ਅੱਜ ਸਿੱਖ-ਸਿੱਖ 'ਤੇ ਸ਼ੱਕ ਕਰਦਾ ਹੈ। ਸਿਖੀ ਦੇ ਵਿਚ ਧੜੇਬੰਦੀ ਬਹੁਤ ਵੱਧ ਗਈ ਹੈ।
ਸ੍ਰੀ ਫ਼ਤਹਿਗੜ੍ਹ ਸਾਹਿਬ - ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਅੱਜ ਅਖ਼ੀਰ ਦਿਨ ਸੀ। ਸ਼ਹੀਦੀ ਸਭਾ ਦੇ ਆਖ਼ੀਰਲੇ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਇਕ ਵਿਰਾਗਮਈ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਤੱਕ ਸਜਾਇਆ ਗਿਆ।
ਨਗਰ ਕੀਰਤਨ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਥਕ ਅਕਾਲੀ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ 96 ਕਰੋੜੀ, ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਗੱਤਕਾ ਪਾਰਟੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਉਥੇ ਹੀ ਨਗਰ ਕੀਰਤਨ ਦੀ ਸਮਾਪਤੀ ਤੇ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿਤਾ।
ਸ਼ੰਦੇਸ਼ ਦਿੰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਜੀ ਦੀ ਕੁਰਬਾਨੀ ਮਹਾਨ ਹੈ, ਵਿਰਲੇ ਬੰਦਿਆਂ ਨੂੰ ਹੀ ਬਾਬਾ ਦਾ ਤਖ਼ਤ ਮਿਲਦਾ ਹੈ। ਹੁਣ ਤੱਕ ਇਹ ਤਖ਼ਤ ਬਾਬਾ ਦੀਪ ਸਿੰਘ, ਬਾਬਾ ਬਿਧੀ ਚੰਦ ਜੀ ਨੂੰ ਮਿਲਿਆ ਹੈ। ਬਾਬਾ ਸ਼ਬਦ ਸਿੱਖੀ ਦੇ ਵਿਚ ਅਹਿਮ ਸਥਾਨ ਰੱਖਦਾ ਹੈ। ਛੋਟੇ ਸਾਹਿਬਜਾਦਿਆਂ ਨੂੰ ਇਸ ਧਰਤੀ 'ਤੇ ਨੀਹਾਂ ਵਿਚ ਚਿਣਵਾਇਆ ਗਿਆ ਸੀ। ਅੱਜ ਸਿੱਖ-ਸਿੱਖ 'ਤੇ ਸ਼ੱਕ ਕਰਦਾ ਹੈ। ਸਿਖੀ ਦੇ ਵਿਚ ਧੜੇਬੰਦੀ ਬਹੁਤ ਵੱਧ ਗਈ ਹੈ।
ਸਾਡੇ ਜੋ ਨੌਜਵਾਨ ਹਨ, ਉਹਨਾਂ ਦਾ ਦਿਮਾਗ ਬਾਹਰ ਜਾਣ ਵਿਚ ਲੱਗਾ ਹੋਇਆ ਹੈ। ਕੀ ਸਾਨੂੰ ਇਥੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ? ਜੇਕਰ ਅਸੀਂ ਬਾਹਰ ਚਲੇ ਗਏ ਤਾਂ ਇਥੇ ਸ਼ਹੀਦੀ ਦਿਹਾੜੇ ਕੌਣ ਮਨਾਵਏਗਾ। ਕੀ ਏਥੇ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ?? ਜੋ ਹਾਲਾਤ ਹਨ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਹੀਂ ਮਿਲਣੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸਰਹਿੰਦ ਲਿਆਂਦਾ ਜਾਵੇ ਤੇ ਉਹਨਾਂ ਨੂੰ ਛੋਟੇ ਸਾਹਿਬਜਾਦਿਆਂ ਬਾਰੇ ਦਸਿਆ ਜਾਵੇ। ਉਹਨਾਂ ਨੇ ਕਿਹਾ ਕਿ ਅੱਜ ਸਿੱਖ ਪਰਿਵਾਰਾਂ ਦੇ ਬੱਚੇ ਕ੍ਰਿਸਮਿਸ਼ ਮਨਾ ਰਹੇ ਹਨ ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ। ਅੱਜ ਸਿਖੀ ਖ਼ਤਮ ਹੋਣ ਦੇ ਕਿਨਾਰੇ ਹੈ। ਅੱਜ ਪੰਜਾਬ ਦੀ ਧਰਤੀ ਸ਼ਰਾਬ ਤੇ ਤੰਬਾਕੂ ਸ਼ਰੇਆਮ ਵਿਕ ਰਿਹਾ ਹੈ, ਸਾਨੂੰ ਸੋਚਣ ਦੀ ਜ਼ਰੂਰਤ ਹੈ।