
ਭਾਵੇਂ ਕੈਪਟਨ ਸਰਕਾਰ ਵਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦਾ ਗਠਨ ਕਰਨ ਨਾਲ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ..
ਕੋਟਕਪੂਰਾ, 20 ਜੁਲਾਈ (ਗੁਰਿੰਦਰ ਸਿੰਘ): ਭਾਵੇਂ ਕੈਪਟਨ ਸਰਕਾਰ ਵਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦਾ ਗਠਨ ਕਰਨ ਨਾਲ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ ਤੇ ਉਨ੍ਹਾਂ ਦੇ ਜਖ਼ਮਾਂ 'ਤੇ ਮੱਲਮ ਲਗਣੀ ਵੀ ਸੁਭਾਵਕ ਹੈ ਪਰ 14 ਅਕਤੂਬਰ 2015 ਨੂੰ ਅਪਣੇ ਪਿੰਡੇ 'ਤੇ ਹੰਢਾਏ ਪੁਲਸੀਆ ਅਤਿਆਚਾਰ ਨੂੰ ਯਾਦ ਕਰ ਕੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਅਤੇ ਹੋਰ ਪੀੜਤ ਪਰਵਾਰਾਂ ਨੂੰ ਇਕ ਵਾਰ ਫਿਰ ਜਖ਼ਮਾਂ ਅਤੇ ਦਰਦ ਦੀ ਪੀੜ ਜ਼ਰੂਰ ਮਹਿਸੂਸ ਹੋਵੇਗੀ।
ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦੇ ਰਜਿਸਟਰਾਰ ਵਲੋਂ 'ਰੋਜਾਨਾ ਸਪੋਕਸਮੈਨ' ਨੂੰ ਭੇਜੀ ਈ-ਮੇਲ ਰਾਹੀਂ 16 ਅਗਸਤ ਤੋਂ ਲੈ ਕੇ 18 ਅਗੱਸਤ ਤਕ ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਵਾਰਦਾਤ ਵਾਲੀਆਂ ਥਾਵਾਂ 'ਤੇ ਕਮਿਸ਼ਨ ਦੇ ਖ਼ੁਦ ਪਹੁੰਚਣ ਬਾਰੇ ਦਸਿਆ ਗਿਆ ਹੈ। ਰਣਜੀਤ ਸਿੰਘ ਨੇ ਦਸਿਆ ਕਿ ਹੁਣ ਤਕ 60 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬਿਆਨ ਕਲਮਬੰਦ ਕੀਤੇ ਹਨ, ਜੋ ਬੱਤੀਆਂ ਵਾਲਾ ਚੌਕ ਕੋਟਕਪੂਰਾ, ਪਿੰਡ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਘਟਨਾਕ੍ਰਮ ਮੌਕੇ ਮੌਜੂਦ ਸਨ। ਉਨ੍ਹਾਂ ਦਸਿਆ ਕਿ ਕਮਿਸ਼ਨ ਵਲੋਂ ਕੋਟਕਪੂਰਾ, ਬਹਿਬਲ, ਬੁਰਜ ਅਤੇ ਬਰਗਾੜੀ ਵਿਖੇ ਜਖ਼ਮੀ ਹੋਣ ਵਾਲੇ ਵਿਅਕਤੀਆਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਉਕਤ ਮਾਮਲੇ ਦੀ ਜਾਂਚ ਸੀਬੀਆਈ ਤੋਂ ਇਲਾਵਾ ਤਤਕਾਲੀਨ ਬਾਦਲ ਸਰਕਾਰ ਵਲੋਂ ਗਤਿ ਕੀਤੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਲੋਂ ਵੀ ਕੀਤੀ ਜਾ ਰਹੀ ਹੈ। ਜਸਟਿਸ ਰਣਜੀਤ ਸਿੰਘ ਨੇ ਉਕਤ ਘਟਨਾਵਾਂ ਬਾਰੇ ਜਾਣਕਾਰੀ ਦੇਣ ਲਈ ਕਮਿਸ਼ਨ ਨਾਲ ਰਾਬਤਾ ਕਰਨ ਅਤੇ ਅਪਣੇ ਬਿਆਨ ਦਰਜ ਕਰਾਉਣ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ 12, 13, 14 ਅਕਤੂਬਰ 2015 ਨੂੰ ਵਾਪਰੀਆਂ ਘਟਨਾਵਾਂ ਨੂੰ ਅਪਣੇ ਅੱਖੀ ਵੇਖਣ ਵਾਲੇ ਲੋਕ ਟਾਵਰ ਨੰ. 5, ਚੌਥੀ ਮੰਜ਼ਲ, ਫ਼ੋਰੈਸਟ ਕੰਪਲੈਕਸ, ਸੈਕਟਰ-68 ਐਸਏਐਸ ਨਗਰ ਮੋਹਾਲੀ ਵਿਖੇ ਅਪਣੇ ਬਿਆਨ ਦਰਜ ਕਰਵਾ ਸਕਦੇ ਹਨ ਤੇ ਜਾਂ 16, 17 ਤੇ 18 ਅਗੱਸਤ ਨੂੰ ਸਰਕਟ ਹਾਊਸ ਫ਼ਰੀਦਕੋਟ ਵਿਖੇ ਅਪਣੇ ਸਬੰਧਤ ਹਲਫ਼ਨਾਮੇ ਸਮੇਤ ਬਿਆਨ ਦਰਜ ਕਰਵਾਉਣ। ਜਾਂਚ ਕਮਿਸ਼ਨ ਨੇ ਅਪੀਲ ਕੀਤੀ ਕਿ ਜੇ ਉਕਤ ਘਟਨਾਵਾਂ ਨਾਲ ਸਬੰਧਤ ਕੋਈ ਵੀ ਖ਼ਬਰ, ਆਰਟੀਕਲ, ਵੀਸੀਡੀ, ਆਡੀਉ ਜਾਂ ਵੀਡੀਉ ਕਲਿੱਪ ਕਿਸੇ ਕੋਲ ਹੋਵੇ ਤਾਂ ਉਹ ਜਾਂਚ ਕਮਿਸ਼ਨ ਨੂੰ ਜ਼ਰੂਰ ਵਿਖਾਵੇ ਤਾਕਿ ਕਮਿਸ਼ਨ ਨੂੰ ਸੱਚਾਈ ਤਕ ਪਹੁੰਚਣ 'ਚ ਮਦਦ ਮਿਲ ਸਕੇ।