
ਬਾਦਲਾਂ ਨੂੰ ਗੁਰਧਾਮਾਂ ਦੇ ਪ੍ਰਬੰਧ ’ਚੋਂ ਕਢਣਾ ਅਤਿ ਜ਼ਰੂਰੀ : ਪੰਥਕ ਆਗੂ
SGPC Election News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਥਕ ਜਥੇਬੰਦੀਆਂ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਪੰਥਕ ਜਥੇਬੰਦੀਆਂ ਦੇ ਗੁਰਸਿੱਖਾਂ ਨੇ ਇਕ ਹੰਗਾਮੀ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਆਗੂਆਂ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਪੰਥ ਦੋਖੀ ਬਾਦਲਕਿਆਂ ਨੂੰ ਗੁਰਧਾਮਾਂ ਦੇ ਪ੍ਰਬੰਧ ’ਚੋਂ ਕਢਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ, ਪੰਥ ਸੇਵਕ ਜੁਝਾਰੂ ਸ਼ਖ਼ਸੀਅਤ ਭਾਈ ਦਲਜੀਤ ਸਿੰਘ ਬਿੱਟੂ, ਦਲ ਖ਼ਾਲਸਾ ਅਤੇ ਹੋਰ ਪੰਥਕ ਗਰੁਪ ਇਕ ਮੰਚ ’ਤੇ ਇਕੱਠੇ ਹੋਣ ਤੇ ਬਾਦਲ ਦਲ ਦੇ ਉਮੀਦਵਾਰ ਵਿਰੁਧ ਪੰਥਕ ਜਥੇਬੰਦੀਆਂ ਦਾ ਇਕੋ-ਇਕ ਸਾਂਝਾ ਉਮੀਦਵਾਰ ਹੋਵੇ ਤਾਂ ਜੋ ਬਾਦਲਾਂ ਨੂੰ ਤਕੜੀ ਟੱਕਰ ਦੇ ਕੇ ਹਰਾਇਆ ਜਾ ਸਕੇ ਤੇ ਗੁਰਧਾਮਾਂ ਦਾ ਪ੍ਰਬੰਧ ਸੁਹਿਰਦ ਅਤੇ ਪੰਥਕ ਜਜ਼ਬੇ ਵਾਲੇ ਗੁਰਸਿੱਖਾਂ ਦੇ ਹੱਥ ਹੋਵੇ ਜਿਸ ਨਾਲ ਸਿੱਖੀ ਸਿਧਾਂਤਾਂ ਦੀ ਰਾਖੀ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇ। ਜਥੇਦਾਰ ਭਾਈ ਗੁਰਨੇਕ ਸਿੰਘ (ਕਲਗੀਧਰ ਅੰਮ੍ਰਿਤ ਸੰਚਾਰ ਜਥਾ), ਭਾਈ ਸੁਖਜੀਤ ਸਿੰਘ ਖੋਸੇ (ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ), ਭਾਈ ਨਰੈਣ ਸਿੰਘ ਚੌੜਾ (ਪ੍ਰਧਾਨ ਅਕਾਲ ਫ਼ੈਡਰੇਸ਼ਨ), ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ (ਮੁੱਖ ਸੇਵਾਦਾਰ ਜਥਾ ਸਿਰਲੱਥ ਖ਼ਾਲਸਾ), ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ), ਸਿੱਖ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ, ਜਥੇਦਾਰ ਭਾਈ ਸੁਖਦੇਵ ਸਿੰਘ ਬੰਡਾਲਾ (ਸੀਨੀਅਰ ਆਗੂ ਦਮਦਮੀ ਟਕਸਾਲ), ਭਾਈ ਸੁਖਰਾਜ ਸਿੰਘ ਨਿਆਮੀ ਵਾਲਾ (ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ), ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਸੋਹਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਕੁਲਦੀਪ ਸਿੰਘ ਮੋਦੇ, ਭਾਈ ਲਖਬੀਰ ਸਿੰਘ ਮਹਾਲਮ ਅਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫ਼ਰਾਂਸ ਆਦਿ ਨੇ ਸ਼ਮੂਲੀਅਤ ਕੀਤੀ।
ਮੀਟਿੰਗ ’ਚ ਵਿਚਾਰ ਹੋਈ ਕਿ ਹਰ ਹਲਕੇ ’ਚੋਂ ਬੰਦੇ ਲੈ ਕੇ ਕਮੇਟੀ ਬਣਾਈ ਜਾਵੇ, ਉਨ੍ਹਾਂ ਵਿਚੋਂ 5 ਸਿੰਘ ਕੱਢੇ ਜਾਣ। ਲੋਕਾਂ ਨੂੰ ਦਸਣ ਦੀ ਲੋੜ ਹੈ ਕਿ ਅਸੀਂ ਧੜਾ ਨਹੀਂ ਬਣਾ ਰਹੇ ਬਲਕਿ ਸਾਰੇ ਗਰੁਪ ਇਕੱਠੇ ਕਰਨਾ ਚਾਹੁੰਦੇ ਹਾਂ। ਹਰ ਜ਼ਿਲ੍ਹੇ ਦੇ ਡੀਸੀ ਨਾਲ ਮੁਲਾਕਾਤ ਕੀਤੀ ਜਾਵੇ, ਪਤਿਤ ਵੋਟਾਂ ਨਾ ਬਣਨ ਦਿਤੀਆਂ ਜਾਣ, ਵੱਧ ਤੋਂ ਵੱਧ 15 ਨਵੰਬਰ ਤਕ ਵੋਟਾਂ ਬਣਾਈਆਂ ਜਾਣ। ਸਮਾਪਤੀ ’ਤੇ 11 ਸਿੰਘਾਂ ਦੀ ਇਕ ਕਮੇਟੀ ਬਣਾਈ ਗਈ ਜੋ ਸ਼੍ਰੋਮਣੀ ਕਮੇਟੀ ਚੋਣਾਂ ’ਚ ਆ ਰਹੀਆਂ ਮੁਸ਼ਕਲਾਂ ਸਬੰਧੀ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ । ਇਸ ਮੌਕੇ ਭਾਈ ਗੁਰਮੀਤ ਸਿੰਘ ਖ਼ਾਲਸਾ, ਕੁਲਦੀਪ ਸਿੰਘ ਧਾਰੜ, ਰਾਜਨ ਨਾਗੀ ਤੇ ਹੋਰ ਹਾਜ਼ਰ ਸਨ।