
ਤਰਨਤਾਰਨ, 5 ਜੂਨ ਦੀ ਰਾਤ ਵੀ ਗੋਲੀਬਾਰੀ ਵਿਚ ਲੰਘ ਗਈ । 6 ਜੂਨ ਦਾ ਦਿਨ ਚੜ੍ਹ ਆਇਆ, ਸੰਤਾਂ ਦੇ ਨਿਜੀ ਸਹਾਇਕ ਭਾਈ ਰਸ਼ਪਾਲ ਸਿੰਘ ਅਪਣੀ ਸਿੰਘਣੀ ਬੀਬੀ ਪ੍ਰੀਤਮ ਕੌਰ ਅਤੇ...
6 june 1984ਤਰਨਤਾਰਨ, 5 ਜੂਨ ਦੀ ਰਾਤ ਵੀ ਗੋਲੀਬਾਰੀ ਵਿਚ ਲੰਘ ਗਈ । 6 ਜੂਨ ਦਾ ਦਿਨ ਚੜ੍ਹ ਆਇਆ, ਸੰਤਾਂ ਦੇ ਨਿਜੀ ਸਹਾਇਕ ਭਾਈ ਰਸ਼ਪਾਲ ਸਿੰਘ ਅਪਣੀ ਸਿੰਘਣੀ ਬੀਬੀ ਪ੍ਰੀਤਮ ਕੌਰ ਅਤੇ ਨਵਜਾਤ ਪੁੱਤਰ ਮਨਪ੍ਰੀਤ ਸਿੰਘ ਨੂੰ ਲੈ ਕੇ ਪਰਿਕਰਮਾ ਵਿਚ ਹੀ ਸਨ ਕਿ ਮਨਪ੍ਰੀਤ ਸਿੰਘ ਜਿਸ ਦੀ ਉਮਰ ਮਹਿਜ਼ 15 ਦਿਨ ਸੀ, ਨੂੰ ਗੋਲੀ ਲੱਗੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੀਬੀ ਪ੍ਰੀਤਮ ਕੌਰ ਨੇ ਅਪਣੇ ਕੁੱਛੜ ਤੋਂ ਬੇਟੇ ਦੀ ਲਾਸ਼ ਛੱਡੀ ਤੇ ਅਪਣੇ ਪਤੀ ਪਿੱਛੇ ਚੱਲ ਪਈ। ਕੁੱਝ ਸਮੇਂ ਬਾਅਦ ਭਾਈ ਰਸ਼ਪਾਲ ਸਿੰਘ ਵੀ ਸ਼ਹੀਦ ਹੋ ਗਏ।
ਅੱਜ ਦੇ ਦਿਨ ਹੀ ਸਵੇਰੇ 8/30 ਤੇ ਭਾਈ ਅਮਰੀਕ ਸਿੰਘ ਝੰਡੇ ਬੁੰਗੇ ਵਾਲੇ ਕਮਰੇ ਇਕ ਜ਼ਖ਼ਮੀ ਹਾਲਾਤ ਵਿਚ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਅਪਣੇ ਸਾਥੀ ਸਿੰਘਾਂ ਨਾਲ ਅਕਾਲ ਤਖ਼ਤ ਤੋਂ ਬਾਹਰ ਆਏ। ਉਨ੍ਹਾਂ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ। ਸਾਥੀ ਸਿੰਘਾਂ ਨਾਲ ਸੰਤ ਅਕਾਲ ਤਖ਼ਤ ਤੋਂ ਬਾਹਰ ਆਏ ਦਰਬਾਰ ਸਾਹਿਬ ਵਲ ਮੱਥਾ ਟੇਕਣ ਲਈ ਚਲੇ। ਅਜੇ ਸੰਤ ਨਿਸ਼ਾਨ ਸਾਹਿਬਾਂ ਵਿਚਕਾਰ ਪੁੱਜੇ ਹੀ ਸਨ ਕਿ ਇਕ ਬਰਸਟ ਆਇਆ ਜਿਸ ਦੇ ਲੱਗਣ ਨਾਲ ਸੰਤ ਮੌਕੇ 'ਤੇ ਹੀ ਸ਼ਹੀਦ ਹੋ ਗਏ। ਕੁੱਝ ਸਮੇਂ ਬਾਅਦ ਭਾਈ ਅਮਰੀਕ ਸਿੰਘ ਵੀ ਸ਼ਹੀਦ ਹੋ ਗਏ।
6 june 1984ਸ੍ਰੀ ਦਰਬਾਰ ਸਾਹਿਬ ਪ੍ਰਕਰਮਾ ਅੰਦਰ ਗੋਲੀ ਚਲਦੀ ਰਹੀ। ਫ਼ੌਜੀ ਜਰਨੈਲਾਂ ਨੇ ਐਲਾਨ ਕੀਤਾ ਕਿ ਦਰਬਾਰ ਸਾਹਿਬ ਵਿਚ ਜੇ ਕੋਈ ਹੈ ਤੇ ਬਾਹਰ ਆ ਜਾਵੇ। ਦਰਬਾਰ ਸਾਹਿਬ ਅੰਦਰ ਆਖ਼ਰੀ ਵਾਰ 6 ਜੂਨ ਨੂੰ ਆਸਾ ਦੀ ਵਾਰ ਦਾ ਕੀਰਤਨ ਹੋਇਆ। ਆਖ਼ਰੀ ਕੀਰਤਨ ਕਰਨ ਵਾਲੇ ਬਾਬਾ ਸੰਤੋਖ ਸਿੰਘ ਕੀਰਤਨ ਕਰ ਰਹੇ ਸਨ ਕਿ ਅਚਾਨਕ ਇਕ ਗੋਲੀ ਆਈ ਜੋ ਨਾਲ ਕੀਰਤਨ ਕਰਦੇ ਭਾਈ ਅਵਤਾਰ ਸਿੰਘ ਪਰੋਵਾਲ ਦੇ ਲੱਗੀ ਤੇ ਉਹ ਮੌਕੇ 'ਤੇ ਸ਼ਹੀਦ ਹੋ ਗਏ। ਐਲਾਨ ਸੁਣ ਕੇ ਕਰੀਬ 25 ਸਿੰਘ ਬਾਹਰ ਆਏ। 2 ਗ੍ਰੰਥੀ ਗਿਆਨੀ ਮੋਹਨ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਤੇ ਗਿਆਨੀ ਪੂਰਨ ਸਿੰਘ ਗ੍ਰੰਥੀ ਦਰਬਾਰ ਸਾਹਿਬ ਹੀ ਅੰਦਰ ਸਨ।
Attack on Sri Harmandir Sahib
ਫ਼ੌਜੀ ਦਰਬਾਰ ਸਾਹਿਬ ਆਏ ਤੇ ਉਨ੍ਹਾਂ ਦੋਵਾਂ ਗ੍ਰੰਥੀਆਂ ਨੂੰ ਹੱਥ ਖੜੇ ਕਰ ਕੇ ਬਾਹਰ ਆਉਣ ਲਈ ਕਿਹਾ। ਦੋਹਾਂ ਨੇ ਇਨਕਾਰ ਕਰ ਦਿਤਾ ਕਿ ਉਹ ਹੱਥ ਖੜੇ ਕਰ ਕੇ ਬਾਹਰ ਨਹੀਂ ਆਉਣਗੇ। ਫ਼ੌਜੀ ਅਪਣੀ ਗੱਲ 'ਤੇ ਅੜੇ ਸਨ ਪਰ ਗ੍ਰੰਥੀਆਂ ਦੀ ਜਿਦ ਮੂਹਰੇ ਉਨ੍ਹਾਂ ਦੀ ਨਹੀਂ ਚਲੀ। ਗ੍ਰੰਥੀਆਂ ਤੇ ਫ਼ੌਜੀਆਂ ਦੀ ਗੱਲਬਾਤ ਦੌਰਾਨ ਜਰਨਲ ਕੁਲਦੀਪ ਬਰਾੜ ਵੀ ਆ ਗਿਆ। ਉਸ ਨੇ ਦਸਿਆ ਕਿ ਉਹ ਵੀ ਸਿੱਖ ਹੈ। ਗ੍ਰੰਥੀਆਂ ਨੂੰ ਬਾਹਰ ਲੈ ਜਾਇਆ ਗਿਆ।
ਓਧਰ ਸੰਤਾਂ ਦੀ ਲਾਸ਼ ਨੂੰ ਫ਼ੌਜੀ ਲੈ ਕੇ ਘੰਟਾ ਘਰ ਪੁੱਜੇ। ਲਾਸ਼ ਨੂੰ ਤਸਦੀਕ ਕਰਵਾਉਣ ਲਈ ਲੋਕਾਂ ਦੀ ਖੋਜ ਹੋਣ ਲਗੀ। ਸੰਤਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਜੋ ਜਲੰਧਰ ਵਿਚ ਤੈਨਾਤ ਸਨ, ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਸ਼ਾਮ ਨੂੰ ਕੈਪਟਨ ਰੋਡੇ ਅੰਮ੍ਰਿਤਸਰ ਆ ਗਏ ਅਤੇ ਉਨ੍ਹਾਂ ਸੰਤਾਂ ਦੀ ਲਾਸ਼ ਵੇਖ ਕੇ ਤਸਦੀਕ ਕੀਤਾ। ਫਿਰ ਉਸ ਵੇਲੇ ਮੁੜ ਤਸਦੀਕ ਕਰਵਾਉਣ ਲਈ ਤਤਕਾਲੀ ਸੂਚਨਾ ਅਧਿਕਾਰੀ ਨਰਿੰਦਰਜੀਤ ਸਿੰਘ ਨੰਦਾ ਨੂੰ ਲਿਆਂਦਾ ਗਿਆ। ਉਨ੍ਹਾਂ ਵੀ ਤਸਦੀਕ ਕੀਤਾ ਕਿ ਇਹ ਲਾਸ਼ ਸੰਤ ਜਰਨੈਲ ਸਿੰਘ ਖ਼ਾਲਸਾ ਦੀ ਹੀ ਹੈ। ਗੋਲੀ ਚਲ ਰਹੀ ਸੀ।
ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸਰੋਵਰ ਵਿਚ ਲਾਸ਼ਾਂ ਹੀ ਲਾਸ਼ਾਂ ਸਨ। ਜ਼ਖ਼ਮੀ ਕਰਹਾ ਰਹੇ ਸਨ। ਕੁੱਝ ਲੋਕਾਂ ਨੂੰ ਬੰਦੀ ਬਣਾ ਕੇ ਪਰਿਕਰਮਾ ਵਿਚ ਬਿਠਾਇਆ ਗਿਆ ਸੀ।ਦੂਜੇ ਪਾਸੇ ਸ੍ਰੀ ਗੁਰੂ ਰਾਮਦਾਸ ਸਰਾਂ 'ਤੇ ਵੀ ਫ਼ੌਜ ਕਬਜ਼ਾ ਕਰ ਚੁੱਕੀ ਸੀ। ਫ਼ੌਜੀਆਂ ਦਾ ਵਤੀਰਾ ਆਮ ਨਾਗਰਿਕਾਂ ਨਾਲ ਘਟੀਆ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ ਆਦਿ ਨੂੰ ਫ਼ੌਜ ਨੇ ਹਿਰਾਸਤ ਵਿਚ ਲੈ ਲਿਆ। ਸ੍ਰੀ ਗੁਰੂ ਰਾਮਦਾਸ ਸਰਾਂ ਦੇ ਅੰਦਰ ਮੌਜੂਦ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਸਰਾਂ ਦੇ ਵਿਹੜੇ ਅੰਦਰ ਬਿਠਾਇਆ ਹੋਇਆ ਸੀ।
Attack on Sri Darbar Sahib
ਗਰਮੀ ਕਾਰਨ ਹਰ ਕੋਈ ਔਖਾ ਸੀ। ਕਿਸੇ ਨੂੰ ਪਾਣੀ ਪੀਣ ਦੀ ਵੀ ਇਜਾਜ਼ਤ ਨਹੀਂ ਸੀ। ਸਰਾਂ ਵਿਚ ਗੰਦਾ ਪਾਣੀ ਜੋ ਗਟਰ ਤੇ ਨਾਲੀਆਂ ਦਾ ਸੀ, ਪੀਣ ਨੂੰ ਵੀ ਲੋਕ ਤਰਸੇ ਹੋਏ ਸਨ। ਬੱਚਿਆਂ ਦਾ ਭੁੱਖ ਪਿਆਸ ਨਾਲ ਜੋ ਹਾਲ ਸੀ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਚਾਨਕ ਇਕ ਬੰਬ ਉਪਰੋਂ ਆਇਆ ਤੇ ਬੈਠੇ ਲੋਕਾਂ ਦੇ ਵਿਚਕਾਰ ਫਟਿਆ। ਅਣਗਿਣਤ ਲੋਕਾਂ ਦੇ ਚਿੱਥੜੇ ਉਡ ਗਏ। ਲੱਗ ਰਿਹਾ ਸੀ ਜਿਵੇਂ ਮਨੁੱਖਤਾ ਖੰਭ ਲਗਾ ਕੇ ਉਡ ਗਈ ਹੋਵੇ। ਕਿਸੇ ਨੂੰ ਕਿਸੇ 'ਤੇ ਤਰਸ ਨਹੀਂ ਆ ਰਿਹਾ।
ਸਰਾਂ ਦੇ ਬਾਹਰ ਲੰਗਰ ਹਾਲ ਦੇ ਗੇਟ ਮੂਹਰੇ ਵੀ ਫੜੇ ਗਏ ਲੋਕ ਬਿਠਾਏ ਹੋਏ ਸਨ। ਅੱਜ ਮਨੁੱਖਤਾ ਦਾ ਘਰ ਉਦਾਸ ਨਜ਼ਰ ਆ ਰਿਹਾ ਹੈ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਆਟਾ ਮੰਡੀ ਗੇਟ ਅਗੇ ਫੜੇ ਗਏ ਲੋਕ ਬਿਠਾਏ ਹੋਏ ਸਨ। ਗੁਰਮੀ ਤੇ ਜ਼ਮੀਨ ਦੀ ਤਪਸ਼ ਕਰਕੇ ਸਰੀਰ ਦਾ ਮਾਸ ਵੀ ਉਤਰ ਰਿਹਾ ਸੀ। ਭੁੱਖ ਪਿਆਸ ਕਰਕੇ ਹਾਲਾਤ ਖਰਾਬ ਸਨ।
ਫਾਇਰਿੰਗ ਘੱਟ ਹੋ ਜਾਣ ਤੋਂ ਬਾਅਦ ਜਖਮੀ ਫੌਜ਼ੀਆ ਤੇ ਮਾਰੇ ਗਏ ਫ਼ੌਜੀਆਂ ਦੀਆਂ ਲਾਸ਼ਾਂ ਹਟਾਉਣ ਦਾ ਕੰਮ ਫ਼ੌਜ ਨੇ ਸ਼ੁਰੂ ਕਰ ਦਿਤਾ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਇਕ ਵਿਸ਼ੇਸ਼ ਗੱਡੀ ਆ ਚੁਕੀ ਸੀ ਜਿਸ ਵਿਚ ਸਾਰੀਆਂ ਮੈਡੀਕਲ ਸਹੂਲਤਾਂ ਸਨ। ਜ਼ਖ਼ਮੀ ਹੋਏ ਫ਼ੌਜੀਆਂ ਨੂੰ ਇਥੇ ਲਿਆ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਮਾਰੇ ਗਏ ਫ਼ੌਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਸਥਾਨਕ ਦੁਰਗਿਆਣਾ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਸੀ।