
ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਮਾਮਲਾ ਅਕਾਲ ਤਖ਼ਤ ਸਾਹਿਬ 'ਤੇ ਆ ਗਿਆ ਹੈ
ਅੰਮ੍ਰਿਤਸਰ : ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਮਾਮਲਾ ਅਕਾਲ ਤਖ਼ਤ ਸਾਹਿਬ 'ਤੇ ਆ ਗਿਆ ਹੈ। ਅੱਜ ਵੱਖ-ਵੱਖ ਧਾਰਮਕ ਤੇ ਰਾਜਨੀਤਕ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਹੈ ਕਿ ਕਾਰਸੇਵਾ ਦੀ ਆੜ ਹੇਠ ਸਿੱਖ ਕੌਮ ਦੇ ਕੀਤੇ ਜਾ ਰਹੇ ਇਤਿਹਾਸਕ ਉਜਾੜੇ ਨੂੰ ਰੋਕਣ ਲਈ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਹੈਰੀਟੇਜ ਕਮਿਸ਼ਨ ਕਾਇਮ ਕੀਤਾ ਜਾਏ। ਕਮਿਸ਼ਨ ਕਾਇਮ ਕਰਨ ਬਾਰੇ ਜਥੇਦਾਰ ਨੇ ਹਾਮੀ ਵੀ ਭਰੀ ਹੈ।
ਹੈਰੀਟੇਜ ਕਮਿਸ਼ਨ ਦੀ ਮੰਗ ਕਰਨ ਵਾਲਿਆਂ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਸਿੱਖ ਸੰਸਥਾ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ,ਦਰਬਾਰ-ਏ-ਖ਼ਾਲਸਾ ਦੇ ਭਾਈ ਹਰਜਿੰਦਰ ਸਿੰਘ ਮਾਝੀ, ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਵੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪੁਜੇ।
ਜਥੇਦਾਰ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। 'ਜਥੇਦਾਰ' ਨੇ ਵਿਸ਼ਵਾਸ ਦਿਵਾਇਆ ਹੈ ਕਿ 50 ਸਾਲਾਂ ਤੋਂ ਵੱਧ ਪੁਰਾਣੀਆਂ ਇਮਾਰਤਾਂ ਨੂੰ ਢਾਹੇ ਜਾਣ ਅਤੇ ਮੁਰੰਮਤ ਕਰਨ ਤੋਂ ਪਹਿਲਾਂ ਹੈਰੀਟੇਜ ਕਮਿਸ਼ਨ ਕੋਲੋਂ ਮੰਜ਼ੂਰੀ ਲੈਣੀ ਹੋਵੇਗੀ। ਸਿੱਖ ਜਥੇਬੰਦੀਆਂ ਨੇ ਗੁ: ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਦਾ ਜ਼ਿਕਰ ਕਰਦਿਆਂ ਇਨ੍ਹਾਂ ਜਥੇਬੰਦੀਆਂ ਨੇ 'ਸਿੱਖ ਹੈਰੀਟੇਜ ਕਮਿਸ਼ਨ' ਦੇ ਗਠਨ ਦਾ ਸੁਝਾਅ ਦਿਤਾ ਜਿਸ ਨੂੰ ਪ੍ਰਵਾਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਕ ਅਜਿਹਾ ਕਮਿਸ਼ਨ ਜੋ ਸਿੱਧੇ ਤੌਰ 'ਤੇ ਅਕਾਲ ਤਖ਼ਤ ਸਾਹਿਬ ਦੇ ਅਧੀਨ ਹੋਵੇ ਜਲਦ ਹੀ ਕਾਇਮ ਕੀਤਾ ਜਾਵੇਗਾ।
ਇਸ ਵਿਚ ਵਿਸ਼ਵ ਪਧਰੀ ਪੁਰਾਤਤਵ ਤਕਨੀਕੀ ਮਾਹਰ, ਸਿੱਖ ਇਤਿਹਾਸਕਾਰ ਅਤੇ ਇਸ ਵਿਸ਼ੇ ਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਪੰਥਕ ਨੁਮਾਇੰਦੇ ਅਤੇ ਸ਼੍ਰੋਮਣੀ ਕਮੇਟੀ ਦਾ ਵੀ ਇਕ ਨੁਮਾਇੰਦਾ ਸ਼ਾਮਲ ਕੀਤਾ ਜਾਵੇਗਾ ਅਤੇ ਪੰਜਾਬ ਤੋਂ ਬਾਹਰ ਇਸ ਕਮਿਸ਼ਨ ਦੇ ਹੇਠ ਸਬ ਕਮੇਟੀਆਂ ਬਣਾਵਾਂਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਮੰਗ ਕੀਤੀ
ਕਿ ਡਿਉਢੀ ਢਾਹੁਣ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਏ ਅਤੇ ਪੰਥ ਵਿਚੋਂ ਹੀ ਛੇਕ ਦਿਤਾ ਜਾਏ। ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਾਂਚ ਰੀਪੋਰਟ ਵਿਚ ਕੁੱਝ ਕਮੇਟੀ ਅਧਿਕਾਰੀਆਂ ਦੀ ਕਾਰਜਸ਼ੈਲੀ ਵੱਲ ਵੀ ਉਂਗਲਾਂ ਉਠੀਆਂ ਹਨ। ਇਕ ਮਹੀਨੇ ਦੇ ਅੰਦਰ ਸਾਰਾ ਮਾਮਲਾ ਸਾਫ਼ ਹੋ ਜਾਵੇਗਾ। ਦੋਸ਼ੀ ਕੋਈ ਵੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ।