
ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਢਾਡੀ ਜੱਥੇ ਸੁਖਵੀਰ ਸਿੰਘ ਭੋਰ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ
ਮਿਲਾਨ, 4 ਅਕਤੂਬਰ (ਦਲਜੀਤ ਮੱਕੜ): ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸੇਵਕ ਅਤੇ ਕੀਰਤੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਰਾਮਗੜ੍ਹੀਆ ਸੇਵਾ ਸੁਸਾਇਟੀ ਇਟਲੀ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਅਪਣੀ ਸ਼ਰਧਾ ਨੂੰ ਪ੍ਰਗਟਾਇਆ।
ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਢਾਡੀ ਜੱਥੇ ਸੁਖਵੀਰ ਸਿੰਘ ਭੋਰ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਲਾਲੋ ਜੀ ਦੀ ਸੱਚੀ-ਸੁੱਚੀ ਕਿਰਤ ਤੇ ਉਨ੍ਹਾਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਾਂਝ ’ਤੇ ਚਾਨਣਾ ਪਾਇਆ। ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਅਤੇ ਰਾਮਗੜ੍ਹੀਆ ਸੇਵਾ ਸੁਸਾਇਟੀ ਇਟਲੀ ਵਲੋਂ ਸਮੂਹ ਸੰਗਤਾਂ ਦਾ ਧਨਵਾਦ ਕਰਦਿਆਂ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਸੰਗਤ ਨੂੰ ਵਧਾਈ ਦਿਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਮਹਿਤਪੁਰ ਤੋਂ ਇਲਾਵਾ ਰਾਮਗੜ੍ਹੀਆ ਸੇਵਾ ਸੁਸਾਇਟੀ ਇਟਲੀ ਦੇ ਗੁਰਮੁੱਖ ਸਿੰਘ, ਮਨਜੀਤ ਸਿੰਘ, ਬਲਰਾਜ ਸਿੰਘ, ਭੁਪਿੰਦਰ ਸਿੰਘ,ਦਵਿੰਦਰ ਸਿੰਘ ਬਾਰੀਵਾਲਾ, ਮਨਮੋਹਨ ਸਿੰਘ ਐਹਦੀ ਆਦਿ ਮੌਜੂਦ ਸਨ।