
ਨਿਸ਼ਾਨ ਸਿੰਘ ਨੇ ਨਿਜੀ ਰੂਪ ਵਿਚ ਪੇਸ਼ ਹੋ ਕੇ ਮਾਫ਼ੀ ਮੰਗੀ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਿਨ੍ਹਾਂ ਨੂੰ ਪਿਛਲੇ ਸਮੇਂ ਅਦਾਲਤ ਵਲੋਂ ਬਰੀ ਕਰ ਦਿਤਾ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਸਬੰਧੀ ਸਮੁੱੱਚੀਆਂ ਸਿੱਖ ਜਥੇਬੰਦੀਆਂ ਨੂੰ ਆਪਸੀ ਰੰਜਸ਼ਾਂ ਨੂੰ ਛੱਡ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰਾਂ 'ਤੇ ਦਬਾਅ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾ ਸਕੇ। ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1984 ਦੀ ਨਸਲਕੁਸ਼ੀ ਨਾ ਭੁਲਣਯੋਗ ਸਾਕਾ ਹੈ।
1984
ਉਨ੍ਹਾਂ ਕਿਹਾ ਕਿ ਇਹ ਵੀ ਨੋਟਿਸ ਵਿਚ ਆਇਆ ਹੈ ਕਿ ਭਾਰਤੀ ਸੁਰੱਖਿਆ ਦਸਤੇ ਵਿਚ ਭਰਤੀ ਹੋਣ ਲਈ ਜੋ ਇਲਾਕੇ ਦੇ ਹਿਸਾਬ ਨਾਲ ਕੱਦ ਵਿਚ ਛੋਟ ਦਿਤੀ ਗਈ ਹੈ ਉਸ ਸਬੰਧੀ ਹੁਸ਼ਿਆਰਪੁਰ ਮੁਕੇਰੀਆ ਦੇ ਲਾਗੇ ਪਹਾੜੀ ਖੇਤਰ ਵਾਲੇ ਸਿੱਖ ਬੱਚਿਆਂ ਨੂੰ ਇਹ ਸਰਟੀਫ਼ੀਕੇਟ ਨਹੀਂ ਦਿਤਾ ਜਾਂਦਾ। ਕੇਸ ਨਾ ਹੋਣ ਜਾਂ ਸਿਰਫ਼ ਬੱਚੀਆਂ ਦਾ ਸਰਟੀਫ਼ੀਕੇਟ ਬਣ ਜਾਂਦਾ ਹੈ। ਜਿਹੜਾ ਸਰਟੀਫ਼ੀਕੇਟ ਦਿਤਾ ਜਾਂਦਾ ਹੈ ਉਹ ਪਹਿਲਾਂ ਡੋਗਰਾ ਸਰਟੀਫ਼ੀਕੇਟ ਹੁੰਦਾ ਸੀ ਪਰ ਹੁਣ ਇਸ ਨੂੰ ਬਦਲ ਕੇ ਹਿੰਦੂ ਡੋਗਰਾ ਸਰਟੀਫ਼ੀਕੇਟ ਕਰ ਦਿਤਾ ਗਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
Massacre in 1984
ਪਿਛਲੇ ਦਿਨੀਂ ਨਿਸ਼ਾਨ ਸਿੰਘ (ਸੂਬਾ ਪ੍ਰਧਾਨ ਜਨ ਨਾਇਕ ਜਨਤਾ ਪਾਰਟੀ ਹਰਿਆਣਾ ਅਤੇ ਸਾਬਕਾ ਐਮ.ਐਲ.ਏ) ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਇਕ ਬਲਾਤਕਾਰੀ ਸਾਧ ਸੌਦਾ ਸਾਧ ਨਾਲ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਅਪਣੀ ਗ਼ਲਤੀ ਮੰਨਦਿਆਂ ਉਸ ਨੇ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਮਾਫ਼ੀਨਾਮਾ ਭੇਜਿਆ ਸੀ ਅਤੇ ਅੱਜ ਉਸ ਨੇ ਨਿਜੀ ਰੂਪ ਵਿਚ ਪੇਸ਼ ਹੋ ਕੇ ਮਾਫ਼ੀ ਵੀ ਮੰਗੀ ਹੈ। 'ਜਥੇਦਾਰ' ਨੇ ਇਹ ਵੀ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਗਹਿਰੀ ਸਾਜ਼ਸ਼ ਅਧੀਨ ਬਾਬੇ ਨਾਨਕ ਦੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ ਜੋ ਕਿ ਬਿਲਕੁਲ ਸਿੱਖ ਮਰਿਆਦਾ ਦੀ ਉਲੰਘਣਾ ਹੈ। ਉਨ੍ਹਾਂ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਕੁੱਝ ਨਾ ਸਮਝ ਲੋਕ ਸਿੱਖਾਂ ਦੇ ਪਾਵਨ ਅਸਥਾਨਾਂ 'ਤੇ ਜਾ ਕੇ ਟਿਕ-ਟਾਕ ਐਪ ਰਾਹੀਂ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹਰਕਤ ਹੈ। ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲੇ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।