
ਦਮਦਮੀ ਟਕਸਾਲ ਤਾਲਮੇਲ ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਲਹਿਰ ਸਿਆਸੀ ਸਟੰਟ ਹੈ।
ਅੰਮ੍ਰਿਤਸਰ, 21 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਦਮਦਮੀ ਟਕਸਾਲ ਤਾਲਮੇਲ ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਲਹਿਰ ਸਿਆਸੀ ਸਟੰਟ ਹੈ।
ਉਨ੍ਹਾਂ ਕਿਹਾ ਕਿ ਇਸ ਲਹਿਰ 'ਤੇ ਕਾਫ਼ੀ ਪੈਸਾ ਖ਼ਰਚ ਹੋਵੇਗਾ ਪਰ ਨਤੀਜਾ ਜ਼ੀਰੋ ਸਾਹਮਣੇ ਆਵੇਗਾ। ਭਾਈ ਬੰਡਾਲਾ ਮੁਤਾਬਕ ਹੈੱਡ ਗ੍ਰੰਥੀ, ਕਥਾਵਾਚਕ ਤੇ ਰਾਗੀ-ਢਾਡੀ ਗੁਰਮਤਿ ਪ੍ਰਚਾਰ ਦੀ ਰੀੜ੍ਹ ਦੀ ਹੱਡੀ ਹਨ ਪਰ ਇਨ੍ਹਾਂ ਦੀ ਤਨਖ਼ਾਹ 5 ਹਜ਼ਾਰ ਤੋਂ 7 ਹਜ਼ਾਰ ਤਕ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਮੋਟੀਆਂ ਤਨਖ਼ਾਹਾਂ ਲੈ ਰਹੇ ਹਨ ਤੇ ਉਨ੍ਹਾਂ ਨੂੰ ਹੋਰ ਸਹੂਲਤਾਂ ਵੀ ਕਾਫ਼ੀ ਹਨ। ਭਾਈ ਬੰਡਾਲਾ ਮੰਗ ਕੀਤੀ ਕਿ ਗ੍ਰੰਥੀ ਤੇ ਪ੍ਰਚਾਰਕਾਂ ਨੂੰ ਵਧ ਤੋਂ ਵਧ ਸਹੂਲਤਾਂ ਮੁਹੱਈਆ ਕਰਨ ਤੋਂ ਇਲਾਵਾ ਉਨ੍ਹਾਂ ਦੀ ਤਨਖ਼ਾਹ 'ਚ ਵਾਧਾ ਕਰਨਾ ਜ਼ਰੂਰੀ ਹੈ ਤਾਕਿ ਉਹ ਆਰਥਕ ਤੌਰ 'ਤੇ ਮਜ਼ਬੂਤ ਹੋ ਕੇ ਗੁਰੂ ਘਰ ਦੀ ਸੇਵਾ ਨਿਡਰਤਾ ਨਾਲ ਕਰ ਸਕਣ। ਉਨ੍ਹਾਂ ਮੁਤਾਬਕ ਗ੍ਰੰਥੀ ਤੇ ਪ੍ਰਚਾਰਕਾਂ ਦੀ ਘੱਟ ਤਨਖ਼ਾਹ ਅਤੇ ਖ਼ਰਚੇ ਜ਼ਿਆਦਾ ਹੋਣ ਕਰ ਕੇ ਉਹ ਵਿਦੇਸ਼ਾਂ ਦਾ ਰਾਹ ਚੁਣ ਰਹੇ ਹਨ। ਜੇ ਉਨ੍ਹਾਂ ਨੂੰ ਇਥੇ ਹੀ ਚੰਗੀ ਤਨਖ਼ਾਹ ਤੇ ਸਹੂਲਤਾਂ ਮਿਲਣ ਤਾਂ ਉਹ ਅਪਣੇ ਮੁਲਕ ਵਿਚ ਹੀ ਸਿੱਖ ਧਰਮ ਦਾ ਪ੍ਰਚਾਰ ਸੁਚੱਜੇ ਢੰਗ ਨਾਲ ਕਰ ਸਕਦੇ ਹਨ। ਇਸ ਮੌਕੇ ਗਿ. ਗੁਰਕ੍ਰਿਪਾਲ ਸਿੰਘ, ਗਿ. ਮਲਕੀਤ ਸਿੰਘ, ਭÎਾਈ ਬਲਰਾਜ ਸਿੰਘ, ਭਾਈ ਗੁਰਪਾਲ ਸਿੰਘ, ਗਿ ਗੁਰਸਰਨ ਸਿੰਘ ਆਦਿ ਹਾਜ਼ਰ ਸਨ।