
ਸਿੱਖ ਵਿਅਕਤੀ ਦੀ ਕੁੱਟਮਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਚੰਡੀਗੜ੍ਹ: ਸਿੱਖ ਵਿਅਕਤੀ ਦੀ ਕੁੱਟਮਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਭਰਵਾਨੀ ਜ਼ਿਲ੍ਹੇ ਦੀਆਂ ਹਨ, ਜਿੱਥੇ ਪੁਲਿਸ ਨੇ ਸਿੱਖ ਵਿਅਕਤੀ ਨਾਲ ਇਸ ਗੱਲੋਂ ਕੁੱਟਮਾਰ ਕਰਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਕਿਉਂਕਿ ਉਸ ਨੇ ਬਜ਼ਾਰ ਵਿਚ ਫੜ੍ਹੀ ਲਗਾਈ ਹੋਈ ਸੀ। ਇਹ ਸਿੱਖ ਵਿਅਕਤੀ ਤਾਲਿਆਂ ਨੂੰ ਚਾਬੀਆਂ ਲਾਉਣ ਦਾ ਕੰਮ ਕਰਦਾ ਹੈ। ਪੀੜਤ ਸਿੱਖ ਵਿਅਕਤੀ ਦਾ ਨਾਮ ਪ੍ਰੇਮ ਸਿੰਘ ਦੱਸਿਆ ਜਾ ਰਿਹਾ ਹੈ ਜੋ ਸਥਾਨਕ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਦੀ ਸੇਵਾ ਵੀ ਨਿਭਾਉਂਦਾ ਹੈ ਪਰ ਪੁਲਿਸ ਨੇ ਕਿਸੇ ਗੱਲ ਦਾ ਲਿਹਾਜ ਨਹੀਂ ਕੀਤਾ।
Sikh
ਦਰਅਸਲ ਪੁਲਿਸ ਵਾਲਿਆਂ ਨੇ ਅਪਣੀ ਵਰਦੀ ਦਾ ਰੋਹਬ ਦਿਖਾਉਂਦਿਆਂ ਗਿਆਨੀ ਪ੍ਰੇਮ ਸਿੰਘ ਤੋਂ ਬਜ਼ਾਰ ਵਿਚ ਦੁਕਾਨ ਲਗਾਉਣ ਬਦਲੇ ਪੈਸਿਆਂ ਦੀ ਮੰਗ ਕੀਤੀ, ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਬੁਰਾ ਵਰਤਾਅ ਕੀਤਾ ਅਤੇ ਉਸ ਦੀ ਦਸਤਾਰ ਉਤਾਰ ਦਿੱਤੀ। ਜਦੋਂ ਪ੍ਰੇਮ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਵਾਲਿਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ।
Sikh was beaten in MP
ਮੱਧ ਪ੍ਰਦੇਸ਼ ਦੇ ਸਿੱਖਾਂ 'ਤੇ ਪੁਲਿਸ ਵੱਲੋਂ ਕੀਤੇ ਗਏ ਜ਼ਾਲਮਾਨਾ ਹਮਲੇ ਦੀ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਮੱਧ ਪ੍ਰਦੇਸ਼ ਪ੍ਰਸ਼ਾਸਨ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰੰਘ ਸਿਰਸਾ ਨੇ ਟਵੀਟ ਵੀ ਕੀਤਾ ਹੈ।
Sikh was beaten in MP
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੱਧ ਪ੍ਰਦੇਸ਼ ਦੇ ਸਿੱਖਾਂ ਨਾਲ ਅਜਿਹਾ ਵਰਤਾਅ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਮੱਧ ਪ੍ਰਦੇਸ਼ ਦੇ ਸਿੱਖਾਂ ਨਾਲ ਅਜਿਹੇ ਜ਼ੁਲਮ ਹੋ ਚੁੱਕੇ ਹਨ। ਕੁੱਝ ਸਮਾਂ ਪਹਿਲਾਂ ਉਥੇ ਨਾਜਾਇਜ਼ ਕਬਜ਼ਿਆਂ ਦਾ ਦੋਸ਼ ਲਗਾ ਕੇ ਸਿੱਖਾਂ ਦੇ ਘਰ ਤੱਕ ਢਾਹ ਦਿੱਤੇ ਗਏ ਸਨ। ਹੁਣ ਫਿਰ ਮੱਧ ਪ੍ਰਦੇਸ਼ ਦੀ ਇਸ ਜ਼ਾਲਮਾਨਾ ਕਾਰਵਾਈ 'ਤੇ ਸਿੱਖਾਂ ਦਾ ਗੁੱਸਾ ਭੜਕ ਰਿਹਾ ਹੈ ਅਤੇ ਸਥਾਨਕ ਸਿੱਖਾਂ ਨੂੰ ਇਨਸਾਫ਼ ਦੁਆਉਣ ਦੀ ਮੰਗ ਕੀਤੀ ਜਾ ਰਹੀ ਹੈ।
ਦੇਖੋ ਵੀਡੀਓ: