
ਜੂਨ 1984 ਦੀ 34 ਵੀ ਵਰੇ ਗੰਢ ਮੌਕੇ ਅਣਗਿਣਤ ਸਵਾਲ ਸਿੱਖ ਸੰਗਤਾਂ ਦੇ ਮਨਾਂ ਵਿਚ ਉਠੇ। ਹਰ ਕੋਈ ਲੀਡਰਸ਼ਿਪ ਕੋਲੋ ਆਪਣੇ ਸਵਾਲਾਂ ਦੇ ਜਵਾਬ ਭਾਲ ਰਿਹਾ ਸੀ...
ਤਰਨਤਾਰਨ: ਜੂਨ 1984 ਦੀ 34 ਵੀ ਵਰੇ ਗੰਢ ਮੌਕੇ ਅਣਗਿਣਤ ਸਵਾਲ ਸਿੱਖ ਸੰਗਤਾਂ ਦੇ ਮਨਾਂ ਵਿਚ ਉਠੇ। ਹਰ ਕੋਈ ਲੀਡਰਸ਼ਿਪ ਕੋਲੋ ਆਪਣੇ ਸਵਾਲਾਂ ਦੇ ਜਵਾਬ ਭਾਲ ਰਿਹਾ ਸੀ ਪਰ ਕੋਈ ਆਗੂ ਜਵਾਬ ਦੇਣ ਲਈ ਤਿਆਰ ਨਹੀਂ। ਸਿੱਖ ਸ਼ੰਘਰਸ਼ ਦੇ ਸ਼ੁਰੂਆਤੀ ਦੌਰ ਵਿਚ 29 ਸਤੰਬਰ 1981 ਨੂੰ ਭਾਰਤੀ ਜਹਾਜ ਨੂੰ ਲਾਹੌਰ ਲੈ ਜਾਣ ਵਾਲੀ ਜਥੇਬੰਦੀ ਸਿਰਫ ਰੋਸ ਮਾਰਚ ਕਰਨ, ਮੁਜਹਰਾ ਕਰਨ ਅਤੇ ਕੁਝ ਪਲੈ ਕਾਰਡ ਲੈ ਕੇ ਦਿਖਾਵਾ ਕਰਨ ਨੂੰ ਆਪਣਾ ਕੌਮੀ ਫਰਜ਼ ਪੂਰਾ ਸਮਝੀ ਬੈਠੀ ਹੈ।
ਇਸ ਸ਼ੰਘਰਸ਼ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ। ਕਰੀਬ ਅੱਧੀ ਦਰਜਨ ਫੈਡਰੇਸ਼ਨਾਂ ਹਨ। ਸਿਰਫ ਪ੍ਰਧਾਨ ਤੇ ਕੁਝ ਹੋਰ ਅਹੁਦੇਦਾਰ ਫੈਡਰੇਸ਼ਨ ਚਲਾ ਰਹੇ ਹਨ। ਕੋਈ ਵਿਦਿਆਰਥੀ ਇਹਨਾਂ ਨਾਲ ਨਹੀਂ। ਲਗਦਾ ਨਹੀਂ ਇਹ ਉਹੀ ਫੈਡਰੇਸ਼ਨ ਹੈ ਜਿਸ ਨੇ ਕਦੀ ਉਹ ਆਗੂ ਅਕਾਲੀ ਦਲ, ਕਾਂਗਰਸ ਤੇ ਹੋਰ ਰਾਜਨੀਤਕ ਪਾਰਟੀਆਂ ਨੂੰ ਦਿਤੇ ਹੋਣਗੇ ਜਿਨ੍ਹਾਂ ਦੀ ਧਾਕ ਅੱਜ ਭਾਰਤੀ ਰਾਜਨੀਤੀ ਤੇ ਨਜ਼ਰ ਆਉਂਦੀ ਹੈ।
ਇਕ ਹੋਰ ਮੁੱਖ ਧਿਰ ਅਖੰਡ ਕੀਰਤਨੀ ਜਥਾ ਵੀ 20 ਵੀ ਸਦੀ ਦੇ ਸਿੱਖ ਸ਼ੰਘਰਸ਼ ਦਾ ਹਿਸਾ ਰਿਹਾ ਸੀ। ਅੱਜ ਉਹ ਜਥਾ ਕਰੀਬ 4 ਭਾਗਾਂ ਵਿਚ ਵੰਡਿਆ ਹੋਇਆ ਹੈ। ਹੁਣ ਅਖੰਡ ਕੀਰਤਨੀ ਜਥੇ ਸਿਰਫ ਕੀਰਤਨ ਤਕ ਸੀਮਤ ਹੋ ਕੇ ਰਹਿ ਗਏ ਹਨ । ਸਿੱਖਾਂ ਦੀਆਂ ਕੌਮੀ ਮੰਗਾ ਵਲ ਜਥੇ ਦਾ ਨਾਂ ਤੇ ਧਿਆਨ ਹੈ ਤੇ ਨਾ ਹੀ ਕੋਈ ਬਹੁਤੀ ਰੁਚੀ ਹੈ। ਕਦੀ ਧਰਮ ਯੁੱਧ ਮੋਰਚੇ ਲਾ ਕੇ ਦੁਨੀਆ ਦਾ ਧਿਆਨ ਆਕਰਸ਼ਿਤ ਕਰਨ ਵਾਲਾ ਅਕਾਲੀ ਦਲ ਅੱਜਕਲ ਸਿਰਫ ਸਤ੍ਹਾ ਪ੍ਰਾਪਤੀ ਫੀ ਲੜਾਈ ਹੀ ਲੜਨ ਜੋਗਾ ਰਹਿ ਗਿਆ ਹੈ।
ਇਕ ਪਰਿਵਾਰ ਹਰ ਹਾਲਤ ਵਿਚ ਸੂਬੇ ਦੀ ਸਤ੍ਹਾ ਪ੍ਰਾਪਤ ਕਰਨ ਦੀ ਜੰਗ ਲੜ ਕੇ ਜੇਤੂ ਜਰਨੈਲਾਂ ਦੀ ਸ਼੍ਰੇਣੀ ਵਿਚ ਰਹਿਣ ਨੂੰ ਤਰਜੀਹ ਦਿੰਦਾ ਹੈ। ਜੇ ਸੂਬੇ ਦੀ ਸਤ੍ਹਾ ਨਹੀਂ ਤੇ ਕੇਂਦਰ ਸਰਕਾਰ ਵਿਚ ਕੋਈ ਛੋਟੀ ਮੋਟੀ ਵਜ਼ੀਰੀ ਤਕ ਸੀਮਤ ਹੈ ਸ਼੍ਰੋਮਣੀ ਅਕਾਲੀ ਦਲ। ਪੰਜਾਬ ਦੀਆਂ ਮੰਗਾਂ ਵਲ ਕਿਸੇ ਦਾ ਨਾਂ ਤੇ ਧਿਆਨ ਹੈ ਤੇ ਨਾ ਹੀ ਹੁਣ ਠੰਡੇ ਕਮਰਿਆਂ ਵਿਚ ਬੈਠ ਕੇ ਗੱਲ ਕਰਨ ਵਾਲੇ ਤੇ ਠੰਡੀਆ ਗੱਡੀਆਂ ਵਿਚ ਸਫਰ ਕਰਨ ਵਾਲੇ ਅਕਾਲੀ ਆਗੂ ਕੌਮੀ ਲੜਾਈ ਭੁਲ ਚੁਕੇ ਹਨ।
ਇਸ ਸਾਰੇ ਸ਼ੰਘਰਸ਼ ਦੀ ਰੁਹੇਰਾਵਾਂ ਰਹੀ ਜਥੇਬੰਦੀ ਦਮਦਮੀ ਟਕਸਾਲ ਵੀ ਕਈ ਭਾਗਾਂ ਵਿਚ ਵੰਡੀ ਹੋਈ ਹੈ। ਸੰਤ ਜਰਨੈਲ ਸਿੰਘ ਖਾਲਸਾ ਵਲੋਂ ਤਹਿ ਕੌਮੀ ਨਿਸ਼ਾਨੇ ਨੂੰ ਭੁੱਲ ਕੇ ਇਹ ਜਥੇਬੰਦੀ ਵੀ ਸਮੇ ਦੇ ਵਹਿਣ ਵਿਚ ਵਹਿ ਗਈ ਹੈ। ਕੀ ਉਹ ਨਿਸ਼ਾਨੇ ਜੋ ਉਹਨਾ ਸ਼ਹੀਦਾਂ ਨੇ ਤਹਿ ਕੀਤੇ ਸਨ ਉਹ ਪੂਰੇ ਹੋਣਗੇ।