।
Punjab govt issued booklet for foreign and local devotees
ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਸੁਲਤਾਨਪੁਰ ਲੋਧੀ ਪੁੱਜ ਰਹੀ ਹੈ, ਜਿਸਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ ਉੱਪਰ ਟੈਂਟ ਸਿਟੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੂਚਨਾ ਪ੍ਰਦਾਨ ਕਰਨ ਵੱਲ ਵੀ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਚਨਾ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਨ੍ਹਾਂ 70 ਪਿੰਡਾਂ/ਸ਼ਹਿਰਾਂ ਬਾਰੇ ਵੀ ਜਾਣਕਾਰੀ ਉਪਲਬਧ ਹੈ , ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ। ਇਸ ਤੋਂ ਇਲਾਵਾ ਸੰਗਤ ਲਈ ਟੈਂਟ ਸਿਟੀ ਵਿਚ ਠਹਿਰਣ ਦੇ ਪ੍ਰਬੰਧ, ਪਾਰਕਿੰਗ ਸਥਾਨ, ਸੰਗਤ ਲਈ ਸ਼ਟਲ ਸਹੂਲਤ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਹੈ।
Charanjit Singh Channi
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਣ ਸੰਭਾਲ ਦੇ ਸੁਨੇਹੇ ਦੇ ਅਨੁਕੂਲ ਸੰਗਤ ਨੂੰ ਵੇਂਈ ਨੂੰ ਪ੍ਰਦੂਸ਼ਿਤ ਨਾ ਕਰਨ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਵੀ ਸੂਚਨਾ ਪੁਸਤਕ ਵਿਚ ਵੇਰਵੇ ਦਰਜ ਕੀਤੇ ਗਏ ਹਨ। ਸੰਗਤ ਇਸ ਪੁਸਤਕ ਨੂੰ ਸੁਲਤਾਨਪੁਰ ਲੋਧੀ ਵਿਖੇ ਸਥਾਪਤ ਕੀਤੀਆਂ ਹੈਲਪ ਡੈਸਕਾਂ ਤੋਂ ਮੁਫ਼ਤ ਪ੍ਰਾਪਤ ਕਰ ਸਕੇਗੀ।