
ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਪਟਨਾ ਵਿਚ ਹੋਣਾ, ਬਿਹਾਰ ਵਾਸੀਆਂ ਲਈ ਮਾਣ ਦੀ ਗੱਲ ਹੈ......
ਪਟਨਾ : ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਪਟਨਾ ਵਿਚ ਹੋਣਾ, ਬਿਹਾਰ ਵਾਸੀਆਂ ਲਈ ਮਾਣ ਦੀ ਗੱਲ ਹੈ। 350ਵੇਂ ਪ੍ਰਕਾਸ਼ ਉਤਸਵ ਅਤੇ ਸ਼ੁਕਰਾਨਾ ਸਮਾਰੋਹ ਦੌਰਾਨ ਬਿਹਾਰ ਸਰਕਾਰ ਅਤੇ ਪਟਨਾ ਸਾਹਿਬ ਸਮੇਤ ਪੂਰੇ ਬਿਹਾਰ ਦੇ ਲੋਕਾਂ ਨੇ ਸੰਗਤਾਂ ਦੀ ਖੁਲ੍ਹਦਿਲੀ ਆਉ ਭਗਤ ਕੀਤੀ। ਹੁਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦੇ ਹੋਏ ਪਟਨਾ ਸਰਕਾਰ ਨੇ ਪਹਿਲਕਦਮੀ ਕਰਦੇ ਹੋਏ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਭਾਵੇਂ ਭਾਰਤ ਸਰਕਾਰ ਵਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕੁੱਝ ਸੂਬਿਆਂ ਵਿਚ ਪਹਿਲਾਂ ਹੀ ਛੁੱਟੀ ਐਲਾਨੀ ਹੋਈ ਹੈ
ਪਰ ਬਾਵਜੂਦ ਇਸ ਦੇ ਪਟਨਾ ਸਰਕਾਰ ਨੇ ਇਸ ਪਵਿੱਤਰ ਦਿਹਾੜੇ ਮੌਕੇ ਸੂਬੇ ਭਰ ਵਿਚ ਛੁੱਟੀ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ 2019 ਵਿਚ ਕਾਰਤਿਕ ਪੁੰਨਿਆ 'ਤੇ ਸਿੱਖ ਪੰਥ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਸ ਮੌਕੇ ਸਰਕਾਰੀ ਤੌਰ 'ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਨਿਤੀਸ਼ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਰਾਜਗੀਰ ਵਿਚ ਯਾਤਰਾ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਅਪਣੀ ਯਾਤਰਾ ਦੌਰਾਨ ਗਰਮ ਕੁੰਡ ਨੂੰ ਅਪਣੇ ਯਸ਼ (ਪ੍ਰਸਿੱਧੀ) ਨਾਲ ਸ਼ੀਤਲ ਕੀਤਾ, ਜਿਸ ਨੂੰ ਗੁਰੂ ਨਾਨਕ ਸ਼ੀਤਲ ਕੁੰਡ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਜੌਲੀ ਤੋਂ ਭਾਗਲਪੁਰ ਜਾਣ ਸਮੇਂ ਗੁਰੂ ਨਾਨਕ ਦੇਵ ਜੀ ਰਾਜਗੀਰ ਵਿਚ ਰੁਕੇ ਸਨ। (ਪੀ.ਟੀ.ਆਈ)