
ਸ਼ਤਾਬਦੀ ਦਾ ਮੁੱਖ ਸਮਾਗਮ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਹੋਣਾ ਚਾਹੀਦੈ...
ਕੈਨਸਾਜ਼ ਸਿਟੀ (ਅਮਰੀਕਾ) (ਗੁਰਿੰਦਰ ਸਿੰਘ) : ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੋ ਰਹੇ ਗੁਰਮਤਿ ਸਮਾਗਮਾਂ ਦੀ ਲੜੀ 'ਚ ਉੱਘੇ ਪੰਥਕ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਗੁਰਦਵਾਰਾ ਸਾਹਿਬ ਮਿਡਵੈਸਟ ਕੈਨਸਾਜ਼ ਸਿਟੀ (ਅਮਰੀਕਾ) ਵਿਖੇ ਦੋ ਰੋਜ਼ਾ ਸਮਾਗਮਾਂ ਦੌਰਾਨ 'ਰੋਜ਼ਾਨਾ ਸਪੋਕਸਮੈਨ' ਦੇ 7 ਜੁਲਾਈ ਅਤੇ 4 ਅਗੱਸਤ ਦੇ ਅੰਕਾਂ 'ਚ ਸ੍ਰ. ਜੋਗਿੰਦਰ ਸਿੰਘ ਚੰਡੀਗੜ੍ਹ ਵਲੋਂ ਪ੍ਰਕਾਸ਼ਤ ਹੋਏ 'ਮੇਰੀ ਨਿਜੀ ਡਾਇਰੀ ਦੇ ਪੰਨੇ' ਦਾ ਹਵਾਲਾ ਦਿੰਦਿਆਂ ਦਸਿਆ ਕਿ ਇਕ ਹੋਰ ਸ਼ਤਾਬਦੀ ਦੇ ਨਾਮ 'ਤੇ ਸਿੱਖ ਕਰੋੜਾਂ ਨਹੀਂ ਅਰਬਾਂ ਰੁਪਏ ਮਿੱਟੀ ਵਿਚ ਮਿਲਾ ਦੇਣਗੇ, ਪਰ ਵਿਚੋਂ ਨਿਕਲੇਗਾ ਕੁੱਝ ਵੀ ਨਹੀਂ।
Midwest Kansas City
ਉਨ੍ਹਾਂ ਦਾਅਵਾ ਕੀਤਾ ਕਿ ਸ. ਜੋਗਿੰਦਰ ਸਿੰਘ ਨੇ ਬਿਲਕੁਲ ਠੀਕ ਲਿਖਿਆ ਹੈ ਕਿ ਥੋੜ੍ਹੀ ਦੇਰ ਬਾਅਦ ਸਾਹਮਣੇ ਆ ਜਾਵੇਗਾ ਕਿ ਸਿੱਖਾਂ ਨੇ ਅਰਬਾਂ ਰੁਪਿਆ ਮਿੱਟੀ ਵਿਚ ਰੋਲ ਦਿਤਾ ਹੈ। ਇਸ ਤੋਂ ਇਲਾਵਾ ਵਾਰ-ਵਾਰ ਵੇਖਿਆ ਜਾਹੋ ਜਲਾਲ ਖ਼ਾਲਸੇ ਦਾ ਪਰ ਪ੍ਰਾਪਤੀਆਂ ਦੀ ਪਟਾਰੀ ਖ਼ਾਲੀ ਦੀ ਖ਼ਾਲੀ ਵਾਲੇ ਕਾਲਮਾਂ 'ਚ ਵੀ ਅਜਿਹਾ ਕੁੱਝ ਹੀ ਸਪੱਸ਼ਟ ਕੀਤਾ ਗਿਆ ਹੈ। ਪ੍ਰੋ. ਧੁੰਦਾ ਨੇ ਰੋਸ ਸਪੱਸ਼ਟ ਕੀਤਾ ਕਿ ਸ੍ਰ. ਜੋਗਿੰਦਰ ਸਿੰਘ ਵਲੋਂ ਨਿਸ਼ਕਾਮ ਭਾਵਨਾ ਨਾਲ ਸੰਗਤਾਂ ਦਾ ਸਹਿਯੋਗ ਲੈ ਕੇ 100 ਕਰੋੜੀ ਪ੍ਰਾਜੈਕਟ 'ਉੱਚਾ ਦਰ ਬਾਬੇ ਨਾਨਕ ਦਾ' ਤਿਆਰ ਕੀਤਾ ਜਾ ਰਿਹਾ ਹੈ
Rozana Spokesman
, 90 ਫ਼ੀ ਸਦੀ ਉਕਤ ਪ੍ਰਾਜੈਕਟ ਤਿਆਰ ਹੋ ਚੁਕਾ ਹੈ ਪਰ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ 'ਚ ਪਹੁੰਚਾਉਣ ਦਾ ਆਦਰਸ਼ ਲੈ ਕੇ ਤਿਆਰ ਕੀਤੇ ਜਾ ਰਹੇ ਉਕਤ ਪ੍ਰਾਜੈਕਟ ਨੂੰ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵਲੋਂ ਵੀ ਨਜ਼ਰ-ਅੰਦਾਜ਼ ਕਰਨ ਦੀ ਗੱਲ ਸਮਝ ਤੋਂ ਬਾਹਰ ਹੈ। ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਦਾਅਵਾ ਕੀਤਾ ਕਿ ਪੰਜਾਬ ਨਾਲੋਂ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਪੰਜਾਬੀ ਅੰਧਵਿਸ਼ਵਾਸ, ਕਰਮਕਾਂਡ, ਵਹਿਮ-ਭਰਮ, ਫ਼ਜ਼ੂਲ ਰਸਮਾਂ ਆਦਿ ਦੇ ਬਹੁਤ ਵਿਰੁਧ ਹਨ।
Ucha Dar Babe Nanak Da
ਉਨ੍ਹਾਂ ਦਸਿਆ ਕਿ ਜੇਕਰ 550 ਸਾਲਾ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ 'ਉੱਚਾ ਦਰ ਬਾਬੇ ਨਾਨਕ ਦਾ' ਰਾਜਪੁਰਾ-ਅੰਬਾਲਾ ਰੋਡ ਪਿੰਡ ਬਪਰੌਰ, ਨੇੜੇ ਸ਼ੰਭੂ ਬੈਰੀਅਰ, ਸ਼ੇਰ ਸ਼ਾਹ ਸੂਰੀ ਮਾਰਗ ਵਿਖੇ ਕੀਤੇ ਜਾਣ ਤਾਂ ਜਿਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਦਾ ਬਹੁਤ ਫ਼ਾਇਦਾ ਹੋਵੇਗਾ, ਉੱਥੇ ਉਕਤ ਸਮਾਗਮਾਂ 'ਚ ਪੰਥਵਿਰੋਧੀ ਤਾਕਤਾਂ ਦੀ ਘੁਸਪੈਠ ਰੋਕਣ 'ਚ ਵੀ ਸਫ਼ਲਤਾ ਮਿਲਣੀ ਸੁਭਾਵਕ ਹੈ। ਸਮਾਗਮ ਦੀ ਸਮਾਪਤੀ ਤੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਨੇ ਪ੍ਰੋ. ਧੂੰਦਾ ਨੂੰ ਪੰਥਕ ਖੇਤਰ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਬਦਲੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ।