ਜਿਹੜੇ ਫਾਂਸੀ ਉਤੇ ਖੜ੍ਹੇ ਸਿੰਘਾਂ ਨਾਲ ਵੀ ਸਾਜ਼ਸ਼ਾਂ ਕਰਨਗੇ, ਇਤਿਹਾਸ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ: ਕਮਲਦੀਪ ਕੌਰ ਰਾਜੋਆਣਾ
Panthak News: ਬਲਵੰਤ ਸਿੰਘ ਰਾਜੋਆਣਾ ਦੀ ਜੇਲ ਵਿਚ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਮੁੜ ਸਵਾਲ ਕੀਤਾ ਹੈ। ਇਕ ਪੋਸਟ ਸਾਂਝੀ ਕਰਦਿਆਂ ਬੀਬੀ ਕਿਰਨਜੋਤ ਨੇ ਕਿਹਾ, “ਭੈਣ ਮੇਰੇ ’ਤੇ ਕਾਹਦਾ ਗੁੱਸਾ? ਜਿਨ੍ਹਾਂ ਦੀ ਸਰਕਾਰ ’ਤੇ ਗੁੱਸਾ ਹੈ ਉਨ੍ਹਾਂ ਦੀ ਟਿਕਟ ਉਤੇ ਸਰਕਾਰ ਵਿਚ ਵੜਨ ਲਈ ਤੁਸੀਂ ਸੰਗਰੂਰ ਤੋਂ ਚੋਣ ਲੜੀ ਸੀ। ਮੈਂ ਨਾ ਕਦੀ ਸਰਕਾਰ ਦਾ ਹਿੱਸਾ ਸੀ ਤੇ ਨਾ ਹੀ ਕਦੀ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਸ਼੍ਰੋਮਣੀ ਕਮੇਟੀ ਦੀ ਮੈਂਬਰ ਹਾਂ, ਜੋ ਸਿੰਘਾਂ ਦੀ ਮਦਦ ਕਰਦੀ ਹੈ। ਘੱਟੋ ਘੱਟ ਜਿਸ ਥਾਲ ਵਿਚ ਖਾਈਏ ਉਸੇ ਵਿਚ ਮੋਰੀ ਨਾ ਕਰੀਏ”।
ਜਿਹੜੇ ਫਾਂਸੀ ਉਤੇ ਖੜ੍ਹੇ ਸਿੰਘਾਂ ਨਾਲ ਵੀ ਸਾਜ਼ਸ਼ਾਂ ਕਰਨਗੇ, ਇਤਿਹਾਸ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ: ਕਮਲਦੀਪ ਕੌਰ ਰਾਜੋਆਣਾ
ਰੋਜ਼ਾਨਾ ਸਪੋਕਸਮੈਨ ’ਤੇ ਕਿਰਨਜੀਤ ਕੌਰ ਨੂੰ ਜਵਾਬ ਦਿੰਦਿਆਂ ਕਮਲਦੀਪ ਰਾਜੋਆਣਾ ਨੇ ਕਿਹਾ ਕਿ ਜਦੋਂ ਵੀ ਭਾਈ ਰਾਜੋਆਣਾ ਭੁੱਖ ਹੜਤਾਲ ਜਾਂ ਅਪਣੇ ਮਸਲੇ ਦਾ ਹੱਲ ਕੱਢਣ ਲਈ ਕੋਸ਼ਿਸ਼ ਕਰਦੇ ਹਨ ਤਾਂ ਨਾਲ ਹੀ ਸਾਜ਼ਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀਬੀ ਕਿਰਨਜੋਤ ਵੀ ਉਸੇ ਸਾਜ਼ਸ਼ ਦਾ ਹਿੱਸਾ ਹਨ। ਇਨ੍ਹਾਂ ਸਾਜ਼ਸ਼ਾਂ ਲਈ ਅਸੀਂ ਪਹਿਲਾਂ ਹੀ ਤਿਆਰ ਰਹਿੰਦੇ ਹਾਂ। ਕਮਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਾਰਿਆਂ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਬੰਦੀ ਸਿੰਘਾਂ ਦੇ ਸੰਵੇਦਨਸ਼ੀਲ ਮਸਲੇ ਉਤੇ ਸਿਆਸਤ ਨਾ ਕੀਤੀ ਜਾਵੇ। ਇਸ ਨੂੰ ਸੁਹਿਰਦਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਸੰਗਰੂਰ ਤੋਂ ਚੋਣ ਲੜਨ ਸਬੰਧੀ ਕਮਲਦੀਪ ਰਾਜੋਆਣਾ ਨੇ ਕਿਹਾ ਕਿ ਨਾ ਤਾਂ ਮੈਂ ਸਿਆਸੀ ਆਗੂ ਹਾਂ ਅਤੇ ਨਾ ਹੀ ਸਿਆਸਤ ਲਈ ਚੋਣ ਲੜੀ ਸੀ। ਉਨ੍ਹਾਂ ਨੇ ਸਿਰਫ਼ ਬੰਦੀ ਸਿੰਘਾਂ ਲਈ ਚੋਣ ਲੜੀ ਸੀ। ਉਨ੍ਹਾਂ ਕਿਹਾ ਕਿ ਬੀਬੀ ਕਿਰਨਜੋਤ ਚਾਹੁੰਦੇ ਹਨ ਕਿ ਇਸ ਸੰਵੇਦਨਸ਼ੀਲ ਮੁੱਦੇ ਉਤੇ ਗੱਲ ਨਾ ਹੋਵੇ। ਜਿਹੜੇ ਫਾਂਸੀ ਉਤੇ ਖੜ੍ਹੇ ਸਿੰਘਾਂ ਨਾਲ ਵੀ ਸਾਜ਼ਸ਼ਾਂ ਕਰਨਗੇ, ਇਤਿਹਾਸ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਇਸ ਪਰਿਵਾਰ ’ਤੇ ਤਾਂ ਪਹਿਲਾਂ ਵੀ ਇਤਿਹਾਸ ਨੇ ਬਹੁਤ ਸਵਾਲ ਖੜ੍ਹੇ ਕੀਤੇ ਹਨ।
(For more news apart from Bibi Kiranjot Kaur's reply to Kamaldeep Kaur Rajoana, stay tuned to Rozana Spokesman)