
ਕਿਹਾ- ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਖਰਚੇ ਜਾ ਰਹੇ SGPC ਦੇ ਕਰੋੜਾਂ ਰੁਪਏ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਦੇ ਜ਼ਰੀਏ ਉਹਨਾਂ ਨੇ ਜਥੇਦਾਰ ਨੂੰ ਸਰਨਾ ਭਰਾਵਾਂ ਖ਼ਿਲਾਫ਼ ਸ਼ਿਕਾਇਤ ਕੀਤੀ ਅਤੇ ਉਹਨਾਂ ’ਤੇ ਪੰਥ ਵਿਰੋਧੀ ਕੰਮ ਕਰਨ ਦੇ ਇਲਜ਼ਾਮ ਲਗਾਉਂਦਿਆਂ ਉਹਨਾਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਕੀਤੀ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਦਸਤਖ਼ਤ ਹੇਠ ਲਿਖੇ ਗਏ ਪੱਤਰ ਵਿਚ ਕਿਹਾ ਗਿਆ, “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਪੰਥ ਦੀ ਸਿਰਮੌਰ ਸੰਸਥਾ ਹੈ ਉਸ ਨੂੰ ਸੰਗਤ ਵਲੋਂ ਦਿੱਤਾ ਕਰੋੜਾਂ ਰੁਪਇਆ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਵਾਸਤੇ ਖਰਚ ਕੀਤਾ ਜਾ ਰਿਹਾ ਹੈ। ਸਰਨਾ ਭਰਾ ਜੋ ਕਿ ਸਿੱਖ ਪੰਥ ਵਿਰੋਧੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ ਅਤੇ ਪਿਛਲੇ ਦਿਨੀਂ ਦਿੱਲੀ ਦੇ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਇਹਨਾਂ ਦੇ ਪਰਿਵਾਰ ਦੀਆਂ ਕੰਪਨੀਆਂ ਦਾ ਜੁੜੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਦਾ ਪਰਿਵਾਰ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਸਟੇਟਾਂ ਵਿਚ ਸ਼ਰਾਬ ਦੇ ਵੱਡੇ ਵਪਾਰੀ ਦੇ ਤੌਰ 'ਤੇ ਕੰਮ ਕਰਦਾ ਹੈ ਜੋ ਕਿ ਜੱਗ ਜਾਹਿਰ ਹੈ”।
ਪੱਤਰ ਵਿਚ ਅੱਗੇ ਲਿਖਿਆ ਗਿਆ, “ਸਰਨਾ ਭਰਾ ਸ਼ੁਰੂ ਤੋਂ ਹੀ ਪੰਥ ਨੂੰ ਢਾਹ ਲਗਾਉਂਦੇ ਰਹੇ ਹਨ। ਇਹਨਾਂ ਨੇ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਨੂੰ ਸਿਰੋਪੇ ਪਾ ਕੇ ਸਟੇਜਾਂ 'ਤੇ ਸਨਮਾਨਿਤ ਕਰਕੇ ਸਿੱਖਾਂ ਦੇ ਜਖਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਅਤੇ ਜਦੋਂ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਦੀ ਚੋਣ ਟਿਕਟ ਕੱਟੀ ਗਈ ਤਾਂ ਪਰਮਜੀਤ ਸਿੰਘ ਸਰਨਾ ਇਹਨਾਂ ਦੇ ਪਰਿਵਾਰ ਦੇ ਹੱਕ ਵਿਚ ਨਿਤਰੇ”। ਦਿੱਲੀ ਕਮੇਟੀ ਨੇ ਕਿਹਾ ਕਿ ਸਰਨਾ ਭਰਾ 1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨਾਲ ਸਾਂਝ ਪਾਈ ਬੈਠੇ ਹਨ ਅਤੇ ਪੰਥ ਵਿਰੋਧੀ ਕੰਮ ਕਰ ਰਹੇ ਹਨ। ਇਸ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਹੈ।
ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਰਨਾ ਭਰਾ ਮੋਟੀ ਰਕਮ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਤਾਂ ਕਿ ਉਹਨਾਂ ਨੂੰ ਈਡੀ ਅਤੇ ਸੀਬੀਆਈ ਤੋਂ ਬਚਣ ਲਈ ਪੰਥਕ ਕਵਚ ਮਿਲ ਸਕੇ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਰਮਜੀਤ ਸਿੰਘ ਸਰਨਾ ਨੂੰ ਸ਼ਰਾਬ ਦਾ ਵੱਡਾ ਤਸਕਰ ਦੱਸਦੇ ਰਹੇ ਹਨ।
ਪੱਤਰ ਵਿਚ ਕਿਹਾ ਗਿਆ, “ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਦਾ ਰਿਹਾ ਹੈ। ਹੁਣ ਵੀ ਜਿਥੇ ਸ਼੍ਰੋਮਣੀ ਕਮੇਟੀ ਦਾ ਕਰੋੜਾਂ ਰੁਪਇਆ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਦਿੱਲੀ ਵਿਚ ਵਰਤਿਆ ਜਾ ਰਿਹਾ ਹੈ, ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਪੀਟੀਸੀ ਚੈਨਲ ਜਿਥੋਂ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੁੰਦਾ ਹੈ ਉਹ ਵੀ ਸਰਨਾ ਭਰਾਵਾਂ ਦੇ ਅਕਸ ਨੂੰ ਸੁਧਾਰਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ”।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਨੂੰ ਦੱਸਿਆ ਕਿ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੀਟੀਸੀ ਚੈਨਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੋੜਾ ਰੁਪਇਆ ਕਰਾਰਨਾਮੇ ਮੁਤਾਬਿਕ ਬਕਾਇਆ ਦੇਣਾ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਨਾ ਭਰਾਵਾਂ ਨੂੰ ਸਿੱਖ ਵਿਰੋਧੀਆਂ ਗਤੀਵਿਧੀਆਂ ਕਰਨ, ਪੀਟੀਸੀ ਚੈਨਲ ਦੇ ਕਰਾਰਨਾਮੇ ਨੂੰ ਜਨਤਕ ਨਾ ਕਰਨ, ਅਕਾਲ ਤਖਤ ਦੇ ਹੁਕਮ ਨਾ ਮੰਨਣ ਕਾਰਨ ਇਹਨਾਂ ਨੂੰ ਅਕਾਲ ਤਖਤ ’ਤੇ ਬੁਲਾ ਕੇ ਪੰਥ ’ਚੋਂ ਛੇਕਿਆ ਜਾਵੇ ।
ਮੈਂ ਕਦੇ SGPC ਦਾ 1 ਰੁਪਇਆ ਵੀ ਨਹੀਂ ਲਿਆ- ਪਰਮਜੀਤ ਸਿੰਘ ਸਰਨਾ
ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜਥੇਦਾਰ ਖੁਦ ਇਸ ਕੇਸ ਦੀ ਪੈਰਵੀ ਕਰਨ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਕਦੇ ਐਸਜੀਪੀਸੀ ਦਾ 1 ਰੁਪਇਆ ਵੀ ਨਹੀਂ ਲਿਆ। ਸਰਨਾ ਨੇ ਅੱਗੇ ਕਿਹਾ ਕਿ ਉਹ ਇਸ ਸਬੰਧੀ ਜਥੇਦਾਰ ਨੂੰ ਹੀ ਜਵਾਬ ਦੇਣਗੇ ਇਸ ਦੇ ਨਾਲ ਹੀ ਸਰਨਾ ਨੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਕੋਲੋਂ 9 ਸਾਲਾਂ ਦਾ ਹਿਸਾਬ ਮੰਗਿਆ ਜਾਵੇ।