
ਗੁਰੂ ਪਾਤਸ਼ਾਹ ਜੀ ਦੇ ਦਰਸਾਏ (ਸਿਖਾਏ) ਰਸਤੇ ਤੋਂ ਉਲਟ ਕੰਮ ਕਰਨਾ, ਗੁਰੂ ਪਾਤਸ਼ਾਹ ਜੀ ਨੂੰ ਦੁਬਾਰਾ ਤੱਤੀ ਤਵੀ ’ਤੇ ਬਿਠਾਉਣਾ ਹੀ ਹੈ।
Sri Guru Arjan Dev Ji Martyrdom Day 2024: ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਅਸਲ ਤਰੀਕ ਸਾਨੂੰ 5 ਜੂਨ ਪੱਕੇ ਤੌਰ ’ਤੇ ਮੁਕਰਰ ਕਰ ਲੈਣੀ ਚਾਹੀਦੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ’ਚ ਸਾਡਾ ਬਹੁਤ ਨੁਕਸਾਨ ਹੋਵੇਗਾ। ਪੰਥ ਮੇਰੇ ਇਸ਼ਾਰੇ ਨੂੰ ਜ਼ਰੂਰ ਸਮਝੇਗਾ। ਗੁਰੂ ਪਾਤਸ਼ਾਹ ਜੀ ਦੇ ਦਰਸਾਏ (ਸਿਖਾਏ) ਰਸਤੇ ਤੋਂ ਉਲਟ ਕੰਮ ਕਰਨਾ, ਗੁਰੂ ਪਾਤਸ਼ਾਹ ਜੀ ਨੂੰ ਦੁਬਾਰਾ ਤੱਤੀ ਤਵੀ ’ਤੇ ਬਿਠਾਉਣਾ ਹੀ ਹੈ। ਗੁਰੂ ਅਰਜਨ ਪਿਤਾ ਜੀ ਦੀ ਬਾਣੀ ਨੂੰ ਨਾ ਮੰਨਣਾ, ਉਨ੍ਹਾਂ ਦੇ ਸਿਰ ਉਤੇ ਦੁਬਾਰਾ ਰੇਤ ਪਾਉਣ ਬਰਾਬਰ ਹੈ। ਮੇਰੇ ਵੀਰੋ-ਭੈਣੋ ਗੁਰੂ ਦੇ ਹੁਕਮ ਨੂੰ ਟਿਚ ਜਾਣ ਕੇ ਪੁਜਾਰੀਆਂ ਦੇ ਹੁਕਮ ਮੰਨਣਾ ਗੁਰੂ ਪਾਤਸ਼ਾਹ ਜੀ ਨੂੰ ਦੁਬਾਰਾ ਸ਼ਹੀਦ ਕਰਨ ਬਰਾਬਰ ਹੀ ਹੈ।
ਸਾਲ 2012 ’ਚ ਸਾਡੇ ਵਲੋਂ ਇਕ ਪਰਚਾ ਛਪਵਾ ਕੇ ਅਪਣੇ ਸ਼ਹਿਰ (ਸਰਹਿੰਦ ਫ਼ਤਹਿਗੜ੍ਹ ਸਾਹਿਬ) ’ਚ ਵੰਡਿਆ ਗਿਆ ਜਿਸ ਦਾ ਸਬੰਧ ਗੁਰੂ ਅਰਜਨ ਪਾਤਸ਼ਾਹ ਜੀ ਦੀ ਲਾਸਾਨੀ ਤੇ ਤਸੀਹਿਆਂ ਭਰੀ ਸ਼ਹਾਦਤ ਨਾਲ ਸੀ। ਇਸ ਪਰਚੇ ’ਚ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਬਾਰੇ ਕੁੱਝ ਸਵਾਲ ਪੁੱਛੇ ਗਏ ਸਨ ਤੇ ਜਵਾਬ ਦੇਣ ਵਾਲੇ ਨੂੰ ਗੁਰਮਤਿ ਦੀਆਂ ਕਿਤਾਬਾਂ ਦਾ ਇਕ ਸੈਟ ਦਿਤਾ ਜਾਣਾ ਸੀ ਪਰ ਅਫ਼ਸੋਸ ਕਿ ਇਕ ਹਜ਼ਾਰ ਪਰਚੇ ਪਿੱਛੇ ਕੇਵਲ ਇਕ ਬੰਦੇ ਨੂੰ ਹੀ ਗੁਰੂ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿਖਿਆਵਾਂ ਦਾ ਗਿਆਨ ਸੀ। ਸਰਹਿੰਦ ’ਚ ਹੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਕੁੱਝ ਹੀ ਦੂਰੀ ’ਤੇ ਰੋਜ਼ਾ ਸ਼ਰੀਫ਼ ਬਣਿਆ ਹੋਇਆ ਹੈ ਜਿਥੇ ਸ਼ੇਖ਼ ਅਹਿਮਦ ਸਰਹੰਦੀ ਵੀ ਰਹਿੰਦਾ ਰਿਹੈ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਸ਼ੇਖ਼ ਅਹਿਮਦ ਸਰਹੰਦੀ ਕੌਣ ਹੈ?
ਤੇ ਨਾ ਹੀ ਹੁਣ ਪਤਾ ਹੈ ਕਿ ਇਸ ਨੇ ਵੀ ਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਉਣ ’ਚ ਬੜਾ ਉੱਘਾ ਯੋਗਦਾਨ ਪਾਇਆ ਸੀ। ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਸਿੱਖਾਂ ਤੋਂ ਹੁਣ ਤਨ ਤੇ ਧੰਨ ਰਾਹੀ ਜਿੰਨੀ ਮਰਜ਼ੀ ਸੇਵਾ ਕਰਵਾ ਲਵੋ ਪਰ ਮਨ (ਦਿਮਾਗ਼) ਰਾਹੀਂ ਹੁਣ ਇਨ੍ਹਾਂ ਤੋਂ ਕੋਈ ਸੇਵਾ ਨਹੀਂ ਲਈ ਜਾ ਸਕਦੀ। ਸਿੱਖਾਂ ਨੇ ਅਕਲ (ਉੱਚੀ ਮਤ) ਦਾ ਇਸਤੇਮਾਲ ਕਰਨਾ ਛੱਡ ਦਿਤੈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਦੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਜਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਹੀ ਤੇ ਸਾਰਥਕ ਤਰੀਕਾ ਹੀ ਵਿਸਰ ਗਿਐ। ਅੱਜ ਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਅਖੰਡ ਪਾਠ ਕਰਵਾ ਕੇ, ਲੰਗਰ ਲਾ ਕੇ, ਠੰਢੇ ਪਾਣੀ ਦੀਆਂ ਛਬੀਲਾਂ ਲਗਾ ਕੇ ਹੀ ਮਨਾ ਲਿਆ ਜਾਂਦਾ ਹੈ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਛਬੀਲ ਨਾ ਲਗਾਉ, ਕਿਸੇ ਪਿਆਸੇ ਰਾਹਗੀਰ ਨੂੰ ਤਪਦੀ ਗਰਮੀ ’ਚ ਠੰਢਾ ਪਾਣੀ ਪਿਆਉਣਾ ਮਾੜੀ ਗੱਲ ਨਹੀਂ ਪਰ ਕਿਸੇ ਨੂੰ ਇਸ ਦਿਨ ਦੀ ਮਹਾਨਤਾ ਤੇ ਇਸ ਲਾਸਾਨੀ ਸ਼ਹਾਦਤ ਬਾਰੇ ਸਹੀ ਜਾਣਕਾਰੀ ਨਾ ਦੇ ਸਕਣਾ ਮਾੜੀ ਗੱਲ ਹੈ। ਸਿੱਖ ਮਿਸ਼ਨਰੀ ਕਾਲਜ ਵਲੋਂ “ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ” ਨਾਮਕ ਬੜੀ ਹੀ ਕਮਾਲ ਦੀ ਪੁਸਤਕ ਛਾਪੀ ਗਈ ਹੈ ਜਿਸ ’ਚ ਸ਼ਹਾਦਤ ਬਾਰੇ ਬੜੇ ਹੀ ਕਮਾਲ ਦੀ ਜਾਣਕਾਰੀ ਦਿਤੀ ਗਈ ਹੈ। ਸ਼ਹੀਦੀ ਪੁਰਬ ਮਨਾਉਣ ਵਾਲਿਆਂ ਨੂੰ ਚਾਹੀਦੈ ਕਿ ਉਹ ਇਹ ਪੁਸਤਕ ਵੱਧ ਤੋਂ ਵੱਧ ਸੰਗਤਾਂ ਤਕ ਪਹੁੰਚਾਉਣ ਦਾ ਉਦਮ ਜ਼ਰੂਰ ਕਰਨ ਤੇ ਸਿੱਖਾਂ ਦਾ ਵੀ ਫ਼ਰਜ਼ ਬਣਦੈ ਕਿ ਉਹ ਗੁਰੂ ਜੀ ਦੀ ਸ਼ਹੀਦੀ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਇਹ ਪੁਸਤਕ ਜ਼ਰੂਰ ਪੜ੍ਹਨ।
ਆਉ ਆਪਾਂ ਹੁਣ ਅਪਣੇ ਅਸਲ ਵਿਸ਼ੇ ਵਲ ਪਰਤਦੇ ਹਾਂ। ਆਪਾਂ ਇਥੇ ਕੇਵਲ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਹੀ ਚਰਚਾ ਕਰਾਂਗੇ। ਉਹ ਕਿਹੜੇ ਕਾਰਨ ਸਨ ਕਿ ਸਮੇਂ ਦੀ ਹਕੂਮਤ ਨੇ ਗੁਰੂ ਪਾਤਸ਼ਾਹ ਜੀ ਨੂੰ ਏਨੇ ਭਿਆਨਕ ਤੇ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ। ਅਸੀ ਸਾਰੇ ਹੀ ਜਾਣਦੇ ਹਾਂ ਤੇ ਇਹ ਅਟੱਲ ਸਚਾਈ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਹੈ ਪਰ ਲਿਖਿਆ ਨਹੀਂ ਜਿਸ ਕਾਰਨ ਲਾਸਾਨੀ ਸ਼ਹਾਦਤ ਦੇ ਅਸਲ ਕਾਰਨਾਂ ਦਾ ਵੀ ਬਹੁਤ ਹੀ ਘੱਟ ਸਿੱਖਾਂ ਨੂੰ ਪਤਾ ਹੈ। ਅਸੀ ਸ਼ਹਾਦਤ ਦੇ ਅਸਲ ਕਾਰਨਾਂ ਦਾ ਵਿਸ਼ਲੇਸ਼ਣ ਕਰ ਕੇ ਕੱੁਝ ਤਤ-ਕਾਲੀ ਵਾਕਿਆਤ ਨੂੰ ਵੀ ਬਿਆਨਣ ਦਾ ਯਤਨ ਕਰਾਂਗੇ ਤਾਕਿ ਸ਼ਹਾਦਤ ਦਾ ਅਸਲ ਕਾਰਨ ਸਾਡੀਆਂ ਅੱਖਾਂ ਤੋਂ ਓਹਲੇ ਨਾ ਹੋਵੇ ਤੇ ਜਿਸ ਜਿਸ ਵਿਅਕਤੀ ਫ਼ਿਰਕੇ ਜਾਤ ਜਾਂ ਜਥੇਬੰਦੀ ਨੇ ਸ਼ਹਾਦਤ ਦੀ ਮਹਾਨ ਘਟਨਾ ’ਚ ਸਿਧੇ ਜਾ ਅਸਿਧੇ ਹਿੱਸਾ ਪਾਇਐ, ਉਸ ਦਾ ਵੀ ਸਹੀ ਢੰਗ ਨਾਲ ਸਾਨੂੰ ਪੂਰਨ ਗਿਆਨ ਹੋ ਜਾਵੇ।
ਜਹਾਂਗੀਰ ਅਕਬਰ ਬਾਦਸ਼ਾਹ ਦਾ ਪੁੱਤਰ ਤੇ ਉਸ ਸਮੇਂ ਦਾ ਹਾਕਮ ਸੀ। ਉਸ ਨੇ ਅਪਣੇ ਕੁੱਝ ਅਹਿਲਕਾਰਾਂ ਦੀ ਚੁੱਕ ’ਚ ਆ ਕੇ 20 ਮਈ 1606 ਨੂੰ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾ ਦਿਤਾ। 22 ਮਈ ਨੂੰ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਇਆ ਗਿਆ। ਆਪ ਨੂੰ ਕਈ ਦਿਨਾਂ ਤਕ ਤਸੀਹੇ ਦਿਤੇ ਜਾਂਦੇ ਰਹੇ ਜਿਸ ’ਚ ਉਨ੍ਹਾਂ ਦੇ ਸਿਰ ’ਚ ਗਰਮ ਰੇਤ ਦੇ ਕੜਛੇ ਪਾਏ ਗਏ, ਤੱਤੀ ਤਵੀ ’ਤੇ ਬਿਠਾਇਆ ਗਿਆ ਤੇ ਸੇਕ ਲੱਗਣ ਕਾਰਨ ਜਦੋਂ ਗੁਰੂ ਜੀ ਦੇ ਪੂਰੇ ਸਰੀਰ ’ਤੇ ਛਾਲੇ ਹੋ ਗਏ ਤਾਂ ਉਨ੍ਹਾਂ ਨੂੰ ਚੁਕ ਕੇ ਰਾਵੀ ਦਰਿਆ ’ਚ ਸੁੱਟ ਦਿਤਾ ਗਿਆ। ਗੁਰੂ ਜੀ ਜੋਤੀ ਜੋਤ ਸਮਾ ਗਏ। ਹੁਣ ਸੋਚਣਾ ਇਹ ਬਣਦੈ ਕਿ ਜਹਾਂਗੀਰ ਅਪਣੇ ਜੀਵਨ ਕਾਲ ’ਚ ਗੁਰੂ ਜੀ ਨੂੰ ਇਕ ਵਾਰ ਵੀ ਨਹੀਂ ਸੀ ਮਿਲਿਆ ਫਿਰ ਉਸ ਨੇ ਗੁਰੂ ਜੀ ਪ੍ਰਤੀ ਏਨੀ ਨ੍ਰਿਦਇਅਤਾ ਕਿਉਂ ਵਿਖਾਈ, ਕਿਉਂ ਉਸ ਨੇ ਗੁਰੂ ਜੀ ਨੂੰ ਏਨੇ ਭਿਆਨਕ ਤਸੀਹੇ ਦਿਤੇ? ਇਤਿਹਾਸ ਨੂੰ ਪੜ੍ਹਨ ਤੇ ਖੋਜ ਕਰਨ ’ਤੇ ਪਤਾ ਲਗਦਾ ਹੈ ਕਿ ਇਸ ਸ਼ਹਾਦਤ ਪਿੱਛੇ ਕਈ ਕੱਟੜ-ਪੰਥੀਆਂ ਦਾ ਹੱਥ ਸੀ ਜਿਸ ’ਚ ਮੁਖੀ ਸੀ ਸ਼ੇਖ਼ ਅਹਿਮਦ ਸਰਹੰਦੀ।
ਸ਼ੇਖ਼ ਅਹਿਮਦ ਸਰਹੰਦੀ: ਇਹ ਕਾਫ਼ੀ ਸਮੇਂ ਤੋਂ ਇਸ ਗੱਲੋਂ ਔਖਾ ਸੀ ਕਿ ਸਿੱਖ ਮੱਤ ਦਿਨ ਬਦਿਨ ਤੇਜ਼ੀ ਨਾਲ ਵੱਧ ਰਿਹਾ ਸੀ। ਬੜੀ ਭਾਰੀ ਗਿਣਤੀ ’ਚ ਹਿੰਦੂ ਹੀ ਨਹੀਂ ਮੁਸਲਮਾਨ ਵੀ ਸਿੱਖ ਮੱਤ ਧਾਰਨ ਕਰਦੇ ਜਾ ਰਹੇ ਸਨ। ਸਖੀ ਸਰਵਰ ਦੀ ਗੱਦੀ ਦੇ ਮੁਸਲਮਾਨੀ ਪ੍ਰਚਾਰ ਨੂੰ ਸਿੱਖੀ ਦੇ ਤਰਨ-ਤਾਰਨ ਵਾਲੇ ਕੇਂਦਰ ਨੇ ਲੰਗੜਾ ਕਰ ਛਡਿਆ ਸੀ। ਅਕਬਰ ਵੀ ਸਿੱਖ ਮੱਤ ਦੇ ਉੱਚੇ ਤੇ ਪਾਏਦਾਰ ਅਸੂਲਾਂ ਤੋਂ ਬੜਾ ਪ੍ਰਭਾਵਤ ਹੋਇਆ ਸੀ। 17 ਅਕਤੂਬਰ 1605 ਨੂੰ ਆਗਰੇ ’ਚ ਅਕਬਰ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਰਾਜ ਸੱਤਾ ਜਹਾਂਗੀਰ ਦੇ ਹੱਥ ਆ ਗਈ। ਸ਼ੇਖ਼ ਅਹਿਮਦ ਸਰਹੰਦੀ ਨੇ ਜਹਾਂਗੀਰ ਨੂੰ ਤਖ਼ਤ ’ਤੇ ਬਿਠਾਉਣ ਲਈ ਪੂਰੀ ਮਦਦ ਕੀਤੀ। ਸ਼ੇਖ਼ ਸਰਹੰਦੀ ਹਰ ਹਾਲਤ ਵਿਚ ਬਾਦਸ਼ਾਹੀ ਤਾਕਤ ਨੂੰ ਇਸਲਾਮ ਦੇ ਪ੍ਰਚਾਰ ਪ੍ਰਸਾਰ ਤੇ ਕਾਫ਼ਰਾਂ ਦੇ ਸਰਬਨਾਸ਼ ਲਈ ਵਰਤਣ ’ਤੇ ਤੁਲਿਆ ਹੋਇਆ ਸੀ। ਉਹ ਜਹਾਂਗੀਰ ਨੂੰ ਸ਼ੇਖ਼ ਫ਼ਰੀਦ ਬੁਖਾਰੀ ਤੇ ਅਪਣੇ ਹੋਰ ਅਨੇਕਾਂ ਸ਼ਰਧਾਲੂ ਦਰਬਾਰੀਆਂ ਦੀ ਮਦਦ ਨਾਲ ਬਾਦਸ਼ਾਹ ਬਣਾਉਣ ’ਚ ਕਾਮਯਾਬ ਹੋ ਗਿਆ ਤੇ ਜਹਾਂਗੀਰ ਨੂੰ ਉਸ ਨੇ ‘ਇਸਲਾਮ ਦੇ ਬਾਦਸ਼ਾਹ’ ਦੇ ਨਾਂ ਨਾਲ ਸੰਬੋਧਤ ਕੀਤਾ। ਉਸ ਨੇ ‘ਮਕਤੂਬਾਤਿ-ਇਮਾਮਿ-ਰਬਾਨੀ’ ਦੀ ਚਿੱਠੀ ਨੰ 47 ’ਚ ਲਿਖਿਆ ਹੈ ਕਿ ਇਸਲਾਮ ਦੀ ਸਰਬ-ਉਤਮਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਤੇ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਦੇ ਤਖ਼ਤ ’ਤੇ ਬੈਠਣ ਦੀ ਖ਼ਬਰ ਅੱਜ ਸਾਰੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਹੈ। ਸ਼ੇਖ਼ ਫ਼ਰੀਦ ਬੁਖਾਰੀ ਨੇ ਕੱਟੜ ਮੁਸਲਮਾਨਾਂ ਤੇ ਦਰਬਾਰੀਆਂ ਦੀ ਮਦਦ ਨਾਲ ਜਹਾਂਗੀਰ ਨੂੰ ਨਾ ਕੇਵਲ ਤਖ਼ਤ ਹੀ ਹਾਸਲ ਕਰਵਾਇਆ ਬਲਕਿ ਉਸ ਨੂੰ ਪੱਕੇ ਪੈਰੀਂ ਖੜਾ ਵੀ ਕੀਤਾ। ਇਹ ਸਾਰੀ ਮਦਦ ਸ਼ੇਖ਼ ਅਹਿਮਦ ਸਰਹੰਦੀ ਦੀਆਂ ਹਦਾਇਤਾਂ ਮੁਤਾਬਕ ਕੀਤੀ ਜਾ ਰਹੀ ਸੀ। (ਹਵਾਲਾ ਪੁਸਤਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ) ਇਸ ਤਰੀਕੇ ਨਾਲ ਸ਼ੇਖ਼ ਅਹਿਮਦ ਸਰਹੰਦੀ ਜਹਾਂਗੀਰ ਦੇ ਦਰਬਾਰ ’ਚ ਅਪਣੀ ਚੰਗੀ ਪਹੁੰਚ ਬਣਾ ਚੁੱਕਾ ਸੀ। ਦੂਸਰੇ ਪਾਸੇ ਉਹ ਗੁਰੂ ਜੀ ਦੀਆਂ ਵੱਧ ਰਹੀਆਂ ਸਰਗਰਮੀਆਂ ਤੋਂ ਵੀ ਕਾਫ਼ੀ ਦੁਖੀ ਸੀ ਪਰ ਕਰ ਕੁੱਝ ਵੀ ਨਹੀਂ ਸੀ ਸਕਦਾ। ਇਸੇ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਰਾਜ ਸੱਤਾ ਲਈ ਬਗ਼ਾਵਤ ਕਰ ਦਿਤੀ। 6 ਅਪ੍ਰੈਲ 1606 ਨੂੰ ਖੁਸਰੋ ਆਗਰੇ ਦੇ ਕਿਲ੍ਹੇ ’ਚੋਂ ਇਸ ਆਸ ਨਾਲ ਭੱਜ ਨਿਕਲਿਆ ਕਿ ਉਹ ਪੰਜਾਬ ਤੇ ਉੱਤਰ ਪੱਛਮ ਦੇ ਇਲਾਕਿਆਂ ’ਚੋਂ ਅਪਣੇ ਸਾਰੇ ਹੀ ਹਮਾਇਤੀਆਂ ਨੂੰ ਨਾਲ ਲੈ ਕੇ ਬਗ਼ਾਵਤ ਕਰ ਦੇਵੇਗਾ ਤੇ ਰਾਜ ਸੱਤਾ ਹਾਸਲ ਕਰ ਲਵੇਗਾ ਪਰ ਇਸ ਤਰ੍ਹਾਂ ਕੁੱਝ ਵੀ ਨਾ ਵਾਪਰਿਆ। ਦਰਿਆ ਚਨਾਬ ਪਾਰ ਕਰਨ ਸਮੇਂ ਖੁਸਰੋ 27 ਅਪ੍ਰੈਲ 1606 ਨੂੰ ਅਪਣੇ ਸਾਥੀਆਂ ਸਮੇਤ ਫੜਿਆ ਗਿਆ। ਜਹਾਂਗੀਰ ਲਾਹੌਰ ਆ ਕੇੇ ਸਭ ਤੋਂ ਪਹਿਲਾਂ ਖੁਸਰੋ ਦੀ ਮਦਦ ਕਰਨ ਵਾਲੇ ਉਸ ਦੇ ਸਾਥੀਆਂ ਨੂੰ ਸਜ਼ਾਵਾਂ ਦੇ ਕੇ ਮਾਰ ਦੇਣਾ ਚਾਹੁੰਦਾ ਸੀ ਤੇ ਉਸ ਨੇ ਕੀਤਾ ਵੀ ਇਸੇ ਤਰ੍ਹਾਂ। ਉਸ ਨੇ ਮਦਦ ਕਰਨ ਵਾਲੇ ਹੁਸੇਨ ਬੇਗ ਤੇ ਅਬਦੁਲ ਰਹਿਮਾਨ ਨੂੰ ਖੋਤੇ ਤੇ ਗਾਂ ਦੀ ਖੱਲ ’ਚ ਮੜ੍ਹ ਦਿਤਾ। ਕਈ ਹਮਾਇਤੀਆਂ ਨੂੰ ਭਿਆਨਕ ਤਸੀਹੇ ਦੇ ਕੇ ਮਾਰ ਦਿਤਾ ਗਿਆ ਤੇ ਉਨ੍ਹਾਂ ਦੀਆਂ ਦੇਹਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ’ਤੇ ਟੰਗ ਦਿਤਾ। ਮੌਕੇ ਦਾ ਫ਼ਾਇਦਾ ਉਠਾਉਂਦਿਆਂ ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫ਼ਰੀਦ ਬੁਖਾਰੀ ਆਦਿਕਾ ਦੀ ਚੰਡਾਲ ਚੋਕੜੀ ਨੇ 23 ਮਈ 1606 ਨੂੰ ਜਹਾਂਗੀਰ ਪਾਸ ਇਕ ਝੂਠੀ ਸ਼ਿਕਾਇਤ ਦਰਜ ਕਰਵਾ ਦਿਤੀ ਕਿ ਗੋਇੰਦਵਾਲ ਵਿਖੇ ਭੱਜੇ ਆਉਂਦੇ ਖੁਸਰੋ ਨੂੰ ਗੁਰੂ ਅਰਜਨ ਜੀ ਨੇ ਸ਼ਰਨ ਦਿਤੀ ਤਾਕਿ ਉਹ ਜਹਾਂਗੀਰ ਦਾ ਟਾਕਦਾ ਕਰ ਸਕੇ। ਉਸ ਨੂੰ ਤਖ਼ਤ ਹਾਸਲ ਕਰਨ ਲਈ ਗੁਰੂ ਜੀ ਨੇ ਅਸ਼ੀਰਵਾਦ ਦਿਤਾ ਤੇ ਉਸ ਦੇ ਮੱਥੇ ’ਤੇ ਕੇਸਰ ਦਾ ਤਿਲਕ ਵੀ ਲਗਾਇਆ। ਇਹ ਫ਼ਰਜ਼ੀ ਕਹਾਣੀ ਕੇਵਲ ਇਸ ਲਈ ਘੜੀ ਗਈ ਤਾਕਿ ਜਹਾਂਗੀਰ ਦੇ ਗੁੱਸੇ ਨੂੰ ਭੜਕਾਇਆ ਜਾ ਸਕੇ ਤੇ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿਤਾ ਜਾਵੇ ਤੇ ਅਸਲ ’ਚ ਹੋਇਆ ਵੀ ਇਸੇ ਤਰ੍ਹਾਂ। ਜਹਾਂਗੀਰ ਇਨ੍ਹਾਂ ਕੱਟੜ-ਪੰਥੀਆਂ ਦੇ ਜਾਲ ’ਚ ਆਰਾਮ ਨਾਲ ਫਸ ਗਿਆ ਤੇ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਚਾੜ੍ਹ ਦਿਤਾ ਜਦਕਿ ਸਚਾਈ ਇਹ ਹੈ ਕਿ 23 ਮਈ 1606 ਤੋ 27 ਦਿਨ ਪਹਿਲਾ ਖੁਸਰੋ ਦਾ ਪਿੱਛਾ ਕਰਦਿਆਂ ਖ਼ੁਦ ਜਹਾਂਗੀਰ ਗੋਇੰਦਵਾਲ ’ਚੋਂ ਨਿਕਲਿਆ ਸੀ ਤੇ ਉਸ ਨੂੰ ਗੋਇੰਦਵਾਲ ਵਿਖੇ ਕੋਈ ਵੀ ਅਜਿਹੀ ਖ਼ਬਰ ਨਹੀਂ ਸੀ ਮਿਲੀ ਕਿ ਗੁਰੂ ਸਾਹਿਬ ਜੀ ਨੇ ਉਸ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ ਹੋਵੇ। ਅਸਲ ’ਚ ਸਚਾਈ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਉਸ ਸਮੇਂ ਗੋਇੰਦਵਾਲ ’ਚ ਹੈ ਹੀ ਨਹੀਂ ਸਨ। ਗੁਰੂ ਜੀ ਉਸ ਸਮੇਂ ਤਰਨ ਤਾਰਨ ਵਿਖੇ ਸਨ। ਉਪ੍ਰੋਕਤ ਸ਼ਾਹੀ ਹੁਕਮ ਮੁਤਾਬਕ ਗੁਰੂ ਜੀ ਨੂੰ ਲਾਹੌਰ ਸੱਦਿਆ ਗਿਆ ਤੇ ਗ੍ਰਿਫ਼ਤਾਰ ਕਰ ਕੇ ਪਹਿਲਾਂ ਦੀ ਗਿਣੀ ਮਿਥੀ ਸਾਜ਼ਸ਼ ਅਨੁਸਾਰ ਕਈ ਅਸਹਿ ਤੇ ਦਿਲ ਕੰਬਾਉ ਤਸੀਹੇ ਦਿਤੇ ਗਏ। ਗੁਰੂ ਜੀ ਨੂੰ ਭੁੱਖਾ-ਪਿਆਸਾ ਰਖਿਆ ਗਿਆ, ਦੇਗ ’ਚ ਉਬਾਲਿਆ ਗਿਆ, ਤੱਤੀ ਤਵੀ ’ਤੇ ਬਿਠਾਇਆ ਗਿਆ, ਸੜਦੀ ਬਲਦੀ ਰੇਤ ਸਰੀਰ ’ਤੇ ਪਾ ਕੇ ਸਰੀਰ ਛਾਲੇ-ਛਾਲੇ ਕਰ ਦਿਤਾ ਗਿਆ। ਚਾਰ ਦਿਨ ਇਹੋ ਜਿਹੇ ਤਸੀਹੇ ਦੇਣ ਉਪ੍ਰੰਤ ਗੁਰੂ ਜੀ ਨੂੰ ਹੋਰ ਕਸ਼ਟ ਦੇਣ ਦੀ ਨੀਅਤ ਨਾਲ ਛਾਲਿਆਂ ਨਾਲ ਫਿਸੇ ਸਾਰੇ ਸਰੀਰ ਨੂੰ ਰਾਵੀ ਦਰਿਆ ਦੇ ਠੰਢੇ ਜਲ ’ਚ ਡੁਬੋ ਕੇ ਸ਼ਹੀਦ ਕਰ ਦਿਤਾ ਗਿਆ। ਸੋ ਅਸੀ ਕਹਿ ਸਕਦੇ ਹਾਂ ਕਿ ਗੁਰੂ ਜੀ ਨੂੰ ਸ਼ਹੀਦ ਕਰਵਾਉਣ ’ਚ ਸ਼ੇਖ ਅਹਿਮਦ ਸਰਹੰਦੀ ਦਾ ਕਾਫ਼ੀ ਯੋਗਦਾਨ ਸੀ (ਹਵਾਲਾ ਪੁਸਤਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ)।
ਚੰਦੂ ਸ਼ਾਹ: ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਚੰਦੂ ਗੁਰਦਾਸਪੁਰ ਦੇ ਪਿੰਡ ਰੁਹੇਲੇ ਦਾ ਰਹਿਣ ਵਾਲਾ ਖਤਰੀ ਸੀ। ਇਸ ਨੇ ਅਪਣੀ ਧੀ ਸਦਾ ਕੌਰ ਲਈ ਰਿਸ਼ਤਾ ਵੇਖਣ ਲਈ ਬ੍ਰਾਹਮਣ ਭੇਜੇ। ਇਹ ਬ੍ਰਾਹਮਣ ਅੰਮ੍ਰਿਤਸਰ ਸਾਹਿਬ, ਗੁਰੂ ਅਰਜਨ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ ਪਸੰਦ ਕਰ ਕੇ ਚਲੇ ਗਏ। ਚੰਦੂ ਸ਼ਾਹ ਨੂੰ ਜਦ ਇਸ ਰਿਸ਼ਤੇ ਦਾ ਪਤਾ ਲੱਗਾ ਤਾਂ ਉਸ ਨੇ ਹੰਕਾਰ ’ਚ ਅਪਣੇ ਆਪ ਨੂੰ ਬਹੁਤ ਉੱਚਾ ਚੁਬਾਰੇ ਵਰਗਾ ਤੇ ਗੁਰੂ ਸਾਹਿਬ ਦੇ ਘਰ ਨੂੰ ਬਹੁਤ ਨੀਵਾਂ ਮੋਰੀ ਦੀ ਇੱਟ ਵਰਗਾ ਦਸਿਆ ਪਰ ਅੰਦਰੋਂ ਅੰਦਰ ਉਹ ਇਸ ਰਿਸ਼ਤੇ ਲਈ ਰਜ਼ਾਮੰਦ ਸੀ। ਅਚਾਨਕ ਸਿੱਖ ਸੰਗਤਾਂ ਨੂੰ ਜਦੋਂ ਚੰਦੂ ਦੀ ਇਸ ਹੰਕਾਰੀ ਤੇ ਨੀਚ ਬਿਰਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਰਿਸ਼ਤਾ ਨਾ ਲੈਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਪੂਰੀ ਘੋਖ ਪੜਤਾਲ ਕਰਨ ਤੋਂ ਬਾਅਦ ਬੇਖ਼ੌਫ਼ ਇਸ ਰਿਸ਼ਤੇ ਨੂੰ ਨਾਂਹ ਕਰ ਦਿਤੀ। ਇਸ ਤੇ ਚੰਦੂ ਸ਼ਾਹ ਗੁਰੂ ਘਰ ਦਾ ਦੁਸ਼ਮਣ ਬਣ ਗਿਆ। ਉਸ ਦੇ ਮਨ ’ਚ ਗੁਰੂ ਘਰ ਲਈ ਈਰਖਾ ਦੇ ਭਾਂਬੜ ਬਲਣ ਲੱਗੇ। ਚੰਦੂ ਨੇ ਰਾਜ ਦਰਬਾਰੀਆਂ ਤੇ ਅਮੀਰ ਵਜ਼ੀਰਾਂ ਤਕ ਗੁਰੂ ਜੀ ਵਿਰੁਧ ਚੁਗਲੀਆਂ ਕੀਤੀਆਂ ਜਿਸ ਦਾ ਸਿੱਟਾ ਅੱਗੇ ਜਾ ਕੇ ਇਹ ਨਿਕਲਿਆ ਕਿ ਜਹਾਂਗੀਰ ਦੇ ਮਨ ’ਚ ਗੁਰੂ ਸਾਹਿਬ ਜੀ ਪ੍ਰਤੀ ਅਫਵਾਹਾਂ ਤੇ ਝੂਠੀਆਂ ਸ਼ਿਕਾਇਤਾਂ ਭਰ ਦਿਤੀਆ ਗਈਆਂ ਜਿਸ ਕਾਰਨ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿਤਾ।
ਮਹੇਸ਼ ਦਾਸ ਉਰਫ਼ ਬੀਰਬਲ: ਇਹ ਇਕ ਬਹੁਤ ਹੀ ਚਲਾਕ ਅਤੇ ਹਾਜ਼ਰ ਜਵਾਬ ਬ੍ਰਾਹਮਣ ਸੀ। ਇਸ ਦੀ ਇਕ ਭਤੀਜੀ ਹਿੰਦੂ ਜਾਤ ਅਭਿਮਾਨੀਆਂ ਦੀ ਨੱਕ ਕਟਵਾ ਕੇ ਅਕਬਰ ਨੂੰ ਵਿਆਹੀ ਹੋਈ ਸੀ ਜਿਸ ਕਾਰਨ ਇਸ ਦੀ ਸਰਕਾਰੇ ਦਰਬਾਰੇ ਥੋੜੀ ਬਹੁਤ ਪਹੁੰਚ ਸੀ। ਇਹ ਵੀ ਸਿੱਖੀ ਦੇ ਵੱਧ ਰਹੇ ਪ੍ਰਚਾਰ ਤੇ ਪ੍ਰਸਾਰ ਤੋਂ ਕਾਫ਼ੀ ਦੁਖੀ ਸੀ ਕਿਉਂਕਿ ਇਹ ਖ਼ੁਦ ਖ਼ਾਲਸ ਤੇ ਸ਼ੁਧ ਬ੍ਰਾਹਮਣ ਸੀ ਭਾਵੇਂ ਕਿ ਇਸ ਦੀ ਮੌਤ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੋ ਚੁਕੀ ਸੀ ਪਰ ਗੁਰੂ ਘਰ ਪ੍ਰਤੀ ਜ਼ਹਿਰ ਉਗਲਣ ਦਾ ਇਕ ਵੀ ਮੌਕਾ ਇਸ ਨੇ ਅਪਣੇ ਹੱਥੋਂ ਨਹੀਂ ਜਾਣ ਦਿਤਾ ਜੋ ਅੱਗੇ ਜਾ ਕੇ ਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਕਾਰਨ ਬਣਿਆ।
ਕਾਹਨਾ, ਪੀਲੋ, ਛੱਜੂ ਤੇ ਸ਼ਾਹ ਹੁਸੈਨ : ਬਾਣੀ ਦਾ ਸੰਗ੍ਰਹਿ ਤਿਆਰ ਹੋਣ ਸਮੇਂ ਕਾਹਨਾ, ਪੀਲੋ, ਛੱਜੂ ਤੇ ਸ਼ਾਹ ਹੁਸੈਨ ਆਦਿ ਕਵੀਆਂ ਦੇ ਗੁਰੂ ਦਰਬਾਰ ’ਚ ਸ਼ਾਮਲ ਹੋਣ ਦੇ ਹਵਾਲੇ ਮਿਲਦੇ ਹਨ। ਉਹ ਇਸ ਖ਼ਵਾਹਿਸ਼ ਨਾਲ ਗੁਰੂ ਸਾਹਿਬ ਪਾਸ ਹਾਜ਼ਰ ਹੋਏ ਸਨ ਕਿ ਅਪਣੀਆਂ ਕਵਿਤਾਵਾਂ ਨੂੰ ਬਾਣੀ ਸੰਗ੍ਰਹਿ ’ਚ ਸ਼ਾਮਲ ਕਰਵਾ ਲੈਣਗੇ ਪਰ ਇਸ ਤਰ੍ਹਾਂ ਨਾ ਹੋਇਆ। ਇਨ੍ਹਾਂ ਦੀਆਂ ਰਚਨਾਵਾਂ ਘਟੀਆ ਕਿਸਮ ਦੀ ਤੁਕ-ਬੰਦੀ ਤੋਂ ਵੱਧ ਕੁੱਝ ਵੀ ਨਹੀਂ ਸਨ। ਕਾਹਨੇ ਨੇ ਤਾਂ ਚੰਦੂ ਸ਼ਾਹ ਨਾਲ ਅਪਣੀ ਰਿਸ਼ਤੇਦਾਰੀ ਦੇ ਹੰਕਾਰ ’ਚ ਗੁਰੂ ਸਾਹਿਬ ਜੀ ਨੂੰ ਬੋਲ-ਕਬੋਲ ਵੀ ਬੋਲੇ। ਈਰਖਾ ਤੇ ਸਾੜੇ ਕਾਰਨ ਇਨ੍ਹਾਂ ਨੇ ਅਪਣੀ ਪਹੁੰਚ ਮੁਤਾਬਕ ਗੁਰੂ ਸਾਹਿਬ ਜੀ ਦਾ ਵਿਰੋਧ ਕੀਤਾ ਜੋ ਗੁਰੂ ਜੀ ਦੀ ਸ਼ਹਾਦਤ ਦਾ ਕਾਰਨ ਬਣਿਆ।
ਸਖੀ ਸਰਵਰੀਏ : ਗੁਰੂ ਸਾਹਿਬ ਜੀ ਦੇ ਪ੍ਰਚਾਰ ਨਾਲ ਸਖੀ ਸਰਵਰੀਆਂ ਨੂੰ ਵੀ ਭਾਰੀ ਠੇਸ ਪੁੱਜੀ ਸੀ। 1590 ’ਚ ਤਰਨ ਤਾਰਨ ਵਿਖੇ ਸਿੱਖੀ ਦਾ ਕੇਦਰ ਸਥਾਪਤ ਹੋ ਜਾਣ ਨਾਲ ਇਨ੍ਹਾਂ ਦੇ ਮਤ ਨੂੰ ਭਾਰੀ ਨੁਕਸਾਨ ਹੋਇਆ। ਅਨੇਕਾਂ ਲੋਕ ਸਖੀ ਸਰਵਰ ਦੇ ਮੱਤ ਨੂੰ ਤਿਆਗ ਕੇ ਸਿੱਖ ਸਜ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦਾ ਭਾਈ ਮੰਝ ਤੇ ਮਾਲਣੇ ਦਾ ਭਾਈ ਬਹਿਲੋ ਸਰਵਰੀਆ ਦਾ ਮੱਤ ਤਿਆਗ ਕੇ ਹੀ ਗੁਰੂ ਜੀ ਦੇ ਸਿੱਖ ਬਣੇ ਸਨ ਜਿਸ ਕਾਰਨ ਇਹ ਹਮੇਸ਼ਾ ਹੀ ਹੋਰਨਾਂ ਹਮਾਇਤੀਆਂ ਰਾਹੀ ਗੁਰੂ ਜੀ ਨੂੰ ਹਮੇਸ਼ਾ ਨੁਕਸਾਨ ਪਹੁੰਚਾਉਣ ਦੀ ਤਾਘ ਵਿਚ ਰਹਿੰਦੇ ਸਨ।
ਪ੍ਰਿਥੀ ਚੰਦ : ਇਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਵੱਡਾ ਭਰਾ ਸੀ। ਸੁਭਾਵਕ ਤੌਰ ਤੇ ਇਹ ਬਹੁਤ ਚਲਾਕ ਤੇ ਸਿਆਣਾ ਸੀ। ਗੁਰਗੱਦੀ ਦੇ ਪ੍ਰਬੰਧਕੀ ਕੰਮ ਨੂੰ ਸੰਭਾਲਦਿਆਂ-ਸੰਭਾਲਦਿਆਂ ਇਸ ਦੇ ਮਨ ’ਚ ਹੰਕਾਰ ਨੇ ਕਾਫ਼ੀ ਵਾਧਾ ਕਰ ਲਿਆ ਸੀ। ਬਿਨਾ ਗੁਣਾਂ ਦੇ ਹੀ ਇਹ ਅਪਣੇ ਆਪ ਨੂੰ ਗੁਰਗੱਦੀ ਦਾ ਅਗਲਾ ਵਾਰਸ ਸਮਝਣ ਲੱਗਾ ਪਰ ਗੁਰੂ ਰਾਮਦਾਸ ਜੀ ਨੇ 1581 ਈ. ’ਚ ਗੁਰਗੱਦੀ ਸੰਗਤਾਂ ਦੀ ਮੌਜੂਦਗੀ ’ਚ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸੌਪ ਦਿਤੀ ਸੀ। ਪ੍ਰਿਥੀ ਚੰਦ ਇਹ ਸਹਾਰ ਨਾ ਸਕਿਆ। ਉਸ ਨੇ ਗੁਰੂ ਜੀ ਵਿਰੁਧ ਅਪਣੀ ਵਖਰੀ ਗੱਦੀ ਲਗਾ ਲਈ। ਮਹੇਸ਼ ਦਾਸ ਉਰਫ਼ ਬੀਰਬਲ ਨਾਲ ਵੀ ਉਸ ਨੇ ਗਠਜੋੜ ਕਰ ਲਿਆ ਸੀ। ਉਸ ਨੇ ਪੂਰੀ ਵਾਹ ਲਾਈ ਕਿ ਗੁਰਗੱਦੀ ਉਸ ਨੂੰ ਮਿਲ ਜਾਵੇ ਪਰ ਇੰਝ ਨਾ ਹੋ ਸਕਿਆ ਜਿਸ ਕਾਰਨ ਉਹ ਹਮੇਸ਼ਾ ਲਈ ਗੁਰੂ ਜੀ ਦਾ ਵਿਰੋਧੀ ਬਣ ਗਿਆ।
ਹੋਰ ਕਾਰਨ: ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੇ ਇਸ ’ਚ ਧਰਮੀ ਕਾਜ਼ੀਆਂ ਮੌਲਾਣਿਆਂ ਬ੍ਰਾਹਮਣਾਂ ਦੀ ਅਸਲੀਅਤ ਨੂੰ ਜੱਗ ਜਾਹਰ ਕਰਦਾ ਸੱਚ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਇਕ ਕਾਰਨ ਸੀ। ਜਿਨ੍ਹਾਂ ਦਿਨਾਂ ’ਚ ਮੈਂ ਇਹ ਲੇਖ ਤਿਆਰ ਕਰ ਰਿਹਾ ਸੀ, ਉਨ੍ਹਾਂ ਦਿਨਾਂ ’ਚ ਸਹਿਜ ਪਾਠ ਕਰਦੇ ਹੋਏ ਗਉੜੀ ਰਾਗ ’ਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਕ ਸ਼ਬਦ ਸਾਹਮਣੇ ਆਇਆ ਜੋ ਬ੍ਰਾਹਮਣ ਦੇ ਕਪੜੇ ਲੀਰੋ ਲੀਰ ਕਰ ਰਿਹਾ ਸੀ ਜੋ ਇਸ ਤਰ੍ਹਾਂ ਹੈ “ਧੋਤੀ ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ॥ ਬਿਨੁ ਕਰਤੂਤੀ ਮੁਕਤਿ ਨ ਪਾਈਐ॥ ਮੁਕਤਿ ਪਦਾਰਥੁ ਨਾਮੁ ਧਿਆਈਐ॥ਰਹਾਉ॥ ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥2॥ ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥3॥ ਕਹੁ ਨਾਨਕ ਜਿਸੁ ਕਿਰਪਾ ਧਾਰੈ॥ ਹਿਰਦਾ ਸੁਧੁ ਬ੍ਰਹਮੁ ਬੀਚਾਰੈ॥4॥
ਪਖੰਡੀ ਬ੍ਰਾਹਮਣ ਦੀ ਅਸਲੀਅਤ ਨੂੰ ਜਾਹਰ ਕਰਦਾ ਇਹ ਸ਼ਬਦ ਜਿਸ ਨੇ ਉਚਾਰਨ ਕੀਤਾ ਹੋਵੇ ਬ੍ਰਾਹਮਣ ਨੇ ਤਾਂ ਉਸ ਦਾ ਵੈਰੀ ਬਣਨਾ ਹੀ ਸੀ। ਸੋ ਗੁਰੂ ਸਾਹਿਬ ਜੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਉਨ੍ਹਾਂ ਦੀ ਸ਼ਹਾਦਤ ਦਾ ਇਕ ਕਾਰਨ ਸੀ।
ਅੰਤਮ ਬੇਨਤੀ : ਅਖ਼ੀਰ ’ਚ ਮੈਂ ਸਾਰੇ ਹੀ ਸਿੱਖ ਵੀਰ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਕੋਈ ਆਮ ਘਟਨਾ ਨਹੀਂ ਸੀ। ਇਹ ਸ਼ਹਾਦਤ ਸਾਨੂੰ ਬਹੁਤ ਕੁੱਝ ਆਖਦੀ ਹੈ। ਸਾਨੂੰ ਅਪਣੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਪ੍ਰਕਾਸ਼ ਪੁਰਬ ਮਨਾਉਣ ਦੇ ਤਰੀਕੇ ਨੂੰ ਬਦਲਣਾ ਪਵੇਗਾ। ਸਿੱਖ ਵਿਰੋਧੀ ਤਾਕਤਾਂ ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਤੇ ਗੁਰੂ ਜੀ ਦੇ ਅਸਲ ਇਤਿਹਾਸ ਤੋਂ ਬਹੁਤ ਦੂਰ ਲਿਜਾ ਰਹੀਆਂ ਹਨ। ਅਸੀ ਇਹ ਫ਼ੈਸਲਾ ਕਰਨ ਜੋਗੇ ਵੀ ਨਹੀਂ ਹਾਂ ਕਿ ਕੀ ਸਹੀ ਹੈ ਤੇ ਕੀ ਗ਼ਲਤ। ਸੋ ਆਉ ਮੇਰੇ ਵੀਰੋ ਭੈਣੋ ਅਪਣੇ ਗੁਰ ਇਤਿਹਾਸ ਅਤੇ ਗੁਰਬਾਣੀ ਨੂੰ ਅਪਣੇ ਜੀਵਨ ਦਾ ਅੰਗ ਬਣਾਈਏ। ਰੋਜ਼ਾਨਾ ਇਤਿਹਾਸ ਤੇ ਗੁਰਬਾਣੀ ਦੀ ਖੋਜ ਕਰੀਏ।
ਹਰਪ੍ਰੀਤ ਸਿੰਘ ਸਰਹੰਦ
ਮੋ : 98147-02271