
ਉਨ੍ਹਾਂ ਸਪੱਸ਼ਟ ਕਿਹਾ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ |
ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ (ਸੁਖੂ) : ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਵਿਵਾਦਤ ਮਾਮਲਿਆਂ ਨੂੰ ਦਿਲ ਖੋਲ੍ਹ ਕੇ ਇਮਾਨਦਾਰੀ ਨਾਲ ਨਜਿੱਠਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਸਿਆਸੀ ਪਲੇਟਫ਼ਾਰਮ ਨਹੀਂ ਉਸਾਰਨੇ ਚਾਹੀਦੇ | ਇਤਿਹਾਸ ਤੋਂ ਸਬਕ ਨਾ ਸਿੱਖਣ ਵਾਲੇ ਇਤਿਹਾਸ ਦੁਹਰਾਏ ਜਾਣ ਦੀ ਸਜ਼ਾ ਝੱਲਦੇ ਹਨ | ਐਸਵਾਈਐਲ ਨਹਿਰ ਬਾਰੇ ਜੋ ਰੁੱਖ ਅਖ਼ਤਿਆਰ ਹੋ ਰਹੇ ਹਨ ਉਹ ਲਾਹੇਵੰਦ ਨਹੀਂ ਹਨ | ਉਨ੍ਹਾਂ ਕਿਹਾ ਕਿ ਹੁਣ ਸੁਪ੍ਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਪੰਜਾਬ ਵਿਚਲੀ ਜ਼ਮੀਨ ਦੇ ਹਿੱਸੇ ਦਾ ਸਰਵੇਖਣ ਕਰਨ ਲਈ ਕਿਹਾ ਹੈ | ਪਰ ਪੰਜਾਬ ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਹੈ ਕਿ ਇਸ ਵੇਲੇ ਸੂਬੇ ਵਿਚ ਨਹਿਰ ਲਈ ਨਾ ਤਾਂ ਜ਼ਮੀਨ ਹੈ ਅਤੇ ਨਾ ਹੀ ਪਾਣੀ | ਇਸ ਸਬੰਧ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਇਕਮਤ ਹਨ ਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ | ਉਨ੍ਹਾਂ ਸਪੱਸ਼ਟ ਕਿਹਾ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ |
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪੈ੍ਰਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕੋਈ ਵੀ ਨਿਰਮਾਣ ਕਾਰਜ ਸਿਆਸੀ ਤੇ ਇਤਿਹਾਸਕ ਸਥਿਤੀਆਂ ਨਾਲ ਜੁੜਿਆ ਹੁੰਦਾ ਹੈ | ਐਸਵਾਈਐਲ ਦੇ ਮਾਮਲੇ ਨੂੰ ਵੀ ਇਸੇ ਤਰ੍ਹਾਂ ਵਿਚਾਰਨ ਦੀ ਲੋੜ ਹੈ | 1966 ਵਿਚ ਪੰਜਾਬ ਦੀ ਵੰਡ, ਵਿਵਾਦਿਤ ਮਾਮਲਿਆਂ ਨੂੰ ਪੂਰੀ ਤਰ੍ਹਾਂ ਨਾ ਸੁਲਝਾਏ ਜਾਣਾ, ਚੰਡੀਗੜ੍ਹ ਪੰਜਾਬ ਨੂੰ ਨਾ ਮਿਲਣਾ, ਪੰਜਾਬੀ ਬੋਲਣ ਵਾਲੇ ਇਲਾਕਿਆਂ ਦਾ ਪੰਜਾਬ ਤੋਂ ਬਾਹਰ ਰਹਿ ਜਾਣਾ, ਐਸਵਾਈਐਲ ਬਣਾਉਣ ਦਾ ਐਲਾਨ ਆਦਿ ਅਪਣੇ ਸਮਿਆਂ ਦੀਆਂ ਸਿਆਸੀ ਹਾਲਾਤ ਨਾਲ ਜੁੜੇ ਹੋਏ ਮੁੱਦੇ ਹਨ | ਉਨ੍ਹਾਂ ਕਿਹਾ ਜਿਨ੍ਹਾਂ ਸਿਆਸੀ ਸਥਿਤੀਆਂ ਵਿਚ ਐਸਐਲਵਾਈ ਬਣਾਉਣ ਦਾ ਐਲਾਨ ਹੋਇਆ ਸੀ, ਉਹ ਹੁਣ ਬਦਲ ਚੁੱਕੀਆਂ ਹਨ | ਇਹ ਨਹਿਰ ਬਣਾਉਣ ਦੀ ਕੋਸ਼ਿਸ਼ ਨੇ ਪੰਜਾਬ ਨੂੰ 1980ਵਿਆਂ ਦੇ ਦੁਖਾਂਤ ਵਿਚ ਧੱਕਿਆ | ਉਨ੍ਹਾਂ ਕਿਹਾ ਅਜਿਹੀਆਂ ਸਥਿਤੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ ਜੋ ਅਤੀਤ ਵਿਚ ਹੋਏ ਜ਼ਖ਼ਮਾਂ ਨੂੰ ਮੁੜ ਹਰਿਆ ਕਰ ਦੇਣ |
ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਇਸ ਸਬੰਧ ਵਿਚ ਕਾਨੂੰਨੀ ਮਾਨਤਾਵਾਂ ਨਾਲੋਂ ਇਤਿਹਾਸਕ ਪ੍ਰਸੰਗ ਵਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਮਸਲਾ 1980ਵਿਆਂ ਵਿਚ ਵੱਡੇ ਵਿਵਾਦ ਦਾ ਕਾਰਨ ਬਣਿਆ | ਸ਼੍ਰੋਮਣੀ ਅਕਾਲੀ ਦਲ ਅਤੇ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਪਾਣੀਆਂ ਲਈ ਮੋਰਚਾ ਲਗਾਇਆ ਜੋ ਬਾਅਦ ਵਿਚ ਧਰਮ ਯੁੱਧ ਵਿਚ ਤਬਦੀਲ ਹੋ ਗਿਆ | ਉਸ ਤੋਂ ਬਾਅਦ ਪੰਜਾਬ ਵੱਡੇ ਦੁਖਾਂਤਕ ਦੌਰ 'ਚੋਂ ਗੁਜ਼ਰਿਆ | ਇਸ ਤਰ੍ਹਾਂ ਨਹਿਰੀ ਪਾਣੀਆਂ ਦੀ ਵੰਡ ਦਾ ਮਸਲਾ ਵੱਡੇ ਇਤਿਹਾਸਕ ਦੁਖਾਂਤ ਨਾਲ ਜੁੜਿਆ ਹੋਇਆ ਹੈ |