
ਦੂਜੇ ਦਿਨ ਵੀ ਢਾਡੀ ਸਭਾ ਨੇ ਢਾਡੀ ਦਰਬਾਰ ਹੈਰੀਟੇਜ ਪਲਾਜ਼ਾ 'ਚ ਸਜਾਇਆ
ਅੰਮ੍ਰਿਤਸਰ, 7 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਐਮ.ਏ ਨੇ ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪੀ.ਏ ਦੀ ਡਿਊਟੀ ਨਿਭਾ ਰਹੇ ਸਤਿੰਦਰਪਾਲ ਸਿੰਘ ਸੋਨੀ 'ਤੇ ਦੋਸ਼ ਲਗਾਇਆ ਕਿ ਉਸ ਨੇ ਇਕ ਡੂੰਘੀ ਸਾਜ਼ਸ਼ ਤਹਿਤ ਅਕਾਲ ਤਖ਼ਤ ਤੋਂ ਰੋਜ਼ਾਨਾ ਹੋਣ ਵਾਲੇ ਢਾਡੀ ਦੀਵਾਨ ਬੰਦ ਕਰਵਾ ਦਿਤੇ ਹਨ। ਰੋਜ਼ਾਨਾ 4 ਢਾਡੀ ਜਥੇ (ਕੁਲ 16 ਮੈਂਬਰ) 2 ਪ੍ਰਚਾਰਕ ਡਿਊਟੀ ਕਰਦੇ ਸਨ, ਜਿਨ੍ਹਾਂ ਨਾਲ 6 ਪਰਵਾਰਾਂ ਦੇ ਘਰ ਸੰਗਤਾਂ ਵਲੋਂ ਦਿਤੀ ਜਾਂਦੀ ਮਾਇਆ ਪਹੁੰਚਦੀ ਸੀ ਤੇ ਘਰ ਦਾ ਗੁਜ਼ਾਰਾ ਹੁੰਦਾ ਸੀ, ਪਰ ਜਥੇਦਾਰ ਦੇ ਪੀ.ਏ ਵਲੋਂ ਹਊਮੇ ਤੇ ਹੰਕਾਰ ਵਸ ਸਾਜ਼ਸ਼ ਕਰ ਕੇ ਢਾਡੀ ਦੀਵਾਨ ਬੰਦ ਕਰ ਕੇ 100 ਜੀਆਂ ਦੇ ਮੂੰਹ ਵਿਚੋਂ ਰੋਟੀ ਖੋਹ ਕੇ ਘੋਰ ਪਾਪ ਕੀਤਾ ਹੈ।
ਸ. ਐਮ ਏ ਨੇ ਕਿਹਾ ਕਿ ਦੋ ਸਭਾਵਾਂ ਦੀ ਕੋਈ ਲੜਾਈ ਨਹੀਂ ਹੈ, ਇਹ ਸਾਰੀ ਲੜਾਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਦੇ ਪੀ.ਏ ਦੀ ਪਾਈ ਹੋਈ ਹੈ, ਜੋ ਪਿਛਲੇ 4 ਸਾਲਾਂ ਤੋਂ ਸਾਡੀ ਸਭਾ ਵਿਰੁਧ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਹੁਣ ਵੀ ਜੋ ਬਿਆਨ ਦੂਸਰੀ ਸਭਾ ਕੋਲੋਂ ਲਗਵਾ ਰਿਹਾ ਹੈ, ਉਹ ਸਾਰੀ ਜਥੇਦਾਰ ਦੇ ਪੀ.ਏ ਦੇ ਦਿਮਾਗ ਦੀ ਉਪਜ ਹੈ ਪਰ ਅਸੀਂ ਅਪਣੇ ਰਸਤੇ 'ਤੇ ਤੁਰੇ ਜਾਵਾਂਗੇ, ਜਿੰਨੀ ਦੇਰ ਤਕ ਅਕਾਲ ਤਖ਼ਤ ਸਾਹਿਬ 'ਤੇ ਮੁੜ ਢਾਡੀ ਦੀਵਾਨ ਸ਼ੁਰੂ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਇਹ ਸਾਡੀ ਹੱਕ ਦੀ ਲੜਾਈ ਹੈ। ਸਾਨੂੰ ਛੇਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਵਿਖੇ ਵਾਰਾਂ ਗਾਉਣ ਦਾ ਹੁਕਮ ਦਿਤਾ ਨਾ ਕਿ ਮੰਜੀ ਸਾਹਿਬ ਵਿਖੇ? ਉਨ੍ਹਾਂ ਕਿਹਾ ਜਥੇਦਾਰ ਦਾ ਪੀ.ਏ ਗੁਰੂ ਨਾਲੋਂ ਸਿਆਣਾ ਹੋ ਗਿਆ ਹੈ? ਉਨ੍ਹਾਂ ਕਿਹਾ ਕਿ ਅੱਜ ਜਥੇਦਾਰ ਦੇ ਪੀ.ਏ ਦੇ ਕਹਿਣ 'ਤੇ ਢਾਡੀ ਦਰਬਾਰ ਬੰਦ ਕਰ ਦਿਤੇ ਹਨ ਪਰ ਜੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਹੁਲੜਬਾਜ਼ੀ ਹੁੰਦੀ ਹੈ, ਲੜਾਈ ਹੁੰਦੀ ਹੈ ਤੇ ਖ਼ੂਨ ਵੀ ਨਿਕਲਦਾ ਹੈ ਕਿ ਜਥੇਦਾਰ ਦੇ ਪੀ.ਏ ਨੇ ਉਸ ਸਮੇਂ ਵੀ ਅਖੰਡ ਪਾਠ ਸਾਹਿਬ ਬੰਦ ਕਰਵਾਏ ਹਨ, ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਬੰਦ ਕਰਵਾਇਆ? ਜੇ ਨਹੀਂ ਤਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਢਾਡੀ ਦਰਬਾਰ ਕਿਉਂ ਬੰਦ ਕਰਵਾਇਆ, ਜਦ ਕਿ ਪਹਿਲੀ ਮਈ ਨੂੰ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੋਇਆ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨਾਲ ਸਬੰਧਤ ਜਥਿਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਜਾਪ ਕੀਤਾ, ਫਿਰ ਧਰਮ ਸਿੰਘ ਮਾਰਕੀਟ ਵਿਚ ਹੈਰੀਟੇਜ਼ ਪਲਾਜ਼ਾ ਵਿਚ ਦੀਵਾਨ ਸਜਾਇਆ ਗਿਆ। ਸੈਂਕੜੇ ਰਾਹ ਜਾਂਦੇ ਸ਼ਰਧਾਲੂਆਂ ਨੇ ਢਾਡੀ ਵਾਰਾਂ ਦਾ ਅਨੰਦ ਉਠਾਇਆ ਤੇ ਬੰਦ ਕੀਤੇ ਗਏ ਦੀਵਾਨਾਂ 'ਤੇ ਦੁੱਖ ਪ੍ਰਗਟ ਕੀਤਾ। ਅੱਜ ਦੀ ਮੀਟਿੰਗ ਵਿਚ ਖੜਕ ਸਿੰਘ ਪਠਾਨਕੋਟ, ਜਸਬੀਰ ਸਿੰਘ ਮਾਨ, ਗੁਰਦੇਵ ਸਿੰਘ ਦਰਦੀ, ਗੁਰਭੇਜ ਸਿੰਘ ਜੌਹਲ, ਭੁਪਿੰਦਰ ਸਿੰਘ ਪਾਰਸਮਨੀ, ਨਿਸ਼ਾਨ ਸਿੰਘ ਤਲਵੰਡੀ, ਗੁਲਜਾਰ ਸਿੰਘ ਖੇੜਾ ਸਮੇਤ ਵੱਡੀ ਗਿਣਤੀ ਵਿਚ ਢਾਡੀ ਜਥੇ ਪਹੁੰਚੇ ਹੋਏ ਸਨ।