
ਅੱਜ ਡਾ. ਐਸ.ਪੀ ਸਿੰਘ ਓਬਰਾਏ ਕਰਨਗੇ ਸੰਗਤਾਂ ਦੇ ਸਪੁਰਦ
ਫ਼ਿਰੋਜ਼ਪੁਰ (ਪ੍ਰੇਮ ਨਾਥ ਸ਼ਰਮਾ): ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਸਾਥੀ ਰਹੇ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਲਾਟ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ 7 ਨਵੰਬਰ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਲਈ ਸੰਗਤਾਂ ਦੇ ਸਪੁਰਦ ਕਰਨ ਜਾ ਰਹੇ ਹਨ। ਇਸ ਇਤਿਹਾਸਕ ਲਾਟ ਦੇ ਨਿਰਮਾਣ ਵਿਚ ਡਾ. ਐਸਪੀ ਸਿੰਘ ਓਬਰਾਏ ਦਾ ਵੱਡਾ ਯੋਗਦਾਨ ਹੈ। ਇਸ ਲਾਟ ਤੇ ਭਾਈ ਮਰਦਾਨਾ ਜੀ ਸਮੇਤ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਰਾਗੀ ਰਬਾਬੀ ਭਾਈ ਸੱਤਾ ਜੀ, ਰਬਾਬੀ ਭਾਈ ਬਲਵੰਦ, ਰਬਾਬੀ ਭਾਈ ਬਾਬਕ ਜੀ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਹਨ।
photo
ਸਮੁੱਚੀ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਇਸ ਯਾਦਗਾਰੀ ਲਾਟ ਦੇ ਨਿਰਮਾਣ ਵਿਚ ਫ਼ਿਰੋਜ਼ਪੁਰ ਦੀ ਭਾਈ ਮਰਦਾਨਾ ਜੀ ਕੀਰਤਨ ਸੇਵਾ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਅਤੇ ਮੈਂਬਰਾਂ ਦਾ ਵੀ ਯੋਗਦਾਨ ਹੈ। ਜੇਕਰ ਡਾ. ਓਬਰਾਏ ਗੱਲ ਕੀਤੀ ਜਾਵੇ ਤਾਂ ਡਾ. ਓਬਰਾਏ ਦਾ ਨਾਮ ਹੁਣ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ।
ਦੁਨੀਆਂ ਦੇ ਚੋਟੀ ਦੇ ਉਦਯੋਗਪਤੀਆਂ ਵਿਚ ਉਨ੍ਹਾਂ ਦਾ ਨਾਮ ਆਉਂਦਾ ਹੈ। ਇਸ ਨਾਲ ਹੀ ਉਹ ਸਮਾਜ ਸੇਵੀ ਵੀ ਹਨ ਜੋ ਅਪਣੀ ਕਮਾਈ ਵਿਚੋਂ 98 ਫ਼ੀ ਸਦੀ ਹਿੱਸਾ ਜੋ ਕਰੋੜਾਂ ਵਿਚ ਬਣਦਾ ਹੈ ਹਰ ਮਹੀਨੇ ਲੋੜਵੰਦ ਅਤੇ ਗ਼ਰੀਬ ਲੋਕਾਂ ਤੇ ਖ਼ਰਚ ਕਰਦੇ ਹਨ। ਦਿੱਲੀ ਦੇ ਵੱਖ ਵੱਖ ਬਾਰਡਰਾਂ ਉਪਰ ਜਿਥੇ ਖੇਤੀਬਾੜੀ ਆਧਾਰਤ ਬਣੇ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਕਿਸਾਨਾਂ ਦੀ ਸਹੂਲਤ ਲਈ ਉਨ੍ਹਾਂ ਵਲੋਂ ਰਿਹਾਇਸ਼, ਲੰਗਰ, ਦਵਾਈਆਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਦਾ ਵੀ ਮੁਫ਼ਤ ਪ੍ਰਬੰਧ ਕੀਤਾ ਹੋਇਆ ਹੈ।
Dr .S.P. Singh Oberoi
ਉਨ੍ਹਾਂ ਵਲੋਂ ਜ਼ਿਲ੍ਹਾ ਵਾਰ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ। ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ 21 ਮੈਂਬਰੀ ਟੀਮ ਕੰਮ ਕਰ ਰਹੀ ਹੈ ਤੇ ਹਰਜਿੰਦਰ ਸਿੰਘ ਕਤਨਾ ਟੀਮ ਦੇ ਪ੍ਰਧਾਨ ਹਨ। ਇਸ ਤੋਂ ਇਲਾਵਾ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਉਪ ਪ੍ਰਧਾਨ ਸੰਜੀਵ ਬਜਾਜ ਸਕੱਤਰ, ਨਰਿੰਦਰ ਬੇਰੀ ਕੈਸ਼ੀਅਰ ਸਮੇਤ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਵਜੋਂ ਟੀਮ ਵਿਚ ਸੇਵਾ ਨਿਭਾਅ ਰਹੇ ਹਨ।