
ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਦਅਬੀ ਦੀਆਂ ਘਟਨਾਵਾਂ ਨਾ ਪਹਿਲੀ ਸਰਕਾਰ ਵੇਲੇ ਰੁਕੀਆਂ ਅਤੇ...
ਲੁਧਿਆਣਾ, 19 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ): ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਦਅਬੀ ਦੀਆਂ ਘਟਨਾਵਾਂ ਨਾ ਪਹਿਲੀ ਸਰਕਾਰ ਵੇਲੇ ਰੁਕੀਆਂ ਅਤੇ ਨਾ ਹੀ ਹੁਣ ਦੀ ਸਰਕਾਰ ਵਿਚ ਰੁਕ ਰਹੀਆਂ ਹਨ ਜਿਸ ਦੇ ਹੱਲ ਲਈ ਤਖ਼ਤਾਂ ਦੇ ਥਾਪੇ ਜਥੇਦਾਰਾਂ ਵਲੋਂ ਗੁਰਦਵਾਰਾ ਪ੍ਰਬੰਧਕ ਲਹਿਰ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੀ ਸ਼ੁਰੂਆਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਭ ਤੋਂ ਨਜ਼ਦੀਕੀ ਗੁਰੂ ਘਰਾਂ ਦੇ ਵਜੀਰ ਗੰ੍ਰਥੀ ਸਿੰਘਾਂ ਅਤੇ ਪਾਠੀ ਸਿੰਘਾਂ ਨਾਲ ਪੰਜਾਬ ਭਰ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਕਿ ਅਜਿਹੀਆਂ ਘਟਨਾਵਾਂ ਤੇ ਰੋਕ ਲਗੇ ਅਤੇ ਗੰ੍ਰਥੀ ਤੇ ਪਾਠੀ ਸਿੰਘਾਂ ਦੀਆਂ ਸਮੱਸਿਆਵਾਂ ਹੱਲ ਹੋਣ।
ਅੱਜ ਲੁਧਿਆਣਾ ਦੇ ਗਊਘਾਟ ਸਾਹਿਬ ਗੁਰਦਵਾਰਾ ਸਾਹਿਬ ਪੁੱਜੇ ਭਾਈ ਮੰਡ ਨਾਲ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਚੀਮਾ ਵਲੋਂ ਗ੍ਰੰਥੀ ਤੇ ਪਾਠੀ ਸਿੰਘਾਂ ਅਤੇ ਪਾਰਟੀ ਵਰਕਰਾਂ ਨਾਲ ਭਰਵੀਂ ਮੀਟਿੰਗ ਕਰਵਾਈ ਗਈ। ਭਾਈ ਮੰਡ ਨੇ ਕਿਹਾ ਕਿ ਕਈ ਸਮੱਸਿਆਵਾਂ ਕਾਰਨ ਹੀ ਗੁਰੂ ਘਰਾਂ ਦੇ ਵਜੀਰ ਦੇ ਇਸ ਅਹਿਮ ਸਤਿਕਾਰਤ ਅਹੁਦੇ 'ਤੇ ਕੋਈ ਅਮੀਰ ਵਿਅਕਤੀ ਸੇਵਾ ਨਹੀਂ ਕਰਦਾ ਤੇ ਜੋ ਗ਼ਰੀਬ ਸਿੱਖ ਇਹ ਸੇਵਾ ਨਿਭਾ ਰਿਹਾ ਹੈ, ਉਸ ਨੂੰ ਗੁਰਦਵਾਰਿਆਂ ਦੀਆਂ ਕਮੇਟੀਆਂ ਤੇ ਆਮ ਸਿੱਖ ਬਿਨਾਂ ਕਾਰਨ ਦਬਕੇ ਮਾਰਦੇ ਰਹਿੰਦੇ ਹਨ।
ਅੱਜ ਗ੍ਰੰਥੀ ਤੇ ਪਾਠੀ ਸਿੰਘ ਇਸ ਸੇਵਾ 'ਤੇ ਅਪਣੇ ਆਪ ਨੂੰ ਫਸੇ ਮਹਿਸੂਸ ਕਰਦੇ ਹਨ ਅਤੇ ਅਪਣੇ ਬੱਚਿਆਂ ਨੂੰ ਇਸ ਸੇਵਾ ਤੋਂ ਦੂਰ ਰਹਿਣ ਲਈ ਕਹਿੰਦੇ ਆਮ ਸੁਣੇ ਜਾ ਸਕਦੇ ਹਨ। ਉਨ੍ਹਾਂ ਗੰ੍ਰਥੀ ਤੇ ਪਾਠੀ ਸਿੰਘਾਂ ਨੂੰ ਕਿਹਾ ਕਿ ਤੁਸੀ ਸਾਡੇ ਨਾਲ ਜੁੜੋ ਅਤੇ ਅਸੀਂ ਤੁਹਾਡੇ ਲਈ ਲੜਾਂਗੇ।
ਉਨ੍ਹਾਂ ਕਿਹਾ ਕਿ ਉਹ ਅਜਿਹੀ ਨੀਤੀ ਬਣਾ ਰਹੇ ਹਾਂ ਕਿ 40 ਕਿਲਿਆਂ ਦਾ ਮਾਲਕ ਜਾਂ ਚੰਗੇ ਕਾਰੋਬਾਰ ਵਾਲਾ ਸਿੱਖ ਵੀ ਗੰ੍ਰਥੀ ਸਿੰਘ ਬਣਨ ਨੂੰ ਪਹਿਲ ਦੇਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹਰ ਜ਼ਿਲ੍ਹੇ ਵਿਚ 21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਜੋ ਅਪਣੇ-ਅਪਣੇ ਜ਼ਿਲ੍ਹੇ ਦਾ ਪ੍ਰਬੰਧ ਚਲਾਉਣਗੀਆਂ ਤੇ ਉਸ ਤੋਂ ਬਾਅਦ ਸੂਬੇ ਭਰ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਜਥਦਾਰ ਚੀਮਾ ਵਲੋਂ ਭਾਈ ਮੰਡ ਨੂੰ ਸਨਮਾਨਤ ਵੀ ਕੀਤਾ ਗਿਆ।